ਪੁਕਾਰ

ਪੁੱਛਾਂ ਉਹਨੂੰ, ਭੇਤ ਕਿਤੇ ਪੈ ਜਾਏ ਖੁਦਾਈ ਦਾ।

ਹਰ ਵੇਲੇ ਘਾਣ ਕਾਹਤੋਂ ਕਰਦੈਂ ਲੋਕਾਈ ਦਾ।

ਝੰਡਿਆਂ ਦਾ ਰੌਲ਼ਾ, ਕਦੇ ਗੱਲ ਸਰਹੱਦ ਦੀ,

ਭਾਈਆਂ ਹੱਥੋਂ ਕਤਲ ਕਰਾਵੇਂ ਕਾਹਤੋਂ ਭਾਈ ਦਾ।

ਮੱਚਦੀ ‘ਤੇ ਤੇਲ ਪਾਵੇ ਆਗੂਆਂ ਦੀ ਪੀਪਣੀ,

ਗਲ਼ੀ-ਕੂਚੇ ਫੁਕੇ ਕਿਉਂ, ਪਹਾੜ ਬਣ ਰਾਈ ਦਾ।

ਰੁਲ਼ਦੀਆਂ ਲਾਸ਼ਾਂ, ਕਿਤੇ ਵੈਣ ਪੈਂਦੇ ਸੱਧਰਾਂ ਦੇ,

ਪਸੀਜੇ ਕਿਉਂ ਨਾ ਦਿਲ, ਦੁੱਖ ਦੇਖ ਮਾਂ ਜਾਈ ਦਾ।

ਬੇਸਿਰੇ ਹਜ਼ੂਮ ਕਾਹਤੋਂ ਘਰ ਢਾਹੁਣ ਇਸ਼ਟਾਂ ਦੇ,

ਝੱਖੜ ਇਹ ਹਰੇ-ਲਾਲ ਰੰਗਾਂ ਦੀ ਦੁਹਾਈ ਦਾ।

ਦਿੱਤੇ ਕਦੇ ਖੋਹੇ ਹੱਕ, ਕਾਨੂੰਨ ਦਿਆਂ ਘਾੜਿਆਂ ਨੇ,

ਲਾਉਂਦੇ ਨਾ ਹਿਸਾਬ, ਧਰਤੀ ਰੱਤੀ ਰੰਗਾਈ ਦਾ।

ਡੋਬਾ ਕਿਤੇ ਸੋਕਾ, ਅਸੀਂ ਮੰਨਦੇ ਸੀ ਖੇਡ ਤੇਰੀ,

ਲੱਗੇ ਕਿਉਂ ਅਸਰ  ਉਹ ਵੀ, ਕਲਮ ਘਿਸਾਈ ਦਾ।

ਡਰੀ ਜਾਂਦਾ ਸੱਚ ‘ਸੇਖੋਂ’ ਝੂਠ ਤੇ ਫਰੇਬ ਸਾਹਵੇਂ,

ਬੱਝੇ ਕਿਉਂ ਨਾ ਧੀਰ, ਦਰ ਝੋਲ਼ੀ ਫੈਲਾਈ ਦਾ।

ਲੇਖਕ : ਮਨਦੀਪ ਸਿੰਘ ‘ਸੇਖੋਂ’ (ਪਮਾਲ)

ਸੰਪਰਕ : 94643-68055

Exit mobile version