ਭਾਈ ਨਿੱਝਰ ਦੇ ਸਾਥੀ ਗੋਸਲ ਨੂੰ ਪੁਲਿਸ ਵਲੋਂ ਜਾਨ ਦੇ ਖ਼ਤਰੇ ਦੀ ਚਿਤਾਵਨੀ ਜਾਰੀ

ਸਰੀ : ਕੈਨੇਡਾ ਦੀ ਪੁਲੀਸ ਨੇ ਹਾਲ ਹੀ ਵਿੱਚ ਹਰਦੀਪ ਸਿੰਘ ਨਿੱਝਰ ਦੇ ਸਾਥੀ ਅਮਰਜੀਤ ਸਿੰਘ ਗੋਸਲ ਨੂੰ ਉਸਦੀ ਜਾਨ ਨੂੰ ਖ਼ਤਰਾ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਹਰਦੀਪ ਸਿੰਘ ਨਿੱਝਰ, ਜੋ ਕਿ ਇੱਕ ਪ੍ਰਮੁੱਖ ਸਿੱਖ ਆਗੂ ਅਤੇ ਸਿੱਖ ਕਾਰਕੂੰਨ ਸਨ, ਦੀ ਹਤਿਆ ਪਿਛਲੇ ਸਾਲ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਕਿੰਗ ਲਾਟ ‘ਚ ਗੋਲੀਅਆਂ ਮਾਰ ਕੇ ਕਰ ਦਿੱਤੀ ਗਈ ਸੀ। ਹੁਣ ਪੁਲੀਸ ਦੇ ਸੂਤਰਾਂ ਦੇ ਅਨੁਸਾਰ, ਗੋਸਲ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਹੈ ਕਿ ਉਸਦੀ ਜਾਨ ਨੂੰ ਵੀ ਗੰਭੀਰ ਖ਼ਤਰਾ ਹੈ, ਅਤੇ ਉਸ ਨੂੰ ਆਪਣੀ ਸੁਰੱਖਿਆ ਲਈ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਪੁਲੀਸ ਨੇ ਗੋਸਲ ਨੂੰ ਇਸ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਸੁਰੱਖਿਆ ਤਿਆਰ ਕਰਨ ਲਈ ਵੀ ਕਿਹਾ ਹੈ। ਇਸ ਘਟਨਾ ਨੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿੱਥੇ ਕਈ ਲੋਕ ਇਸੇ ਤਰ੍ਹਾਂ ਦੇ ਹੋਰ ਹਮਲਿਆਂ ਦੇ ਡਰ ਨਾਲ ਸਹਿਮੇ ਹੋਏ ਹਨ।
ਪੁਲੀਸ ਵੱਲੋਂ ਕੀਤੇ ਗਏ ਦਾਅਵੇ ਅਤੇ ਚਿਤਾਵਨੀਆਂ ‘ਤੇ ਗੋਸਲ ਜਾਂ ਉਸਦੇ ਨਜ਼ਦੀਕੀ ਲੋਕਾਂ ਵਲੋਂ ਹਾਲੇ ਤੱਕ ਕੋਈ ਸਾਰਵਜਨਿਕ ਪ੍ਰਤਿਕ੍ਰਿਆ ਨਹੀਂ ਆਈ। ਸਿੱਖ ਸਮਾਜ ਦੇ ਆਗੂਆਂ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਅਤੇ ਸੁਰੱਖਿਆ ਮੁਹੱਈਆ ਕਰਨ ਦੀ ਮੰਗ ਕੀਤੀ ਹੈ।
ਹਰਦੀਪ ਸਿੰਘ ਨਿੱਝਰ ਦੀ ਹਤਿਆ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ, ਅਤੇ ਇਸ ਨਵੇਂ ਖ਼ਤਰੇ ਨਾਲ ਜੁੜੀ ਹੋਈ ਜਾਣਕਾਰੀ ਨੇ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ। ਭਾਈ ਨਿੱਝਰ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਕਾਰਨ ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਵਧ ਗਿਆ ਸੀ। ਪੁਲੀਸ ਨੇ ਇਸ ਤੋਂ ਬਾਅਦ ਚਾਰ ਵਿਅਕਤੀਆਂ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ।

Exit mobile version