ਲੇਖਕ : ਰਾਵਿੰਦਰ ਫਫੜੇ, ਸੰਪਰਕ: 98156-80980
ਉਸ ਦਿਨ ਘਰ ਦੀ ਛੱਤ ਪੈਣੀ ਸੀ। ਤਕਰੀਬਨ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਮਿਸਤਰੀ ਕਹਿੰਦਾ, “ਗੁਆਂਢੀ ਨੂੰ ਪੁੱਛ ਲਵੋ, ਇਨ੍ਹਾਂ ਦੇ ਵਿਹੜੇ ਵਿੱਚ ਮਸਾਲਾ (ਸੀਮਿੰਟ, ਬਜਰੀ, ਬਰੇਤੀ ਦਾ ਮਿਸ਼ਰਨ) ਰਲਾਉਣ ਵਾਲੀ ਮਸ਼ੀਨ ਆਪਣੀ ਛੱਤ ਦੇ ਬਿਲਕੁਲ ਨਾਲ ਲੱਗ ਜਾਵੇਗੀ, ਦੋ ਘੰਟਿਆਂ ’ਚ ਕੰਮ ਨਿਬੜ ਜਾਵੇਗਾ। ਹੱਥੀਂ ਤੰਗ ਹੋਵਾਂਗੇ, ਨਾਲੇ ਸਮਾਂ ਵੱਧ ਲੱਗੂ।” ਮੈਂ ਕਿਹਾ, “ਤੂੰ ਮਸ਼ੀਨ ਮੰਗਵਾ ਲੈ, ਮੈਂ ਇਨ੍ਹਾਂ ਨੂੰ ਕਹਿ ਦਿੰਨਾ।” ਗੁਆਂਢੀ ਹੋਣ ਨਾਤੇ ਅਤੇ ਸਾਡਾ ਆਪਸ ਵਿੱਚ ਕੋਈ ਗਿਲਾ-ਸ਼ਿਕਵਾ ਵੀ ਨਾ ਹੋਣ ਕਾਰਨ ਮੈਨੂੰ ਭਰੋਸਾ ਸੀ ਕਿ ਉਨ੍ਹਾਂ ਨਾਂਹ ਨਹੀਂ ਕਰਨੀ। ਜਦੋਂ ਮਸ਼ੀਨ ਲਾਉਣ ਬਾਰੇ ਗੁਆਂਢੀ ਨਾਲ ਗੱਲ ਕੀਤੀ ਤਾਂ ਉਸ ਦਾ ਉੱਤਰ ਅਣਕਿਆਸਿਆ ਸੀ, “ਇਸ ਤਰ੍ਹਾਂ ਠੀਕ ਨੀ ਆਉਣਾ, ਵਿਹੜੇ ਵਿੱਚ ਗੰਦ ਪਵੇਗਾ।” ਮੈਂ ਸਮਝਾਇਆ, “ਦੋ ਘੰਟਿਆਂ ਦੀ ਸਾਰੀ ਗੱਲ ਐ, ਛੱਤ ਪੈਣ ਤੋਂ ਬਾਅਦ ਮੈਂ ਮਜ਼ਦੂਰ ਲਾ ਕੇ ਸਫਾਈ ਕਰਵਾ ਦੇਵਾਂਗਾ” ਪਰ ਉਹ ਸਾਫ ਇਨਕਾਰ ਕਰ ਗਿਆ।
ਨਿੰਮੋਝੂਣਾ ਹੋਇਆ ਵਾਪਸ ਆਇਆ ਤਾਂ ਇਨਕਾਰ ਵਾਲੀ ਗੱਲ ਸੁਣ ਕੇ ਮਿਸਤਰੀ ਬੋਲਿਆ, “ਕਮਾਲ ਦਾ ਬੰਦਾ! ਇਹੋ ਜਿਹੇ ਕੰਮ ’ਚ ਤਾਂ ਬੰਦਾ ਊਈਂ ਨੀ ਜਵਾਬ ਦਿੰਦਾ, ਨਾਲੇ ਆਪਾਂ ਤਾਂ ਸਾਂਝੀ ਕੰਧ ਕੱਢਦਿਆਂ ਵੀ ਜੋ ਨਿੱਕ-ਸੁੱਕ ਉਨ੍ਹਾਂ ਵੱਲ ਡਿੱਗਦਾ ਸੀ, ਨਾਲ ਦੀ ਨਾਲ ਸਫਾਈ ਕਰਵਾ ਦਿੰਦੇ ਸੀ।”… ਚੱਲੋ ਛੱਤ ਤਾਂ ਪਾਉਣੀ ਸੀ, ਹੋਰ ਕਿਤੇ ਮਸ਼ੀਨ ਸਹੀ ਨਹੀਂ ਸੀ ਲੱਗਦੀ, ਇਸ ਲਈ ਮਜ਼ਦੂਰਾਂ ਨੇ ਹੱਥੀਂ ਮਸਾਲਾ ਰਲਾ ਕੇ ਕੰਮ ਚਲਾ ਲਿਆ। ਮਨ ਸਾਰਾ ਦਿਨ ਬੇਚੈਨ ਰਿਹਾ। ਸਾਰੇ ਦਿਨ ਦੀ ਥਕਾਵਟ ਹੋਣ ਦੇ ਬਾਵਜੂਦ ਰਾਤ ਨੂੰ ਵੀ ਨੀਂਦ ਨਹੀਂ ਆ ਰਹੀ ਸੀ। ਗੁਆਂਢੀਆਂ ਨਾਲ ਸਬੰਧਿਤ ਪੁਰਾਣੀ ਗੱਲ ਵਾਰ-ਵਾਰ ਯਾਦ ਆ ਰਹੀ ਸੀ।…
ਮੇਰੇ ਵਿਆਹ ਤੋਂ ਮਹੀਨਾ ਬਾਅਦ ਪਿਤਾ ਜੀ ਦੀ ਮੌਤ ਹੋ ਗਈ, ਕੁਝ ਮਹੀਨਿਆਂ ਬਾਅਦ ਭਰਾ ਅਲੱਗ ਹੋ ਗਿਆ। ਕਬੀਲਦਾਰੀ ਤੋਂ ਅਨਜਾਣ ਇਸ ਦੇ ਦੋਹਰੇ ਜਾਲ ’ਚ ਫਸ ਗਿਆ ਸਾਂ। ਹਰ ਦਿਨ ਕਿਸੇ ਨਾ ਕਿਸੇ ਨਵੀਂ ਪ੍ਰੇਸ਼ਾਨੀ ਦਾ ਸਾਹਮਣਾ ਹੋ ਜਾਂਦਾ।… ਠੰਢ ਦੇ ਦਿਨ ਸਨ। ਦਰਵਾਜ਼ੇ ਮੂਹਰੇ ਖੜ੍ਹੇ ਨੂੰ ਮੁਲਾਜ਼ਮ ਬਿਜਲੀ ਦਾ ਬਿੱਲ ਦੇ ਗਿਆ। ਤਿੰਨ ਸੌ ਰੁਪਏ ਦਾ ਸੀ। ਕਬੀਲਦਾਰ ਜੋ ਬਣ ਗਿਆ ਸਾਂ, ਇਸ ਲਈ ਯੂਨਿਟਾਂ ਦੀ ਖਪਤ ਆਦਿ ਦਾ ਮਿਲਾਨ ਕਰਨ ਲੱਗ ਪਿਆ। ਖਪਤ ਦੀ ਥਾਂ ਔਸਤ ਆਧਾਰ ’ਤੇ ਬਿਲ ਬਣਿਆ ਹੋਇਆ ਸੀ। ਕਾਰਨ ਬਾਰੇ ਸੋਚਦਾ ਮੀਟਰ ਅੱਗੇ ਜਾ ਖੜ੍ਹਾ ਹੋਇਆ… ਮੀਟਰ ਦਾ ਚੱਕਰ ਸਹੀ ਘੁੰਮ ਰਿਹਾ ਸੀ। ਸਵੇਰੇ ਫਿਰ ਦੇਖਦਾਂ, ਮੀਟਰ ਦਾ ਚੱਕਰ ਆਪਣੀ ਯਾਤਰਾ ਉਸੇ ਗਤੀ ਨਾਲ ਕਰ ਰਿਹਾ ਸੀ ਪਰ ਯੂਨਿਟਾਂ ਦੀ ਖਪਤ ਕੱਲ੍ਹ ਵਾਲੀ ਹੀ ਸੀ। ਮੀਟਰ ਖਰਾਬ ਸੀ।
ਸ਼ਹਿਰ ਬਿਜਲੀ ਦਫਤਰ ਬਿੱਲ ਭਰਨ ਗਿਆ ਤਾਂ ਆਪਣੇ ਜਾਣਕਾਰ ਜੇਈ ਨੂੰ ਪੂਰੀ ਗੱਲ ਦੱਸੀ ਅਤੇ ਇਸ ਦਾ ਹੱਲ ਪੁੱਛਿਆ। ਉਹਨੇ ਕਿਹਾ, “ਜਲਦੀ ਮੀਟਰ ਬਦਲਣ ਦੀ ਅਰਜ਼ੀ ਦੇ ਦਿਓ, ਅਗਰ ਮਹਿਕਮੇ ਦੀ ਚੈਕਿੰਗ ਹੋ ਗਈ ਤਾਂ ਜੁਰਮਾਨਾ ਪੈ ਸਕਦਾ।” ਦੋ ਦਿਨਾਂ ਬਾਅਦ ਬਾਹਰੋਂ ਘਰ ਆਇਆ ਤਾਂ ਮਾਂ ਨੇ ਦੱਸਿਆ, “ਆਪਣਾ ਮੀਟਰ ਨਵਾਂ ਲਾ ਗਏ।” ਹੈਰਾਨੀ ਤੇ ਨਾਲ ਹੀ ਪ੍ਰੇਸ਼ਾਨੀ ਦੀ ਹੱਦ ਨਾ ਰਹੀ। ਸੋਚ ਰਿਹਾ ਸਾਂ, ਮੈਂ ਤਾਂ ਅਜੇ ਅਰਜ਼ੀ ਦਿੱਤੀ ਵੀ ਨਹੀਂ! ਕਿਤੇ ਜੇਈ ਵਾਲੀ ਗੱਲ ਸੱਚ ਤਾਂ ਨਹੀਂ ਹੋ ਗਈ?
ਅਗਲੇ ਦਿਨ ਫਿਰ ਜੇਈ ਨੂੰ ਮਿਿਲਆ। ਉਹਨੇ ਆਪਣੇ ਤਜਰਬੇ ਅਤੇ ਮਹਿਕਮੇ ਦੇ ਕੰਮ-ਕਾਰ ਦੇ ਤਰੀਕੇ ਦੇ ਆਧਾਰ ’ਤੇ ਅਨੁਮਾਨ ਲਾਇਆ, “ਤੁਸੀਂ ਪਹਿਲਾਂ ਕੋਈ ਅਰਜ਼ੀ ਦਿੱਤੀ ਹੋਵੇਗੀ?” ਨਵੀਂ ਕਬੀਲਦਾਰੀ ਸਿਰ ਪੈਣ ਦੀ ਗੱਲ ਦੱਸਦਿਆਂ ਮੈਂ ਕਿਹਾ, “ਸਾਲ ਪਹਿਲਾਂ ਤੱਕ ਤਾਂ ਮੈਂ ਕੋਈ ਅਰਜ਼ੀ ਨਹੀਂ ਦਿੱਤੀ, ਉਸ ਤੋਂ ਪਹਿਲਾਂ ਦਾ ਪਤਾ ਨਹੀਂ।” ਉਸ ਕਿਹਾ, “ਪਹਿਲਾਂ ਅਰਜ਼ੀ ਦਿਤੀ ਹੋਵੇਗੀ, ਸਰਕਾਰੀ ਕੰਮਾਂ ਦਾ ਜੇ ਮਗਰਾ ਨਾ ਕਰੀਏ ਤਾਂ ਕਿੰਨਾ ਵੀ ਸਮਾਂ ਲੱਗ ਸਕਦਾ।” ਨਾਲ ਹੀ ਉਸ ਨੇ ਤਾਕੀਦ ਕੀਤੀ ਕਿ ਹੁਣ ਨਵਾਂ ਬਿੱਲ ਆਉਣ ਤੱਕ ਬਿਜਲੀ ਦੀ ਖਪਤ ਘੱਟੋ-ਘੱਟ ਕਰੋ, ਜੇਕਰ ਇਸ ਵਾਰ ਖਪਤ ਪਿਛਲੀ ਔਸਤ ਨਾਲੋਂ ਵੱਧ ਹੋਈ ਤਾਂ ਬਕਾਇਆ ਪੈ ਜਾਵੇਗਾ। ਮੈਂ ਘਰ ਆ ਕੇ ਮਾਂ ਅਤੇ ਪਤਨੀ ਨਾਲ ਗੱਲ ਸਾਂਝੀ ਕੀਤੀ ਤੇ ਅਸੀਂ ਬਿਜਲੀ ਸੰਕੋਚ ਨਾਲ ਵਰਤਣ ਲੱਗੇ।
ਅਜੇ ਪੰਦਰਾਂ-ਵੀਹ ਦਿਨ ਗੁਜ਼ਰੇ ਸਨ ਕਿ ਉਸੇ ਗੁਆਂਢੀ ਦਾ ਪਿਤਾ ਘਰ ਆਇਆ ਅਤੇ ਕਹਿਣ ਲੱਗਾ, “ਤੁਹਾਨੂੰ ਪਤਾ ਹੀ ਹੈ ਆਪਣੇ ਵਿਆਹ ਦਾ, ਕੱਲ੍ਹ ਨੂੰ ਕੜਾਹੀ ਚੜ੍ਹਨੀ ਹੈ, ਹਾਜ਼ਰੀ ਲਵਾਇਓ… ਤੇ ਜੇਕਰ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਕੜਾਹੀ ਤੁਹਾਡੇ ਦਰਵਾਜ਼ੇ ’ਚ ਚੜ੍ਹਾ ਲਈਏ?” ਮੈਂ ਇਨਕਾਰ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਜਿੱਥੇ ਕੜਾਹੀ ਚੜ੍ਹਾਉਣ ਨੂੰ ਕਹਿ ਰਿਹਾ ਸੀ, ਉਥੇ ਮੇਰੇ ਸਭ ਤੋਂ ਵੱਡੇ ਭਰਾ ਦੇ ਵਿਆਹ ਸਮੇਂ ਤੋਂ ਪੱਕੀਆਂ ਭੱਠੀਆਂ ਬਣੀਆਂ ਸਨ ਜੋ ਅਸੀਂ ਵਿਆਹ ਤੋਂ ਬਾਅਦ ਮਿੱਟੀ ਪਾ ਕੇ ਬੰਦ ਕਰ ਦਿੰਦੇ ਸਾਂ ਅਤੇ ਲੋੜ ਪੈਣ ’ਤੇ ਦੁਬਾਰਾ ਖੋਲ੍ਹ ਲੈਂਦੇ ਸਾਂ। ਜਿਸ ਥਾਂ ਇਹ ਭੱਠੀਆਂ ਸਨ, ਉਹ ਹਵੇਲੀ ਦੇ ਮੁੱਖ ਦਰਵਾਜ਼ੇ ਦੇ ਖੱਬੇ ਹੱਥ ਸੀ ਅਤੇ ਉਸ ਤੋਂ ਅੱਗੇ ਪਸ਼ੂਆਂ ਤੇ ਤੂੜੀ ਵਾਲੀ ਸਬਾਤ ਸੀ। ਹੋਰ ਕੋਈ ਰੋਸ਼ਨਦਾਨ ਜਾਂ ਬਾਰੀ ਨਾ ਹੋਣ ਕਾਰਨ ਰੋਸ਼ਨੀ ਦੀ ਕਮੀ ਸੀ ਅਤੇ ਦਿਨ ਵੇਲੇ ਵੀ ਬਲਬ ਜਗਾਉਣ ਦੀ ਜ਼ਰੂਰਤ ਪੈਂਦੀ ਸੀ। ਇਉਂ ਦੋ-ਤਿੰਨ ਦਿਨ ਬਿਜਲੀ ਦੀ ਖਪਤ ਵੱਧ ਹੋਣੀ ਸੀ ਪਰ ਮੈਂ ਗੁਆਂਢੀ ਹੋਣ ਦੇ ਨਾਤੇ ਇਨਕਾਰ ਨਾ ਕਰ ਸਕਿਆ। ਉਸੇ ਦਿਨ ਸ਼ਾਮ ਨੂੰ ਭੱਠੀਆਂ ਖੋਲ੍ਹ ਦਿੱਤੀਆਂ ਗਈਆਂ ਅਤੇ ਦੂਜੇ ਦਿਨ ਸਾਝਰੇ ਕੜਾਹੀ ਚੜ੍ਹ ਗਈ।
ਸ਼ਾਮ ਨੂੰ ਮੈਂ ਪਿੰਡ ਵਿੱਚ ਕਿਸੇ ਕੰਮ ਗਿਆ ਅਤੇ ਵਾਪਸ ਆਉਣ ’ਤੇ ਦਰਵਾਜ਼ੇ ਵਾਲਾ ਮੰਜ਼ਰ ਦੇਖ ਕੇ ਮੇਰਾ ਸਾਹ ਸੂਤਿਆ ਗਿਆ। ਹਲਵਾਈ ਨੇ ਬਿਜਲੀ ਵਾਲੀ ਭੱਠੀ ਚਲਾਈ ਹੋਈ ਸੀ। ਮੈਂ ਖ਼ੁਦ ਨੂੰ ਸੰਭਾਲਦਿਆਂ ਅੰਦਰ ਚਲਾ ਗਿਆ, ਇਹ ਸੋਚ ਕੇ ਚੁੱਪ ਰਿਹਾ ਕਿ ਹੁਣ ਜਦੋਂ ਉੱਖਲੀ ’ਚ ਸਿਰ ਦੇ ਹੀ ਲਿਆ ਹੈ ਤਾਂ ਮੋਹਲਿਆਂ ਤੋਂ ਡਰਨਾ ਨਹੀਂ।
ਵਿਆਹ ਤੋਂ ਮਹੀਨਾ ਕੁ ਬਾਅਦ ਬਿੱਲ ਆ ਗਿਆ। ਦੋ ਹਜ਼ਾਰ ਰੁਪਏ ਬਕਾਇਆ ਪੈ ਗਿਆ ਸੀ। ਗ਼ਨੀਮਤ ਇਹ ਕਿ ਸਰਦੀਆਂ ਦਾ ਸਮਾਂ ਹੋਣ ਕਾਰਨ ਪੱਖੇ-ਕੂਲਰ ਬੰਦ ਸਨ। ਨਵੀਂ ਕਬੀਲਦਾਰੀ ਕਾਰਨ ਹੱਥ ਤੰਗ ਹੋਣ ਦੇ ਬਾਵਜੂਦ ਉਸ ਸਮੇਂ ਇੰਨਾ ਦੁੱਖ ਨਹੀਂ ਹੋਇਆ ਜਿੰਨਾ ਗੁਆਂਢੀ ਵੱਲੋਂ ਮਸ਼ੀਨ ਨੂੰ ਜਵਾਬ ਦੇਣ ’ਤੇ ਹੋਇਆ ਸੀ।