ਜਲੰਧਰ : ਬੁਲੇਟਪਰੂਫ ਸ਼ੀਸ਼ੇ ਨਾਲ ਕਵਰ ਸਟੇਜ ਉੱਤੇ ਸੀਐਮ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਭਾਸ਼ਣ ਦਿੱਤਾ। ਬੁਲੇਟਪਰੂਫ ਸ਼ੀਸ਼ੇ ਦੀ ਸਕਰੀਨ ਦੀ ਕੀਮਤ 16 ਲੱਖ ਰੁਪਏ ਹੈ ਤੇ ਇਸ ਨੂੰ ਵਿਸ਼ੇਸ਼ ਤੌਰ ‘ਤੇ ਪੰਜਾਬ ਪੁਲਿਸ ਨੇ ਸਮਾਗਮ ਤੋਂ ਪਹਿਲਾਂ ਖਰੀਦਿਆ ਸੀ। ਇਸ ਨੂੰ ਲੈ ਕੇ ਹੁਣ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਕਾਂਗਰਸ ਦੇ ਹਲਕਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਰੈਲੀਆਂ ਵਿੱਚ ਰੋਜ਼ਾਨਾ ਭਾਸ਼ਨ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ, ਅੱਜ ਅਜ਼ਾਦੀ ਦਿਵਸ ‘ਤੇ “ਬੁਲੇਟ ਪਰੂਫ ਸਟੇਜ” ਰਾਹੀਂ ਦੇਸ਼ ਭਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹਨ? ਕੀ ਪੰਜਾਬ ਅਣ-ਸੁਰੱਖਿਅਤ ਹੋ ਗਿਆ ਹੈ? 70 ਸਾਲਾਂ ਵਿੱਚ ਇਹ ਬਦਲਾਵ ਵੀ ਪਹਿਲੀ ਵਾਰ ਹੋਇਆ ਹੈ।
ਇਸ ਤੋਂ ਇਲਾਵਾ ਕਾਂਗਰਸ ਦੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ, ਪਹਿਲੀ ਵਾਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਅਜ਼ਾਦੀ ਦਿਵਸ ਤੇ ਬੁਲਟ ਪਰੂਫ਼ ਕੈਬਨ ਵਿੱਚ ਭਾਸ਼ਨ ਦਿੱਤਾ, ਜੇ ਮੁੱਖ ਮੰਤਰੀ ਜੀ ਸੁਰੱਖਿਅਤ ਨਹੀ ਫਿਰ ਬਾਕੀ ਗੱਲ ਛੱਡੋ, ਸ਼ਾਇਦ ਹੁਣ ਭਗਵੰਤ ਮਾਨ ਜੀ ਨੂੰ ਮੁਰਗੀ ਖਾਨਾਂ ਖੋਲ ਲੈਣਾ ਚਾਹੀਦਾ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਲਿਖਿਆ, ਆਜ਼ਾਦੀ ਦਿਹਾੜੇ ਮੌਕੇ ਬੁਲਟ ਪਰੂਫ ਸ਼ੀਸ਼ੇ ਵਿੱਚ ਗੱਪਾਂ ਸਣਾਉਣ ਵਾਲਾ ਪੰਜਾਬ ਦਾ ਪਹਿਲਾਂ ਮੁੱਖ ਮੰਤਰੀ ਬਣਿਆ ਭਗਵੰਤ ਮਾਨ । ਪਿਛਲੇ ਸਮੇਂ ਤੰਜ ਕਸਦਾ ਹੁੰਦਾ ਸੀ ਕਿ ਜੇ ਚੰਗੇ ਕੰਮ ਕੀਤੇ ਹੋਣ ਤਾਂ ਡਰਨਾ ਨਹੀਂ ਪੈਂਦਾ, ਕੀ ਗੱਲ ਤੂੰ 2.5 ਸਾਲਾਂ ‘ਚ ਹੀ ਡਰ ਗਿਆ ਤੂੰ ?