ਸਰੀ ਵਲੋਂ 2025 ”ਆਪਣੇ ਸ਼ਹਿਰ ਨੂੰ ਸੁੰਦਰ ਬਣਾਓ” ਮੁਹਿੰਮ ਦਾ ਜੋਸ਼ੀਲਾ ਆਗਾਜ਼

ਸਰੀ, (ਅਮਰਪਾਲ ਸਿੰਘ): ਸਿਟੀ ਆਫ਼ ਸਰੀ ਨੇ ਆਪਣੀ ਤੀਜੀ ਸਾਲਾਨਾ ‘ਆਪਣੇ ਸ਼ਹਿਰ ਨੂੰ ਸੁੰਦਰ ਬਣਾਓ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਅਧੀਨ ਸਥਾਨਕ ਨਿਵਾਸੀਆਂ ਨੂੰ ਭਾਈਚਾਰੇ ਨੂੰ ਨਵੀਂ ਰੂਹ ਦੇਣ ਅਤੇ ਆਸ-ਪਾਸ ਦੇ ਇਲਾਕੇ ਦੀ ਨੁਹਾਰ ਨੂੰ ਸੰਵਾਰਨ ਲਈ ਛੋਟੇ-ਛੋਟੇ ਪਰ ਮਾਅਨਵਾਂ ਭਰਪੂਰ ਉਪਰਾਲਿਆਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਟੈੱਡ ਕਾਹਨ ਟਾਵਰਜ਼ ਦੇ ਵਸਨੀਕਾਂ ਵਲੋਂ ਇਕ ਅਦੁੱਤੀ ਕੰਧ-ਚਿੱਤਰ (ਮਿਊਰਲ) ਬਣਾਉਣ ਰਾਹੀਂ ਹੋਈ, ਜਿਸ ਵਿੱਚ ਸਹਾਇਕ ਰਿਹਾਇਸ਼ੀ ਇਮਾਰਤ ਦੀ ਇੱਕ ਸਾਦੀ ਕੰਧ ਨੂੰ ਰੰਗਾਂ ਅਤੇ ਕਲਾ ਰਾਹੀਂ ਏਕਤਾ ਤੇ ਭਾਈਚਾਰੇ ਦੇ ਸੰਦੇਸ਼ ਨਾਲ ਸਜਾਇਆ ਗਿਆ। ਇਸ ਮੌਕੇ ਤੇ ਮੇਅਰ ਬਰੈਂਡਾ ਲੌਕ, ਕੌਂਸਲ ਮੈਂਬਰ, ਔਪਸ਼ਨਜ਼ ਕਮਿਊਨਿਟੀ ਸਰਵਿਸਿਜ਼ ਦੇ ਨੁਮਾਇੰਦਿਆਂ ਅਤੇ ਸਥਾਨਕ ਨਿਵਾਸੀਆਂ ਨੇ ਵੀ ਹਿੱਸਾ ਲਿਆ। ਮੇਅਰ ਲੌਕ ਨੇ ਕਿਹਾ, ”ਇਸ ਵਾਰ ਦੀ ਮੁਹਿੰਮ ਦੀ ਸ਼ੁਰੂਆਤ ਏਕਤਾ ਅਤੇ ਕਲਾ ਦੇ ਸੰਦੇਸ਼ ਨਾਲ ਹੋਈ ਹੈ ਜੋ ਸਾਡੀ ਕਮਿਊਨਿਟੀ ਦੀ ਰਚਨਾਤਮਕਤਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਹੋਰ ਨਿਵਾਸੀ ਵੀ ਆਪਣੇ ਖੇਤਰਾਂ ਨੂੰ ਨਿੱਘਾ ਅਤੇ ਪ੍ਰੇਰਣਾਦਾਇਕ ਬਣਾਉਣ ਵਾਲੇ ਪ੍ਰੋਜੈਕਟ ਲੈ ਕੇ ਆਉਣਗੇ।” ਇਹ ਮੁਹਿੰਮ 2023 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦੇ ਤਹਿਤ ਸਰੀ ਦੇ ਸੈਂਕੜੇ ਨਿਵਾਸੀਆਂ ਨੇ ਆਪਣੇ ਆਂਢ-ਗੁਆਂਢ ਦੀ ਸੁੰਦਰਤਾ ਅਤੇ ਭਾਈਚਾਰੇਕ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਪ੍ਰੋਜੈਕਟਾਂ ਵਿੱਚ ਹਿੱਸਾ ਲਿਆ ਹੈ। ਮੁਹਿੰਮ ਦੇ ਅਧੀਨ ਸ਼ਹਿਰ ਵਲੋਂ ਨਿਵਾਸੀਆਂ ਨੂੰ ਵਿੱਤੀ ਮਦਦ (Nieghbourhood Enhancement Grants), ਸਮੱਗਰੀ ਅਤੇ ਸਹਿਯੋਗ ਉਪਲਬਧ ਕਰਵਾਇਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸਰੀ ਵਿੱਚ 200 ਤੋਂ ਵੱਧ ਸੁੰਦਰਤਾ ਪ੍ਰੋਜੈਕਟ ਲਾਗੂ ਕੀਤੇ ਗਏ ਹਨ। ਇਨ੍ਹਾਂ ਵਿੱਚ ਵਾੜ ਸੁਧਾਰ, ਕੰਧ-ਚਿੱਤਰ, ਛੋਟੇ ਬਾਗ, ਸਾਂਝੀ ਲਾਇਬ੍ਰੇਰੀਆਂ, ਸਾਫ-ਸਫ਼ਾਈ ਮੁਹਿੰਮਾਂ ਅਤੇ ਭਾਈਚਾਰੇ ਸਮਾਰੋਹ ਸ਼ਾਮਲ ਹਨ। ਕਮਿਊਨਿਟੀ ਐਨਹਾਂਸਮੈਂਟ ਪਲੈਨਰ ਡੇਵਿਡ ਸੈਡਲਰ ਨੇ ਕਿਹਾ, ”ਕਈ ਵਾਰੀ ਸਿਰਫ ਇੱਕ ਛੋਟੀ ਜਿਹੀ ਧੱਕਾ ਲੋੜੀਂਦਾ ਹੁੰਦਾ ਹੈ। ਜੇਕਰ ਕਿਸੇ ਕੋਲ ਭਾਈਚਾਰੇ ਨੂੰ ਸੁਧਾਰਨ ਦੀ ਰਚਨਾਤਮਕ ਸੋਚ ਹੈ, ਤਾਂ ਸਾਡੀ ਟੀਮ ਉਸ ਦੇ ਵਿਚਾਰ ਨੂੰ ਅਮਲ ਵਿੱਚ ਲਿਆਉਣ ਲਈ ਮਦਦ ਕਰਨ ਲਈ ਤਿਆਰ ਹੈ।”

Exit mobile version