ਲੇਖਕ : ਡਾਕਟਰ ਪਰਮਜੀਤ ਸਿੰਘ ਢੀਂਗਰਾ
ਹੱਕ ਵਿਚ ਖੜ੍ਹੀ ਧਾਰਾ ਦਾ ਮੱਤ ਹੁੰਦਾ ਹੈ ਕਿ ਨਵੀਂ ਈਜਾਦ ਦੇ ਬੁਨਿਆਦੀ ਪੱਖਾਂ ਨੂੰ ਮਨੁੱਖ ਦੀ ਭਲਾਈ ਨਾਲ ਜੋੜ ਕੇ ਇਸ ਦਾ ਸਾਕਾਰਾਤਮਕ ਮੁੱਢ ਬੰਨ੍ਹਿਆ ਜਾਵੇ ਜਦ ਕਿ ਵਿਰੋਧੀ ਪੱਖ ਵਾਲੇ ਇਸ ਦੇ ਨਾਕਾਰਾਤਮਕ ਪੱਖਾਂ ‘ਤੇ ਧਿਆਨ ਕੇਂਦਰਤ ਕਰਕੇ ਇਨ੍ਹਾਂ ਵਿਚੋਂ ਮਨੁੱਖ ਮਾਰੂ ਘਟਕਾਂ ਨੂੰ ਲਿਆ ਕੇ ਡਰ ਪੈਦਾ ਕਰ ਦਿੰਦੇ ਹਨ। ਮਸਨੂਈ ਲਿਆਕਤ (ਆਰਟੀਫ਼ੀਸ਼ੀਅਲ ਇੰਟੈਲੀਜੈਂਸ ਜਾਂ ਏ.ਆਈ.) ਨਾਲ ਵੀ ਅਜਿਹਾ ਹੀ ਹੋ ਰਿਹਾ ਹੈ।
ਅੱਜ ਵਿਦਵਾਨ ਇਸ ਦੇ ਚੰਗੇ, ਮਾੜੇ ਪੱਖਾਂ ਨੂੰ ਵਿਚਾਰ ਕੇ ਇਸ ਦੇ ਬਾਰੇ ਸਮਝ ਬਣਾਉਣ ਦੀ ਥਾਂ ਇਸ ਮੁੱਦੇ ‘ਤੇ ਉਲਝੇ ਨਜ਼ਰ ਆ ਰਹੇ ਹਨ। ਇਸ ਦੇ ਚੰਗੇ ਪੱਖਾਂ ਨੂੰ ਭਵਿੱਖ ਦੀ ਉਮੀਦ ਵਜੋਂ ਪਰਿਭਾਸ਼ਤ ਕੀਤਾ ਜਾ ਰਿਹਾ ਹੈ ਜਦ ਕਿ ਮਾੜੇ ਪੱਖਾਂ ਨੂੰ ਮਨੁੱਖੀ ਭਵਿੱਖ ਦੇ ਖ਼ਤਰੇ ਵਜੋਂ ਲਿਆ ਜਾ ਰਿਹਾ ਹੈ। ਆਮ ਬੰਦੇ ਦੀ ਸਮਝ ਵਿਚ ਨਹੀਂ ਆ ਰਿਹਾ ਕਿ ਮਸਨੂਈ ਲਿਆਕਤ ਹੈ ਕੀ ਬਲਾ? ਇਹ ਅਸਲ ਵਿਚ ਕੋਈ ਨਵੀਂ ਸ਼ੈਅ ਨਹੀਂ। ਜਦੋਂ ਕੰਪਿਊਟਰ ਦੀ ਕਾਢ ਨਿਕਲੀ ਸੀ ਤਾਂ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਇਹ ਏਨੇ ਕੰਮ ਏਨੀ ਤੇਜ਼ੀ ਤੇ ਏਨੀ ਜਲਦੀ ਇਹ ਕਿਵੇਂ ਕਰ ਲੈਂਦਾ ਹੈ। ਪਰ ਅੱਜ ਕੰਪਿਊਟਰ ਮਨੁੱਖੀ ਲੋੜ ਬਣ ਗਿਆ ਹੈ। ਸਾਡੇ ਸਾਰਿਆਂ ਦੀ ਜੇਬ ਵਿਚ ਕੰਪਿਊਟਰ ਭਾਵ ਮੋਬਾਈਲ ਫ਼ੋਨ ਹੈ। ਏਵੇਂ ਹੀ ਹੈਰਾਨ ਹੋਣ ਵਾਲੀ ਗੱਲ ਨਹੀਂ ਮਸਨੂਈ ਲਿਆਕਤ ਵੀ ਅਸੀਂ ਜੇਬ ਵਿਚ ਨਾਲ ਹੀ ਲਈ ਫਿਰਦੇ ਹਾਂ।
ਸੋਸ਼ਲ ਮੀਡੀਆ ਨਾਲ ਹਰ ਕੋਈ ਜੁੜਿਆ ਹੋਇਆ ਹੈ। ਭਾਰਤ ਵਿਚ ਸਭ ਤੋਂ ਵਧੇਰੇ ਲੋਕ ਫੇਸਬੁੱਕ ਤੇ ਵੱਟਸਐਪ ਨਾਲ ਜੁੜੇ ਹੋਏ ਹਨ। ਫੇਸਬੁੱਕ ‘ਤੇ ਤੁਸੀਂ ਕੁਝ ਸੈਕਿੰਡ ਕਿਸੇ ਫੋਟੋ ਜਾਂ ਵੀਡੀਓ ‘ਤੇ ਰੁਕੋ ਤੇ ਫਿਰ ਅੱਗੇ ਤੁਰ ਪਓ। ਥੋੜ੍ਹੀ ਦੇਰ ਬਾਅਦ ਪਹਿਲਾਂ ਦੇਖੀ ਫੋਟੋ ਜਾਂ ਵੀਡਿਓ ਵਰਗੀਆਂ ਫੋਟੋਆਂ ਤੇ ਵੀਡੀਓਜ਼ ਤੁਹਾਡੇ ਮੋਬਾਈਲ ਵਿਚ ਚੱਕਰ ਕੱਟਣ ਲੱਗ ਜਾਣਗੀਆਂ। ਕੀ ਮੋਬਾਈਲ ਜੋਤਸ਼ੀ ਹੈ, ਜੋ ਤੁਹਾਡੇ ਮਨ ਨੂੰ ਪੜ੍ਹ ਲੈਂਦਾ ਹੈ ? ਨਹੀਂ, ਇਹੀ ਤਾਂ ਮਸਨੂਈ ਲਿਆਕਤ ਹੈ ਜੋ ਤੁਹਾਡੇ ਮਨ ਨੂੰ ਪੜ੍ਹਨ ਦੀ ਸਮਰੱਥਾ ਰੱਖਦੀ ਹੈ। ਜੇ ਤੁਸੀਂ ਆਨਲਾਈਨ ਖਰੀਦਾਰੀ ਕਰਦੇ ਹੋ ਤਾਂ ਉਹੋ ਜਿਹੀਆਂ ਚੀਜ਼ਾਂ, ਵਸਤਾਂ, ਡਿਜ਼ਾਈਨਾਂ ਬਾਰੇ ਮੋਬਾਈਲ ਤੁਹਾਨੂੰ ਬਾਰ-ਬਾਰ ਸੁਨੇਹੇ ਭੇਜਦਾ ਹੈ, ਤੁਹਾਡੀ ਪਸੰਦ ਦੀ ਸ਼ਲਾਘਾ ਕਰਦਿਆਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ, ਵਸਤਾਂ ਖਰੀਦਣ ਲਈ ਉਕਸਾਉਂਦਾ ਹੈ। ਇਹੀ ਤਾਂ ਹੈ ਮਸਨੂਈ ਲਿਆਕਤ।
ਅੱਜਕਲ੍ਹ ਮੌਨਸੂਨ ਦੀ ਰੁੱਤ ਹੈ। ਆਲਮੀ ਤਪਸ਼ ਦਾ ਦੌਰ ਹੈ। ਮੀਂਹ ਜਿਥੇ ਪੈਂਦਾ ਹੈ ਸਾਰੇ ਦਾ ਸਾਰਾ ਇਕੋ ਥਾਂ ਡੁੱਲ੍ਹ ਜਾਂਦਾ ਹੈ। ਕੁਝ ਸਮਾਂ ਪਹਿਲਾਂ ਮੌਸਮਾਂ ਬਾਰੇ ਜਾਣਕਾਰੀ ਬਹੁਤੀ ਸਟੀਕ ਨਹੀਂ ਸੀ ਹੁੰਦੀ। ਲੋਕ ਇਸ ‘ਤੇ ਵਧੇਰੇ ਇਤਬਾਰ ਵੀ ਨਹੀਂ ਸਨ ਕਰਦੇ। ਪਰ ਅੱਜਕੱਲ੍ਹ ਇਹ ਜਾਣਕਾਰੀ ਏਨੀ ਸਟੀਕ ਤੇ ਭਰੋਸੇਯੋਗ ਹੋ ਗਈ ਹੈ ਕਿ ਲੋਕ ਵਿਆਹ ਦੀ ਤਰੀਕ ਰੱਖਣ ਤੋਂ ਪਹਿਲਾਂ ਵੀ ਇੰਟਰਨੈੱਟ ਤੋਂ ਮੌਸਮ ਦੀ ਜਾਣਕਾਰੀ ਲੈਂਦੇ ਹਨ। ਜੇ ਕਿਤੇ ਟੂਰ ‘ਤੇ ਜਾਣਾ ਹੋਵੇ ਜਾਂ ਟੂਰਨਾਮੈਂਟ ਰੱਖਣਾ ਹੋਵੇ ਤਾਂ ਮੌਸਮ ਦੀ ਜਾਣਕਾਰੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਭ ਕੁਝ ਪਿਛੇ ਮਸਨੂਈ ਲਿਆਕਤ ਕੰਮ ਕਰ ਰਹੀ ਹੈ, ਜੋ ਭਿਆਨਕ ਬਾਰਸ਼ਾਂ, ਹੜ੍ਹਾਂ, ਸਮੁੰਦਰੀ ਤੂਫ਼ਾਨਾਂ, ਸੁਨਾਮੀਆਂ ਬਾਰੇ ਅਗਾਊਂ ਜਾਣਕਾਰੀ ਦੇਣ ਦੇ ਸਮਰੱਥ ਹੈ। ਇਸ ਨਾਲ ਨਾ ਕੇਵਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਸਗੋਂ ਮਾਲ-ਅਸਬਾਬ ਦਾ ਨੁਕਸਾਨ ਹੋਣੋ ਵੀ ਬਚਾਇਆ ਜਾ ਸਕਦਾ ਹੈ। ਗਲੇਸ਼ੀਅਰਾਂ ਦੇ ਲਗਾਤਾਰ ਪਿਘਲਣ ਤੇ ਮੌਸਮੀ ਤਬਦੀਲੀਆਂ ਬਾਰੇ ਇਸ ਨੇ ਮਨੁੱਖ ਨੂੰ ਅਨੇਕਾਂ ਸਲਾਹਾਂ ਦੇਣ ਦੇ ਨਾਲ-ਨਾਲ ਭਵਿੱਖੀ ਪ੍ਰੋਗਰਾਮ ਉਲੀਕਣ ਵਿਚ ਵੀ ਮਦਦ ਦਿੱਤੀ ਹੈ। ਇਸ ਨਾਲ ਮੌਸਮਾਂ ਦੀ ਬੇਤਰਤੀਬੀ ਤੇ ਮਾਰ ਤੋਂ ਬਚਿਆ ਜਾ ਸਕਦਾ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਦੇਸ਼ ਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ। ਖੇਤੀਬਾੜੀ ਦਾ ਵੱਡਾ ਹਿੱਸਾ ਅਜੇ ਵੀ ਬਾਰਸ਼ ਦੇ ਪਾਣੀ ‘ਤੇ ਨਿਰਭਰ ਹੈ। ਸੋਕਾ, ਬਿਮਾਰੀਆਂ, ਨਕਲੀ ਕੀਟਨਾਸ਼ਕ, ਖਾਦਾਂ ਤੇ ਮੌਸਮੀ ਤਬਦੀਲੀਆਂ ਨੇ ਸਭ ਤੋਂ ਵੱਧ ਖੇਤੀਬਾੜੀ ਨੂੰ ਪ੍ਰਭਾਵਿਤ ਕੀਤਾ ਹੈ। ਕਿਸਾਨ ਦੇਸ਼ ਦੀ ਰੀੜ੍ਹ ਹਨ, ਪਰ ਕੁਦਰਤ ਦੀ ਮਾਰ ਦਾ ਸਭ ਤੋਂ ਵੱਡਾ ਖਮਿਆਜ਼ਾ ਵੀ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਅੰਨ ਦੀ ਪੈਦਾਵਾਰ ਪੱਖੋਂ ਇਸ ਨੇ ਦੇਸ਼ ਦਾ ਢਿੱਡ ਭਰਿਆ ਹੈ ਪਰ ਇਸ ਨਾਲ ਜਿਹੜਾ ਨੁਕਸਾਨ ਪੰਜਾਬ ਦੀ ਮਿੱਟੀ, ਪਾਣੀ, ਹਵਾ ਤੇ ਵਾਤਾਵਰਨ ਦਾ ਹੋਇਆ ਹੈ, ੳਸ ਦੀ ਪੂਰਤੀ ਲਈ ਸ਼ਾਇਦ ਸਦੀਆਂ ਲੱਗ ਜਾਣ। ਅੱਜ ਮਸਨੂਈ ਲਿਆਕਤਖੇਤੀਬਾੜੀ ਲਈ ਵਰਦਾਨ ਸਾਬਤ ਹੋ ਰਹੀ ਹੈ। ਇਹ ਕੁਦਰਤ ਦੀ ਮਾਰ ਨੂੰ ਤਾਂ ਨਹੀਂ ਰੋਕ ਸਕਦੀ ਪਰ ਕਿਸਾਨ ਨੂੰ ਸਾਵਧਾਨ ਕਰ ਸਕਦੀ ਹੈ। ਮੌਸਮ ਦੀ ਸਟੀਕ ਜਾਣਕਾਰੀ ਸਾਨੂੰ ਇਸ ਗੱਲ ਦੇ ਸਮਰੱਥ ਬਣਾਉਂਦੀ ਹੈ ਕਿ ਫ਼ਸਲ ਬੀਜਣ, ਕੀਟਨਾਸ਼ਕਾਂ ਦੇ ਛਿੜਕਾਅ, ਪਾਣੀ ਲਾਉਣ, ਫ਼ਸਲ ਦੀ ਕਟਾਈ ਲਈ ਕਿਹੜਾ ਸਮਾਂ, ਦਿਨ, ਵਾਰ ਸੁਖਾਵਾਂ ਹੈ। ਇਸ ਨੇ ਫ਼ਸਲਾਂ ਦਾ ਝਾੜ ਵਧਾਉਣ ਤੇ ਗੁਣਵੱਤਾ ਨੂੰ ਵਧਾਉਣ ਵਿਚ ਖੇਤੀ ਵਿਗਿਆਨੀਆਂ ਦੀ ਮਦਦ ਕੀਤੀ ਹੈ। ਸੁਧਰੇ ਬੀਜਾਂ, ਮਨੁੱਖੀ ਸਿਹਤ ਲਈ ਉਚਿਤ ਕੀਟਨਾਸ਼ਕਾਂ ਤੇ ਖਾਦਾਂ ਬਾਰੇ ਸੰਤੁਲਿਤ ਪ੍ਰੋਗਰਾਮ ਬਣਾਉਣ ਲਈ ਅੱਜ ਮਸਨੂਈ ਲਿਆਕਤ ਕਾਰਗਰ ਸਾਬਤ ਹੋ ਰਹੀ ਹੈ। ਉਹ ਦਿਨ ਦੂਰ ਨਹੀਂ, ਜਦੋਂ ਖੇਤੀ ਖੇਤਰ ਵੀ ਉਦਯੋਗਿਕ ਹੈਸੀਅਤ ਵਾਲਾ ਬਣ ਜਾਵੇਗਾ, ਪਰ ਇਸ ਦੇ ਲਈ ਮਸਨੂਈ ਲਿਆਕਤ ਦੀ ਵਰਤੋਂ ਲਈ ਵੱਡੇ ਫੰਡਾਂ, ਭਵਿੱਖੀ ਵਿਗਿਆਨੀਆਂ ਤੇ ਲੰਮੀ ਯੋਜਨਾਬੰਦੀ ਦੀ ਲੋੜ ਪਏਗੀ।
ਸਿਆਣੇ ਕਹਿੰਦੇ ਹਨ ਸਿਹਤ ਹੈ ਤਾਂ ਜਹਾਨ ਹੈ। ਸਿਹਤ ਅਨਮੋਲ ਖ਼ਜ਼ਾਨਾ ਹੈ ਪਰ ਜੇ ਕਿਸੇ ਵੀ ਹਸਪਤਾਲ ਵਿਚ ਕਿਸੇ ਵਾਕਫ ਜਾਂ ਰਿਸ਼ਤੇਦਾਰ ਦਾ ਪਤਾ ਲੈਣ ਲਈ ਜਾਈਏ ਤਾਂ ਇੰਜ ਜਾਪਦਾ ਹੈ ਜਿਵੇਂ ਸਾਰਾ ਮੁਲਕ ਬਿਮਾਰ ਹੈ। ਵੱਡੇ-ਵੱਡੇ ਹਸਪਤਾਲਾਂ ਵਿਚ ਮਰੀਜ਼ ਲਾਂਘਿਆਂ ਵਿਚ ਪਏ ਕਰਾਹ ਰਹੇ ਹੁੰਦੇ ਹਨ। ਮੌਸਮੀ ਬਿਮਾਰੀਆਂ ਤੋਂ ਲੈ ਕੇ ਭਿਆਨਕ ਬਿਮਾਰੀਆਂ ਜਿਨ੍ਹਾਂ ਵਿਚ ਕੈਂਸਰ, ਦਿਮਾਗੀ ਰੋਗ, ਏਡਜ਼, ਅੰਨ੍ਹੇਪਣ ਤੇ ਹੋਰ ਕਈ ਰੋਗ ਸ਼ਾਮਲ ਹਨ, ਵਿਚ ਵੱਡੀ ਆਬਾਦੀ ਘਿਰੀ ਹੋਈ ਹੈ। ਹਸਪਤਾਲਾਂ ਵਿਚ ਅਨੇਕਾਂ ਲਾਇਲਾਜ ਬਿਮਾਰੀਆਂ ਨਾਲ ਤੜਫਦੇ ਰੋਗੀ ਦੇਖ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਭਾਰਤ ਵਿਚ ਆਮ ਲੋਕਾਂ ਨੂੰ ਨਿਗੂਣੀਆਂ ਜਿਹੀਆਂ ਹੀ ਸਿਹਤ ਸਹੂਲਤਾਂ ਮਿਲਦੀਆਂ ਹਨ, ਭਾਵੇਂ ਨੇਤਾਵਾਂ ਤੇ ਅਮੀਰਾਂ ਨੂੰ ਦੇਸ਼ ਵਿਦੇਸ਼ ਵਿਚ ਚੰਗੀਆਂ ਸਹੂਲਤਾਂ ਆਮ ਵਾਂਗ ਮਿਲ ਜਾਂਦੀਆਂ ਹਨ। ਆਮ ਲੋਕਾਂ ਦੀ ਬਿਮਾਰੀ ਹੌਲੀ-ਹੌਲੀ ਉਨ੍ਹਾਂ ਦੀ ਆਦਤ ਜਿਹੀ ਬਣ ਕੇ ਹੀ ਰਹਿ ਜਾਂਦੀ ਹੈ। ਅੱਜ ਹਰ ਸ਼ਹਿਰ, ਕਸਬੇ, ਪਿੰਡ ਵਿਚ ਨਜ਼ਰ ਮਾਰੀਏ ਤਾਂ ਜਿੰਮ ਨਜ਼ਰ ਆਉਣਗੇ। ਯੋਗ ਕਰਦੇ ਲੋਕ ਮਿਲ ਜਾਣਗੇ। ਫਿਰ ਵੀ ਰੋਗੀਆਂ ਦੀ ਔਸਤ ਬਹੁਤ ਜ਼ਿਆਦਾ ਹੈ। ਪੰਜਾਬ ਵਿਚ ਸ਼ੂਗਰ ਦੀ ਬਿਮਾਰੀ ਬਹੁਤ ਵਧ ਗਈ ਹੈ। ਹਰ ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਮਲੇਰੀਆ, ਡੇਂਗੂ, ਵਾਇਰਲ, ਖੰਘ, ਜ਼ੁਕਾਮ, ਥਾਇਰਾਇਡ ਤੇ ਹੋਰ ਕਈ ਬਿਮਾਰੀਆਂ ਆਮ ਹਨ।
ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਹੈ, ਮਰੀਜ਼ਾਂ ਦੀ ਲੁੱਟ ਹੈ, ਮਨੁੱਖੀ ਜਾਨ ਸਸਤੀ ਤੇ ਇਲਾਜ ਮਹਿੰਗਾ ਹੈ। ਇਸ ਸਭ ਲਈ ਜਲਦੀ ਹੀ ਮਸਨੂਈ ਲਿਆਕਤ ਵਰਦਾਨ ਸਿਧ ਹੋਣ ਵਾਲੀ ਹੈ।
ਸਿਹਤ ਵਿਗਿਆਨੀ ਦੁਨੀਆ ਭਰ ਵਿਚ ਰੋਗਾਂ ਸੰਬੰਧੀ ਅਜਿਹੀਆਂ ਖੋਜਾਂ ਵਿਚ ਜੁੱਟੇ ਹੋਏ ਹਨ, ਜਿਨ੍ਹਾਂ ਨੂੰ ਮਸਨੂਈ ਲਿਆਕਤ ਰਾਹੀਂ ਕਾਰਗਰ ਤੇ ਪੁਖਤਾ ਬਣਾਇਆ ਜਾ ਰਿਹਾ ਹੈ। ਮਨੁੱਖੀ ਸਿਹਤ ਲਈ ਅਜਿਹੀ ਵਿਗਿਆਨਕਰੋਗ ਪ੍ਰਤਿਰੋਧੀ ਪ੍ਰਣਾਲੀ ਵਿਕਸਤ ਕਰਨ ‘ਤੇ ਜ਼ੋਰ ਲਾਇਆ ਜਾ ਰਿਹਾ ਹੈ ਕਿ ਮਨੁੱਖ ਬਿਮਾਰ ਹੀ ਨਾ ਹੋਵੇ। ਉਸ ਕੋਲ ਸਿਹਤ ਦੀ ਬੁਨਿਆਦੀ ਪ੍ਰਣਾਲੀ ਏਨੀ ਮਜ਼ਬੂਤ ਹੋਵੇ ਕਿ ਰੋਗ ਉਸ ‘ਤੇ ਅਸਰ ਹੀ ਨਾ ਕਰ ਸਕਣ। ਇਸ ਦੇ ਨਾਲ ਮਨੁੱਖੀ ਖੁਰਾਕ ਨੂੰ ਵੀ ਸੋਧਿਆ ਜਾ ਰਿਹਾ ਹੈ ਜੋ ਮਨੁੱਖ ਦੀ ਸਿਹਤ ਨੂੰ ਮਜ਼ਬੂਤ ਕਰੇ। ਇਸਦੇ ਨਾਲ ਹੀ ਭਾਰਤ ਵਿਚ ਟਾਟਾ ਮੈਡੀਕਲ ਖੋਜ ਕੇਂਦਰ ਨੇ ਮਨੁੱਖੀ ਰੋਗਾਂ ਦੀ ਅਗਾਊਂ ਪਛਾਣ ਤੇ ਉਨ੍ਹਾਂ ਦੀ ਰੋਕਥਾਮ ਲਈ ਮਸਨੂਈ ਲਿਆਕਤ ਦੀ ਮਦਦ ਨਾਲ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ। ਉਹ ਦਿਨ ਦੂਰ ਨਹੀਂ, ਜਦੋਂ ਇਹੀ ਕੇਂਦਰ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕਰਨ ਲਈ ਇਲਾਜ ਲੱਭ ਲਵੇਗਾ। ਮਾਰੂ ਰੋਗਾਂ ਦੀ ਰੋਕਥਾਮ ਲਈ ਜਰਮਨੀ ਵਰਗਾ ਮੁਲਕ ਬੇਹੱਦ ਮਿਹਨਤ ਕਰ ਰਿਹਾ ਹੈ। ਮਨੁੱਖੀ ਅੰਗਾਂ ਦੇ ਉਤਪਾਦਨ ਲਈ ਉਹ ਮਸਨੂਈ ਲਿਆਕਤ ਨਾਲ ਨਵੀਂ ਲਿੰਬਸ ਇੰਜੀਨੀਅਰਿੰਗ ਪ੍ਰਣਾਲੀ ਵਿਕਸਤ ਕਰ ਰਿਹਾ ਹੈ, ਜਿਸ ਨਾਲ ਵੱਢੇ ਤੇ ਨੁਕਸਾਨੇ ਅੰਗਾਂ ਨੂੰ ਨਵੀਂ ਜ਼ਿੰਦਗੀ ਮਿਲ ਜਾਏਗੀ। ਮੁਸ਼ਕਿਲ ਆਪ੍ਰੇਸ਼ਨਾਂ ਲਈ ਰੋਬੋਟਿਕ ਮਸ਼ੀਨਾਂ ਨੇ ਕੀਮਤੀ ਜਾਨਾਂ ਬਚਾਉਣ ਵਿਚ ਸਲਾਹੁਣਯੋਗ ਕੰਮ ਕੀਤਾ ਹੈ। ਇਨ੍ਹਾਂ ਰਾਹੀਂ ਜਿਥੇ ਮਾਮੂਲੀ ਕੱਟ ਲਾ ਕੇ ਆਪ੍ਰੇਸ਼ਨ ਕੀਤੇ ਜਾਂਦੇ ਹਨ, ਉੱਥੇ ਖੂਨ ਦੇ ਵਹਾ ਦੀ ਵੀ ਬੱਚਤ ਹੁੰਦੀ ਹੈ, ਜਿਸ ਨਾਲ ਰੋਗ ਮੁਕਤੀ ਵਿਚ ਆਪਾਰ ਸਫਲਤਾ ਮਿਲਦੀ ਹੈ। ਇਸ ਤੋਂ ਇਲਾਵਾ ਬੈਂਕਿੰਗ, ਵਿੱਤੀ ਸੰਸਥਾਵਾਂ, ਇੰਡਸਟਰੀ, ਵਾਹਨਾਂ, ਹਵਾਈ ਜਹਾਜ਼ ਪ੍ਰਣਾਲੀ, ਪੁਲਾੜ ਵਿਗਿਆਨ, ਰੱਖਿਆ ਉਤਪਾਦਨ, ਸੰਦਾਂ ਦੇ ਵਿਕਾਸ, ਖੇਤੀਬਾੜੀ ਤਕਨਾਲੋਜੀ, ਸਿੱਖਿਆ, ਪ੍ਰਿੰਟਿੰਗ ਦੇ ਕੰਮਾਂ, ਬਿਜਲੀ ਉਤਪਾਦਨ, ਡੈੱਮ ਪ੍ਰਣਾਲੀ, ਆਵਾਜਾਈ ਪ੍ਰਬੰਧ ਤੇ ਜਸੂਸੀ ਆਦਿ ਵਿਚ ਮਸਨੂਈ ਲਿਆਕਤ ਦਾ ਯੋਗਦਾਨ ਮਨੁੱਖ ਲਈ ਵਰਦਾਨ ਸਾਬਤ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਸ ਦਾ ਹੋਰ ਤੇਜ਼ ਤੇ ਲਾਹੇਵੰਦ ਪ੍ਰਭਾਵ ਮਨੁੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ।
ਇਸ ਦੇ ਉਲਟ ਜਿਹੜੇ ਇਸ ਦੇ ਨਾਕਾਰਾਤਮਕ ਪੱਖਾਂ ਪ੍ਰਤੀ ਚਿੰਤਤ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਇਤਰਾਜ਼ ਇਹ ਹੈ ਕਿ ਭਵਿੱਖੀ ਰੋਬੋਟ ਮਨੁੱਖੀ ਕਿਰਤ ਨੂੰ ਖਤਮ ਕਰ ਦੇਣਗੇ। ਇਹ ਬਿਨਾਂ ਉਜਰਤ ਤੇ ਪਾਲਣ ਪੋਸ਼ਣ ਦੇ ਵਧੇਰੇ ਕੰਮ ਦੀ ਸਮਰੱਥਾ ਕਰਕੇ ਕਿਰਤ ਦਾ ਬਦਲ ਬਣ ਜਾਣਗੇ ਤੇ ਇੰਜ ਮਨੁੱਖੀ ਬੇਰੁਜ਼ਗਾਰੀ ਵਿਚ ਬੇਇੰਤਹਾ ਵਾਧਾ ਹੋ ਜਾਵੇਗਾ, ਜੋ ਸਮਾਜ ਦਾ ਘਾਣ ਕਰ ਦੇਵੇਗਾ।ਉਨ੍ਹਾਂ ਦਾ ਦੂਜਾ ਇਤਰਾਜ਼ ਹੈ ਕਿ ਰੋਬੋਟਾਂ ਦੀ ਦੁਨੀਆ ਜੇ ਮਨੁੱਖੀ ਦੁਨੀਆ ‘ਤੇ ਹਾਵੀ ਹੋ ਗਈ ਤਾਂ ਮਨੁੱਖ ਦੀ ਇਸ ਧਰਤੀ ਤੋਂ ਹੋਂਦ ਮਿਟ ਸਕਦੀ ਹੈ। ਰੋਬੋਟਾਂ ਕੋਲ ਮਨੁੱਖੀ ਸੋਚਣ ਸ਼ਕਤੀ ਨਹੀਂ ਹੁੰਦੀ ਸਿਰਫ ਤਕਨੀਕੀ ਪ੍ਰੋਗਰਾਮਿੰਗ ‘ਤੇ ਕੰਟਰੋਲ ਹੁੰਦਾ ਹੈ, ਜੋ ਉਨ੍ਹਾਂ ਨੂੰ ਆਪਹੁਦਰਾ ਬਣਾ ਸਕਦਾ ਹੈ। ਇਹ ਮਨੁੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਤੀਜਾ ਇਤਰਾਜ਼ ਹੈ ਕਿ ਜੇ ਇਹ ਰੋਬੋਟ ਆਪਣੀ ਕੋਈ ਗੁਪਤ ਪ੍ਰਣਾਲੀ ਜਾਂ ਭਾਸ਼ਾ ਵਿਕਸਤ ਕਰਨ ਵਿਚ ਕਾਮਯਾਬ ਹੋ ਗਏ ਤਾਂ ਉਹ ਮਨੁੱਖ ਨੂੰ ਗੁਲਾਮ ਹੀ ਨਹੀਂ, ਸਗੋਂ ਬੌਣਾ ਵੀ ਬਣਾ ਦੇਣਗੇ। ਅਜਿਹਾ ਡਰ ਉਦੋਂ ਪੈਦਾ ਹੋਇਆ, ਜਦੋਂ ਦੋ ਰੋਬੋਟਾਂ ਨੇ ਆਪਣੀ ਭਾਸ਼ਾ ਵਿਕਸਤ ਕਰ ਲਈ ਜਿਸ ਨੂੰ ਪੜ੍ਹਨ ਵਿਚ ਮਨੁੱਖ ਆਸਮਰੱਥ ਸੀ। ਬਾਅਦ ਵਿਚ ਇਨ੍ਹਾਂ ਰੋਬੋਟਾਂ ਨੂੰ ਨਸ਼ਟ ਕਰ ਦਿੱਤਾ ਗਿਆ। ਚੌਥਾ ਇਤਰਾਜ਼ ਹੈ ਕਿ ਵੱਖ-ਵੱਖ ਮੁਲਕ ਇਸ ਦੀ ਵਰਤੋਂ ਆਪਣੇ ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਕਰ ਸਕਦੇ ਹਨ। ਜਿਹਾ ਕਿ ਰੂਸ-ਯੂਕਰੇਨ ਦੀ ਜੰਗ ਜਾਂ ਇਜ਼ਰਾਇਲ-ਫਲਸਤੀਨੀ ਝਗੜੇ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਪੰਜਵਾਂ ਇਤਰਾਜ਼ ਇਹ ਕਿ ਕਿਸੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਇਸ ਦੀ ਗੁਪਤ ਵਰਤੋਂ ਕੀਤੀ ਜਾ ਸਕਦੀ ਹੈ। ਛੇਵਾਂ ਇਤਰਾਜ਼ ਇਹ ਹੈ ਕਿ ਇਸ ਰਾਹੀਂ ਫੇਕ ਨਿਊਜ਼ ਤੇ ਫੇਕ ਵੀਡੀਓਜ਼ ਬਣਾ ਕੇ ਡੀਪ ਫੇਕ ਰਾਹੀਂ ਸਮਾਜ ਵਿਚ ਅਫਰਾ-ਤਫਰੀ ਪੈਦਾ ਕੀਤੀ ਜਾ ਰਹੀ ਹੈ। ਸੱਤਵਾਂ ਇਤਰਾਜ਼ ਹੈ ਕਿ ਇਸ ਰਾਹੀਂ ਵਿੱਤੀ ਧੋਖੇ ਤੇ ਆਨਲਾਈਨ ਜੁਰਮਾਂ ਵਿਚ ਵਾਧਾ ਹੋ ਸਕਦਾ ਹੈ। ਅੱਠਵਾਂ ਇਤਰਾਜ਼ ਹੈ ਕਿ ਚੋਣਾਂ ਵਿਚ ਲਾਹਾ ਲੈਣ ਲਈ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸੌਖੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਇਹ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਸੰਦ ਹੈ।
ਉਪਰੋਕਤ ਇਤਰਾਜ਼ ਆਪਣੀ ਥਾਂ ਹਨ, ਪਰ ਇਨ੍ਹਾਂ ਦੇ ਮੱਦੇਨਜ਼ਰ ਕਿਸੇ ਨਵੀਂ ਪ੍ਰਣਾਲੀ ਨੂੰ ਰੋਕਿਆ ਨਹੀਂ ਜਾ ਸਕਦਾ। ਹਰ ਪ੍ਰਣਾਲੀ ਗੁਣਾਂ-ਦੋਸ਼ਾਂ ਨਾਲ ਹੋਂਦ ਵਿਚ ਆਉਂਦੀ ਹੈ। ਜ਼ਰੂਰੀ ਸੁਆਲ ਇਹ ਹੈ ਕਿ ਉਸਦੀ ਵਰਤੋਂ ਮਨੁੱਖੀ ਭਲੇ ਲਈ ਕੀਤੀ ਜਾ ਰਹੀ ਹੈ ਕਿ ਤਬਾਹੀ ਲਈ? ਇਸ ਲਈ ਕਿਸੇ ਵੀ ਨਵੀਂ ਤਕਨੀਕ ਤੋਂ ਡਰਨ ਜਾਂ ਉਸ ਤੋਂ ਭੱਜਣ ਦੀ ਲੋੜ ਨਹੀਂ। ਉਸ ਦੇ ਚੰਗੇ ਪੱਖਾਂ ਨਾਲ ਸਾਂਝ ਪਾ ਕੇ ਮਨੁੱਖੀ ਭਵਿੱਖ ਦੇ ਜ਼ਾਮਨ ਬਣਨਾ ਚਾਹੀਦਾ ਹੈ। ਅੱਜ ਹਰ ਕੋਈ ਕਿਸੇ ਨਾ ਕਿਸੇ ਰੂਪ ਵਿਚ ਮਸਨੂਈ ਲਿਆਕਤ ਨਾਲ ਜੁੜਿਆ ਹੋਇਆ ਹੈ ਤੇ ਬਾਖੂਬੀ ਇਸ ਦੀ ਵਰਤੋਂ ਵੀ ਕਰ ਰਿਹਾ ਹੈ ਪਰ ਇਸ ਦੇ ਵਿਗਿਆਨ ਤੋਂ ਅਨਜਾਣ ਹੈ। ਇਸਨੂੰ ਦੋਸਤ ਸਮਝਣ ਦੀ ਲੋੜ ਹੈ ਨਾ ਕਿ ਦੁਸ਼ਮਣ। ਦੁਨੀਆ ਦਾ ਭਵਿੱਖ ਇਸ ‘ਤੇ ਨਿਰਭਰ ਹੈ। ਸਿਆਣੇ ਤੇ ਅੱਗੇ ਦੀ ਸੋਚ ਰੱਖਣ ਵਾਲੇ ਮੁਲਕ ਇਸ ਵਿਚ ਮੋਹਰੀ ਬਣਨ ਦੀ ਹੋੜ ਵਿਚ ਲੱਗੇ ਹੋਏ ਹਨ, ਕਿਉਂਕਿ ਜਿਹੜਾ ਇਸ ਵਿਚ ਅੱਗੇ ਨਿਕਲ ਗਿਆ ਉਹੀ ਦੁਨੀਆ ਦਾ ਬਾਦਸ਼ਾਹ ਹੋਏਗਾ।