ਹੱਕ ਦੀ ਆਵਾਜ਼

ਚੰਨ ਦਾ ਵੀ ਪੰਧ ਨ ਕੋਈ ਦੂਰ ਹੈ,

ਪਹੁੰਚਣਾ ਮੰਜ਼ਲ ‘ਤੇ ਜਦ ਮਨਜ਼ੂਰ ਹੈ।

ਇਹ ਹੈ ਮੇਰੇ ਇਸ਼ਕ ਦੀ ਇਕੋ ਚਿਣਗ,

ਇਹ ਜੁ ਲੱਖਾਂ ਸੂਰਜਾਂ ਦਾ ਨੂਰ ਹੈ।

ਇਸ਼ਕ ਨੂੰ ਫ਼ਤਵਾ ਕੁਰਾਹੀਏ ਹੋਣ ਦਾ,

ਖ਼ੂਬ ਤੇਰੇ ਸ਼ਹਿਰ ਦਾ ਦਸਤੂਰ ਹੈ।

ਗੂੰਜ ਉੱਠੀ ਹੱਕ ਦੀ ਆਵਾਜ਼ ਫਿਰ,

ਸ਼ੋਰ ਜਿਸ ਦਾ ਵਲਗਣਾਂ ਤੋਂ ਦੂਰ ਹੈ।

ਕੰਬ ਉੱਠੀ ਹੈ ਤਿਰੀ ਸੂਲੀ ਦੀ ਦੇਹ,

ਆ ਰਿਹਾ ਕੋਈ ਝੂਲਦਾ ਮਨਸੂਰ ਹੈ।

ਥੱਕ ਗਏ ਜੱਲਾਦ? ਮੁੜ ਗਏ ਘੁੰਡ? ਬੱਸ?

ਇਹ ਤਾਂ ਸਿਰ-ਲੱਥਾਂ ਦਾ ਪਹਿਲਾ ਪੂਰ ਹੈ।

ਅੰਤ ਉਸ ਮਜਨੂੰ ਦੀ ਲੈਲਾ ਹੋਇਗੀ,

ਰੱਤ ਦਾ ਕਾਸਾ ਜਿਦ੍ਹਾ ਭਰਪੂਰ ਹੈ।

ਲੇਖਕ : ਸੰਤੋਖ ਸਿੰਘ ਧੀਰ

Exit mobile version