ਸਿਰਨਾਵਾਂ

ਕਦੇ ਕਦੇ ਭੁੱਲ ਜਾਂਦਾ ਹਾਂ

ਟੂਟੀ ਛੱਡ ਵਹਿੰਦਾ ਪਾਣੀ

ਉਵੇਂ ਹੀ

ਜਿਵੇਂ ਭੁੱਲਦਾ ਹੈ ਆਪਣਾ ਹੀ

ਸਿਰਨਾਵਾਂ,

ਪਿੰਡ ਦੀ ਜੂਹ

ਆਪਣੀ ਔਕਾਤ

ਤੇ ਆਪਣੀ ਜ਼ਾਤ।

ਮਜਲਿਸ ਸਜਦੀ,

ਪੰਚ ਬੈਠਦੇ ਤੇ ਯਾਦ ਕਰਦੇ

ਸੰਤ ਜੀ ਦੀ ਉਚਾਰੀ ਬਾਣੀ।

ਇਹੀ ਕੁਝ ਤਾਂ ਲਿਿਖਐ,

ਭਾਰ ਢੋਹਣਾ ਤੇ ਸਤਿ-ਬਚਨ ਕਹਿਣਾ।

ਇਹੋ ਤਾਂ ਪਹਿਲੀ ਫੂਕ ਵੱਜੀ ਸੀ

ਕੰਨ ਵਿੱਚ

ਬਾਪੂ ਦੇ ਬਾਂਦਰਾਂ ਦੀ ਵਾਣੀ

ਆਪਣੇ ਹੀ ਅਰਥਾਂ ਵਿੱਚ।

ਜੁੱਗਾਂ-ਜੁਗਾਂਤਰਾਂ ਤੋਂ ਲਿਖੇ ਹੋਏ

ਵਿਹੁ ਮਾਤਾ ਦੇ ਅੱਖਰ।

‘ਲੈ ਭਲਾ ਇਹ ਵੀ ਕੋਈ ਬਦਲ ਸਕਦੈ!’

ਅੱਖਾਂ ਸਾਹਵੇਂ ਆ ਜਾਂਦੈ

ਨ੍ਹੇਰ ਗ਼ੁਬਾਰ।

ਤੇ ਕੰਨਾਂ ਵਿੱਚ ਭਰ ਜਾਂਦੈ

ਆਵੇ ’ਚੋਂ ਕੱਢਿਆ ਪਾਰਾ

ਤੇ ਜੀਭ ਨੂੰ ਹੋ ਜਾਂਦੈ

ਅਧਰੰਗ।

ਉਸ ਦੇ ਤਿਲ੍ਹਕਦੇ ਬੋਲ

ਤੇ ਪੈਰਾਂ ਦਾ ਖੜਾਕ ਸੁਣਕੇ

ਅੱਖਾਂ ਖੋਲ੍ਹਦਾ ਹਾਂ

ਤੇ ਕੁਝ ਅਕਸ ਉਭਰਦੇ ਹਨ

ਮੇਰੇ ਪਿਓ ਦੀ ਮਟਮੈਲ਼ੀ ਪੱਗ ਦੇ

ਵੱਟਾਂ ਵਰਗੇ।

ਮਾਂ ਦੇ ਪੈਰਾਂ ਦੀਆਂ ਪਾਟੀਆਂ

ਤੇ ਮੈਲ਼ ਨਾਲ ਭਰੀਆਂ

ਬਿਆਈਆਂ ਵਰਗੇ।

ਭੈਣ ਦੇ ਸਿਰ ’ਤੇ ਰੱਖੀ ਘਾਹ

ਦੀ ਪੰਡ ਵਰਗੇ।

ਭਾਈਆਂ ਦੇ ਦਿੱਤੇ

ਜੂਲ਼ੇ ਹੇਠਾਂ ਸਿਰ ਵਰਗੇ।

ਅੱਖ ਖੁੱਲ੍ਹਦੀ ਹੈ

ਤੇ ਮੇਰੇ ਪੈਰ

ਪੁੱਟੇ ਜਾਂਦੇ ਹਨ

ਆਪਮੁਹਾਰੇ

ਅੰਨ੍ਹੀ ਖੂਹੀ ਦੀ ਮੌਣ ਵੱਲ,

ਡਿਗੂੰ ਡਿਗੂੰ ਕਰਦੇ ਖੰਡਰ ਬਣੇ ਘਰ ਵੱਲ।

ਸਹਿਵਨ ਹੀ ਯਾਦ ਆਉਂਦਾ ਹੈ

ਗੁੰਮ ਹੋਇਆ ਮੇਰਾ ਸਿਰਨਾਵਾਂ।

ਲੇਖਕ : ਗੁਰਦੀਪ ਢੁੱਡੀ,  ਸੰਪਰਕ: 95010-20731

Previous article
Next article
Exit mobile version