ਕਿਊਬੈਕ ਵੱਲੋਂ ਵਰਕ ਪਰਮਿਟ ਵਾਲਿਆਂ ਦੀ ਐਂਟਰੀ ਬੰਦ

ਕਿਊਬੈਕ : ਕੈਨੇਡਾ ਦੇ ਸੂਬੇ ਕਿਊਬੈਕ ਵੱਲੋਂ ਵਰਕ ਪਰਮਿਟ ਵਾਲਿਆਂ ਦਾ ਦਾਖਲਾ 3 ਸਤੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦਈਏ ਇੱਥੇ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਤੇ ਰੋਕ 6 ਮਹੀਨੇ ਤੱਕ ਜਾਰੀ ਰਹੇਗੀ। ਰਿਪੋਰਟਾਂ ਮੁਤਾਬਕ 27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਕਿਊਬੈਕ ਵਿਚ ਦਰਮਿਆਨੀ ਉਜਰਤ ਦਰ 27 ਡਾਲਰ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਘੱਟ ਤੋਂ ਘੱਟ ਟੈਂਪਰੇਰੀ ਰੈਜ਼ੀਡੈਂਟਸ ਨੂੰ ਸੱਦਣ ਦੀ ਇੱਛਕ ਹੈ। ਕਿਊਬੈਕ ਦੇ ਪ੍ਰੀਮੀਅਰ ਫਰਾਂਸਵਾ ਲੈਗੋ ਕਈ ਮਹੀਨੇ ਤੋਂ ਕੈਨੇਡਾ ਸਰਕਾਰ ਨੂੰ ਅਜਿਹੀਆਂ ਪਾਬੰਦੀਆਂ ਲਾਗੂ ਕਰਨ ਦਾ ਸੱਦਾ ਦੇ ਰਹੇ ਸਨ ਜਿਨ੍ਹਾਂ ਰਾਹੀਂ ਆਰਜ਼ੀ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕੇ।
ਕੈਨੇਡਾ ਸਰਕਾਰ ਵੱਲੋਂ ਇਕ ਹੋਰ ਸਖ਼ਤ ਇੰਮੀਗ੍ਰੇਸ਼ਨ ਨੀਤੀ ਅਜਿਹੇ ਸਮੇਂ ਲਿਆਂਦੀ ਜਾ ਰਹੀ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਗੁਲਾਮ ਬਣਾਏ ਜਾਣ ਦੇ ਦੋਸ਼ ਲਾਏ ਗਏ। ਰਿਪੋਰਟ ਕਹਿੰਦੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਝੱਲਣੇ ਪੈ ਰਹੇ ਹਨ ਸਗੋਂ ਇੰਪਲੌਇਰ ਤਨਖਾਹਾਂ ਦੇਣ ਤੋਂ ਵੀ ਸਾਫ ਮੁੱਕਰ ਜਾਂਦੇ ਹਨ। ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੁਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ।
ਰਿਪੋਰਟ ਵਿਚ ਕੈਨੇਡਾ ਸਰਕਾਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦਾ ਸੱਦਾ ਦਿਤਾ ਗਿਆ ਹੈ ਤਾਂਕਿ ਕਿਰਤੀਆਂ ਦੀ ਰਿਹਾਇਸ਼, ਹੈਲਥ ਕੇਅਰ ਅਤੇ ਇੰਮੀਗ੍ਰੇਸ਼ਨ ਸਟੇਟਸ ਦਾ ਮਸਲਾ ਰੁਜ਼ਗਾਰਦਾਤਾਵਾਂ ਦੇ ਕੰਟਰੋਲ ਤੋਂ ਬਾਹਰ ਹੋ ਸਕੇ।

Exit mobile version