ਗਿਆਨ ਉਜਾਲ਼ਾ ਮਿੱਟਦਾ ਜਾਵੇ
ਚਾਰੇ ਪਾਸੇ ਕਾਲਖ ਛਾਈ ॥
ਪਾਪਾਂ ਦਾ ਰੁੱਖ ਫਲਦਾ ਜਾਵੇ
ਮਿਟਦੀ ਜਾਈ ਸਚਾਈ ॥
ਸਾਧੂ ਸੰਤ ਉਪਦੇਸ਼ ਦੇਵਣ
ਅੰਦਰ ਭਰੀ ਬੁਰਾਈ ॥
ਚੋਰ ਲੁਟੇਰੇ ਸੰਤ ਬਣ
ਪਾਪ ਦੀ ਲੱਗੇ ਕਰਨ ਸਫ਼ਾਈ॥
ਮੋਹ ਮਾਇਆ ਨੇ ਜਾਲ਼ ਫੈਲਾਇਆ
ਹਰ ਇਕ ਦੀ ਹੈ ਸੁੱਧ ਭੁਲਾਈ ॥
ਕਾਮ ਕ੍ਰੋਧ ਨੇ ਰੰਗ ਦਿਖਾਇਆ
ਘਰ ਘਰ ਵਿਚ ਹੋਈ ਲੜਾਈ ॥
ਬੋਟੀ ਬੋਟੀ ਕਰ ਮਾਂ ਨੂੰ ਵੰਡਿਆ
ਭੈਣ ਨੂੰ ਭੈਣ ਸਮਝੇ ਨਾ ਭਾਈ ॥
ਮਾਂ ਤਾਂ ਵੰਡੀ ਰੱਬ ਵੀ ਵੰਡਿਆ
ਮਜ਼ਹਬ ‘ਚ ਵੰਡੇ ਭਾਈ ਭਾਈ ॥
ਮਾਂ ਬਾਪ ਪਏ ਦੁੱਖ ‘ਚ ਤੜਫ਼ੇ
ਬੈਠੇ ਪੁੱਤਰ ਦੀ ਆਸ ਲਗਾਈ ॥
ਆਸ ਸਵਾਸ਼ ਜਦ ਸਭ ਕੁੱਝ ਮੁੱਕੇ
ਹੁਣ ਕਿਉਂ ਰੋ ਰੋ ਕਰੇ ਦੁਹਾਈ ॥
ਪਾਪ ਦੇ ਰੰਗ ਸਾਰੇ ਰੰਗੇ
ਸੱਚ ਦੀ ਬੈਠੇ ਰਾਹ ਭੁਲਾਈ ॥
ਸੱਚੇ ਫਿਰਦੇ ਭੁੱਖੇ ਨੰਗੇ
ਚੋਰ ਖਾਵਣ ਮਲਾਈ ॥
ਔਖੇ ਵੇਲੇ ਸਾਥ ਨਾ ਤੁਰਿਆ
ਉਂਝ ਪਿਆਰ ਦੀ ਦੇਵੇ ਦੁਹਾਈ ॥
ਭੁੱਖੇ ਨੰਗੇ ਨੂੰ ਦਾਨ ਨਾ ਕਰਿਆ
ਅਮੀਰਾਂ ਜਾਵੇ ਮਾਸ ਖੁਆਈ ॥
ਰੁੱਖੀ ਖਾ ਖਾ ਭੁੱਖ ਮਿਟਦੀ
ਫਿੱਕੀ ਲੱਗੇ ਮਹਿੰਗੀ ਮਿਠਾਈ ॥
ਸ਼ੌਕ ਗਰੀਬਾਂ ਮਹਿੰਗਾਈ ਲੁੱਟਗੀ
ਜਾਵੇ ਵੱਕਤ ਨੂੰ ਧੱਕਾ ਲਾਈ ॥
ਸੁਰ ਤਾਲ ਦਾ ਗਿਆਨ ਨਾ ਕੋਈ
ਗਲਾ ਫਾੜ ਜਾਵੇ ਰੌਲ਼ਾ ਪਾਈ ॥
ਦੇਖ ਨੰਗੇਜ ਸੋਚੇ ਨਾ ਕੋਈ
ਨਵੀ ਪੀੜ੍ਹੀ ਲਈ ਇਹ ਵਧਾਈ ॥
ਲੇਖਕ : ਸੁਰਜੀਤ ਸਿੰਘ