ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ

ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,

ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ

ਜ਼ਰਾ ਹਉਕਾ ਭਰਾਂ ਤਾਂ ਕੰਬ ਜਾਂਦਾ, ਡੋਲ ਜਾਂਦਾ,

ਅਜੇ ਉਹ ਸਿਰਫ ਮੇਰੇ ਹਾਸਿਆਂ ਦੇ ਹਾਣ ਦਾ ਹੈ

ਮੇਰਾ ਮਹਿਰਮ ਮੇਰੇ ਇਤਿਹਾਸ ਦੀ ਹਰ ਪੈੜ ਜਾਣੇ,

ਮੇਰਾ ਮਾਲਕ ਸਿਰਫ ਜੁਗਜਾਫੀਆਂ ਹੀ ਜਾਣਦਾ ਹੈ

ਉਹਨੂੰ ਆਖੋ ਕਿਸੇ ਮਿੱਟੀ ‘ਚ ਉਗ ਕੇ ਖਿੜ ਪਵੇ ਉਹ,

ਉਹ ਐਵੇਂ ਰਸਤਿਆਂ ਦੀ ਖਾਕ ਕਾਹਨੂੰ ਛਾਣਦਾ ਹੈ

ਜਦੋਂ ਬੇਮਾਨੀਅਤ ਬਰਸੇ ਖਿਲਾਅ ‘ਚੋਂ. ਕੌਣ ਓਦੋਂ,

ਮੇਰੇ ਸਿਰ ਤੇ ਇਹ ਛਤਰੀ ਤਾਰਿਆਂ ਦੀ ਤਾਣਦਾ ਹੈ

ਲੇਖਕ : ਸੁਰਜੀਤ ਪਾਤਰ

Exit mobile version