ਸੀਸ ਤਲੀ ‘ਤੇ ਧਰ ਕੇ ਆਉ

ਸੀਸ ਤਲੀ ‘ਤੇ ਧਰ ਕੇ ਆਓੁ ਫੇਰ ਆਜ਼ਾਦੀ ਮਿਲਦੀ।

ਅੱਗ ਦਾ ਸਾਗਰ ਤਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਰਾਹਾਂ ਦੇ ਵਿਚ ਕਦਮਾਂ ਦਾ ਆਗ਼ਾਜ਼ ਮੁਬਾਰਕ ਕਰਨਾ।

ਕੰਟੀਲੇ ਪਥਰੀਲੇ ਪਥ ਦੇ ਮੁਸ਼ਕਿਲਪਣ ਨੂੰ ਜਰਨਾ।

ਹੰਝੂ ਪਾਸੇ ਕਰਕੇ ਆਉ ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਓੁ ਫੇਰ ਆਜ਼ਾਦੀ ਮਿਲਦੀ।

ਗਰਿਮਾ ਸੂਚਿਤਾ ਦੀ ਮਰਿਆਦਾ ਦਾ ਝੰਡਾ ਲਹਿਰਾਏ।

ਸੱਤ, ਅਹਿੰਸਾ, ਸਹਿਯੋਗੀ, ਸੰਸ਼ੋਧਨ ਵਿਚ ਭਰ ਜਾਏ।

ਤਿਆਗ ‘ਚ ਪੂਰਾ ਵਰ੍ਹ ਕੇ ਆਉ ਫੇਰ ਅਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਬੁਝਦਿਲ ਤੇ ਕਮਜ਼ੋਰਾਂ ਵਾਲੀ ਨੀਅਤ ਨੀਤੀ ਛੱਡੋ।

ਲਾਪਰਵਾਹੀ ਮਜ਼ਹਬ ਵਾਲੀ ਦੁਸ਼ਟ ਪ੍ਰਤੀਤੀ ਛੱਡੋ।

ਸਾਫ਼ ਮਨਾ ਨੂੰ ਕਰਕੇ ਆਉ ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰਕੇ ਆਉ ਫੇਰ ਆਜ਼ਾਦੀ ਮਿਲਦੀ

ਸਰਵ ਸ੍ਰੇਸ਼ਟ ਦੀ ਪਦਤੀ ਤੇ ਸ਼ੁੱਧ ਤਿਰੰਗਾ ਲਹਿਰਾਏ,

ਕੁਰਬਾਨੀ ਵਿਚ ਪੁਰਸ਼ਾਰਥ ਦੀ ਮਹੱਤਤਾ ਨਾ ਘਬਰਾਏ।

ਸਰਹੱਦ ਉਤੇ ਮਰਕੇ ਆਉ ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਸਾਮਾਜਿਕ ਵਿਸ਼ਮਤਾ ਵਿਆਪਕ ਭਿੰਨਤਾ ਭੇਟ ਮਿਟਾ ਕੇ।

ਨੇਰ੍ਹੇ ਦੇ ਵਿਚ ਚੜ੍ਹਦੇ ਸੂਰਜ ਵਾਲੀ ਜੋਤ ਜਗਾ ਕੇ।

ਮਾਂਗ ‘ਚ ਲਾਲੀ ਭਰਕੇ ਆਉ ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਆਤਮਹੀਨ ਬਣੇ ਬਲਪੂਰਕ ਦੁਰਬਲਤਾ ਮੁਕ ਜਾਏ।

ਘੁਣ ਲੱਗੀ ਸੁੰਦਰ ਲੱਕੜ ਦੀ ਬੀਮਾਰੀ ਰੁਕ ਜਾਏ।

ਨਾ ਡਰਾਉ, ਨਾ ਡਰ ਆਉ, ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਸੁਰਖ਼ ਲਹੂ ਦੀਆਂ ਨਦੀਆਂ ਤਰ ਕੇ ਫੇਰ ਕਿਨਾਰਾ ਮਿਲਿਅ।

ਫ਼ਾਂਸੀ ਵਾਲੇ ਫੰਦੇ ਚੁੰਮ ਕੇ ਫੁੱਲ ਗੁਲਾਬੀ ਖਿੜਿਆ।

ਸਿਰ ਨੂੰ ਫਿਰ ਸਰ ਕਰਕੇ ਆਉ ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਬਾਲਮ ਬੱਤੀ ਨੂੰ ਹੀ ਪਹਿਲਾਂ ਲਟ-ਲਟ ਬਲਣਾ ਪੈਂਦਾ।

ਫਿਰ ਕਲਿਆਣੀ ਲੋਅ ਨੂੰ ਇਕ ਪ੍ਰਮਾਣ ‘ਚ ਢਲਣਾ ਪੈਂਦਾ।

ਦੀਵੇ ਨੂੰ ਤਰ ਕਰਕੇ ਆਉ ਫੇਰ ਆਜ਼ਾਦੀ ਮਿਲਦੀ।

ਸੀਸ ਤਲੀ ਤੇ ਧਰ ਕੇ ਆਉ ਫੇਰ ਆਜ਼ਾਦੀ ਮਿਲਦੀ।

ਲੇਖਕ : ਬਲਵਿੰਦਰ ਬਾਲਮ ਗੁਰਾਦਾਸਪੁਰ

ਸੰਪਰਕ : 98156-25409

Exit mobile version