ਮਿੱਟੀ ਦਾ ਘੜਾ

ਲੇਖਕ : ਕਰਮਜੀਤ ਕੌਰ ਮੁਕਤਸਰ, ਸੰਪਰਕ: 89685-94379
ਐਤਕੀਂ ਗਰਮੀਆਂ ‘ਚ ਘਰ ਵਿੱਚ ਮਿੱਟੀ ਦਾ ਨਵਾਂ ਘੜਾ ਲਿਆਂਦਾ ਗਿਆ। ਉਸ ਘੜੇ ਨੂੰ ਦੇਖਣਸਾਰ ਹੀ ਮੈਨੂੰ ਬਾਪੂ ਜੀ ਦੀਆਂ ਕਹੀਆਂ ਗੱਲਾਂ ਤੁਰੰਤ ਯਾਦ ਆ ਗਈਆਂ। ਜਿਵੇਂ ਕਹਿੰਦੇ ਨੇ ਕਿ ”ਸਿਆਣੇ ਦਾ ਆਖਿਆ ਤੇ ਆਉਲੇ ਦਾ ਖਾਧਾ ਬਾਅਦ ‘ਚ ਹੀ ਪਤਾ ਲੱਗਦਾ ਹੈ।” ਗੱਲ ਮੇਰੇ ਬਚਪਨ ਦੀ ਹੈ ਜਦੋਂ ਅਸੀਂ ਪਿੰਡ ਦੇ ਸਕੂਲ ‘ਚ ਪੜ੍ਹਦੇ ਸੀ। ਸਕੂਲੋਂ ਛੁੱਟੀ ਹੋਣ ਤੋਂ ਬਾਅਦ ਜਦ ਅਸੀਂ ਵਾਪਸੀ ‘ਤੇ ਘਰ ਆਉਂਦੇ ਤਾਂ ਰਸਤੇ ‘ਚ ਪਿੰਡ ਦੇ ਬਾਹਰਵਾਰ ਫਿਰਨੀ ਉੱਤੇ ਲਾਲ ਚੰਦ ਦਾ ਘਰ ਪੈਂਦਾ ਸੀ। ਲਾਲ ਚੰਦ ਉਮਰ ਪੱਖੋਂ ਕਾਫ਼ੀ ਬਜ਼ੁਰਗ ਹੋ ਚੁੱਕਿਆ ਪਰ ਫਿਰ ਵੀ ਉਹ ਮਿੱਟੀ ਦੇ ਭਾਂਡੇ ਬਣਾਉਣ ਵਿੱਚ ਬਹੁਤ ਫੁਰਤੀਲਾ ਸੀ। ਕਹਿੰਦੇ ਸਨ ਕਿ ਇਹ ਕਿੱਤਾ ਉਨ੍ਹਾਂ ਦਾ ਜੱਦੀ-ਪੁਸ਼ਤੀ ਸੀ। ਹਰ ਰੋਜ਼ ਉਸ ਨੂੰ ਆਪਣੇ ਦਰਵਾਜ਼ੇ ਵਿੱਚ ਭਾਂਡੇ ਬਣਾਉਂਦਾ ਦੇਖ ਅਸੀਂ ਉਸ ਕੋਲ ਖੜ੍ਹ ਜਾਂਦੇ ਸੀ। ਲਾਲ ਚੰਦ ਤੇਜ਼ੀ ਨਾਲ ਲੱਕੜ ਦੇ ਡੰਡੇ ਨਾਲ ਚੱਕ ਨੂੰ ਘੁਮਾ ਕੇ ਉਸ ਉੱਪਰ ਗੁੰਨ੍ਹੀ ਹੋਈ ਮਿੱਟੀ ਰੱਖ ਦਿੰਦਾ। ਚੱਕ ਉੱਪਰ ਰੱਖੀ ਹੋਈ ਮਿੱਟੀ ਨੂੰ ਉਹ ਆਪਣੇ ਹੱਥਾਂ ਦੀ ਕਲਾ ਨਾਲ ਵੱਖ-ਵੱਖ ਆਕਾਰ ਦੇ ਕੇ, ਮਿੱਟੀ ਦੇ ਵੱਖ-ਵੱਖ ਬਰਤਨ ਤਿਆਰ ਕਰ ਦਿੰਦਾ। ਉਸ ਨੂੰ ਭਾਂਡੇ ਬਣਾਉਂਦਾ ਦੇਖ ਸਾਨੂੰ ਇਹ ਇੱਕ ਖੇਡ ਜਿਹੀ ਜਾਪਦੀ। ਇਸ ਲਈ ਸਕੂਲ ਤੋਂ ਪਰਤਦੇ ਸਮੇਂ ਅਸੀਂ ਜ਼ਰੂਰ ਉਸ ਨੂੰ ਦੇਖਦੇ। ਲਾਲ ਚੰਦ ਦੇ ਇਸ ਕੰਮ ਵਿੱਚ ਉਸ ਦਾ ਛੋਟਾ ਪੁੱਤਰ ਪਾਲਾ ਵੀ ਹੱਥ ਵਟਾਉਂਦਾ ਸੀ। ਉਸ ਦੇ ਬਾਕੀ ਤਿੰਨ ਪੁੱਤਰ ਆਪੋ-ਆਪਣਾ ਕੋਈ ਛੋਟਾ ਮੋਟਾ ਰੁਜ਼ਗਾਰ ਤੋਰ ਕੇ ਗੁਜ਼ਾਰਾ ਚਲਾ ਰਹੇ ਸਨ। ਲਾਲ ਚੰਦ ਜਦ ਰੱਬ ਨੂੰ ਪਿਆਰਾ ਹੋ ਗਿਆ ਤਾਂ ਪਾਲੇ ਨੇ ਮਿੱਟੀ ਦੇ ਭਾਂਡੇ ਬਣਾਉਣ ਦਾ ਸਾਰਾ ਕੰਮ ਸਾਂਭ ਲਿਆ ਸੀ। ਪਿੰਡ ਤੋਂ ਸਿਵਾਏ ਲਾਗਲੇ ਪਿੰਡਾਂ ਦੇ ਲੋਕ ਵੀ ਉਸ ਕੋਲੋਂ ਭਾਂਡੇ ਲੈ ਕੇ ਜਾਂਦੇ ਸਨ। ਪਾਲੇ ਦੀ ਉਨ੍ਹਾਂ ਨਾਲ ਸੇਪੀ ਹੁੰਦੀ ਸੀ। ਭਾਵ ਕਿ ਲੋਕਾਂ ਨੂੰ ਸਾਲ ਭਰ ਵਿੱਚ ਜਿੰਨੇ ਮਿੱਟੀ ਦੇ ਭਾਂਡੇ ਚਾਹੀਦੇ ਹੁੰਦੇ ਸਨ ਉਹ ਲੈ ਜਾਂਦੇ ਸਨ। ਬਦਲੇ ਵਿੱਚ ਉਹ ਪਾਲੇ ਨੂੰ ਹਾੜੀ-ਸਾਉਣੀ ਨੂੰ ਕਣਕ-ਝੋਨਾ ਤੋਲ ਦਿੰਦੇ ਸਨ। ਹਾੜੀ ਦੀ ਰੁੱਤ ਸਮੇਂ ਜਦ ਵੀ ਪਾਲਾ ਕਿਸੇ ਦੇ ਖੇਤ ਕਣਕ ਦੀ ਵਾਢੀ ਸ਼ੁਰੂ ਹੁੰਦਿਆਂ ਦੇਖਦਾ ਤਾਂ ਉਹ ਆਪਣੇ ਪਿਤਾ ਵਾਂਗ ਹੀ ਖ਼ੁਸ਼ੀ-ਖ਼ੁਸ਼ੀ ਦੋ ਕੋਰੇ ਘੜੇ ਉਨ੍ਹਾਂ ਦੇ ਖੇਤਾਂ ਵਿੱਚ ਦੇ ਆਉਂਦਾ। ਉਨ੍ਹਾਂ ਘੜਿਆਂ ਨੂੰ ਖੇਤ ਵਿੱਚ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਫ਼ਸਲ ਦੀ ਕਟਾਈ ਸਮੇਂ ਇਸ ਨੂੰ ਇੱਕ ਚੰਗਾ ਸ਼ਗਨ ਵੀ ਸਮਝਿਆ ਜਾਂਦਾ ਸੀ। ਇਨ੍ਹਾਂ ਘੜਿਆਂ ਬਦਲੇ ਲੋਕ ਪਾਲੇ ਨੂੰ ਰੀੜੀ ਦਿੰਦੇ ਸਨ। ਇਹ ਰੀਤ ਲੰਮੇ ਸਮੇਂ ਤੋਂ ਚਲਦੀ ਆ ਰਹੀ ਸੀ।
ਪਰ ਅੱਜ ਪਹਿਲੀ ਵਾਰ ਅਜਿਹਾ ਹੋਇਆ ਕਿ ਵਾਢੀ ਸਮੇਂ ਪਾਲਾ ਸਾਡੇ ਖੇਤਾਂ ਵਿੱਚ ਘੜੇ ਨਾ ਦੇਣ ਪਹੁੰਚਿਆ। ਬਾਪੂ ਜੀ ਸਵੇਰੇ ਸਾਝਰੇ ਹੀ ਖੇਤਾਂ ਵਿੱਚ ਚਲੇ ਗਏ ਸਨ, ਵਾਪਸ ਘਰ ਆ ਕੇ ਪੁੱਛਣ ਲੱਗੇ, ”ਬੱਚੇ ਪਾਲਾ ਘਰੇ ਕੋਈ ਨਵਾਂ ਘੜਾ ਤਾਂ ਨਹੀਂ ਫੜਾ ਗਿਆ?” ”ਨਹੀਂ ਬਾਪੂ ਜੀ, ਘਰ ਤਾਂ ਕੋਈ ਵੀ ਨਵਾਂ ਘੜਾ ਨਹੀਂ ਆਇਆ।” ਮੈਂ ਬਾਪੂ ਜੀ ਨੂੰ ਆਸਾ-ਪਾਸਾ ਦੇਖ ਕੇ ਦੱਸਿਆ। ”ਹੋ ਸਕਦਾ ਹੈ ਕਿ ਪਾਲਾ ਕਿਤੇ ਕੰਮ-ਧੰਦੇ ਬਾਹਰ ਹੀ ਨਾ ਗਿਆ ਹੋਵੇ, ਚਲੋ ਜਾ ਕੇ ਪਤਾ ਕਰਦੇ ਹਾਂ।” ਬਾਪੂ ਜੀ ਗੰਭੀਰ ਜਿਹੇ ਹੋ ਕੇ ਆਖਣ ਲੱਗੇ। ਮੈਂ ਤੇ ਬਾਪੂ ਜੀ ਦੋਵੇਂ ਪਾਲੇ ਦੇ ਘਰ ਚਲੇ ਗਏ। ਜਦ ਅਸੀਂ ਉਨ੍ਹਾਂ ਦੇ ਦਰਵਾਜ਼ੇ ਵਿੱਚ ਪਹੁੰਚੇ ਤਾਂ ਪਾਲਾ ਕਿਸੇ ਪਸ਼ੂ ਦਾ ਸੰਗਲ ਠੀਕ ਕਰ ਰਿਹਾ ਸੀ। ਸਾਨੂੰ ਦੇਖ ਉਹ ਖੜ੍ਹਾ ਹੋ ਗਿਆ। ”ਆਓ ਜੀ” ਕਹਿ ਕੇ ਉਸ ਨੇ ਬਾਪੂ ਜੀ ਦੇ ਪੈਰੀਂ ਹੱਥ ਲਾਏ ਅਤੇ ਸਾਨੂੰ ਸਤਿਕਾਰ ਸਹਿਤ ਦਰਵਾਜ਼ੇ ਵਿੱਚ ਡੱਠੇ ਮੰਜੇ ਉੱਪਰ ਬੈਠਣ ਲਈ ਕਿਹਾ।
”ਦੱਸੋ ਕੀ ਸੇਵਾ ਕਰੀਏ ਸਰਦਾਰ ਜੀ?” ਪਾਲੇ ਨੇ ਬਾਪੂ ਜੀ ਨੂੰ ਸਤਿਕਾਰ ਨਾਲ ਪੁੱਛਿਆ।
ਬਾਪੂ ਜੀ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ, ”ਪਾਲਿਆ, ਤੂੰ ਅੱਜ ਖੇਤ ਘੜੇ ਦੇਣ ਨਹੀਂ ਆਇਆ, ਮੈਂ ਤੈਨੂੰ ‘ਡੀਕ-‘ਡੀਕ ਕੇ ਤੇਰੇ ਕੋਲ ਆਇਆਂ।”
”ਮਾਫ਼ੀ ਚਾਹੁੰਦਾ ਹਾਂ ਜੀ, ਪਰ ਮੈਂ ਕਰਾਂ ਤਾਂ ਕੀ ਕਰਾਂ, ਇੱਕ ਤਾਂ ਹੁਣ ਘੜਿਆਂ ਦੀ ਲਾਗਤ ਬਹੁਤ ਘੱਟ ਹੈ। ਲੋਕ ਫਰਿੱਜਾਂ ਦਾ ਠੰਢਾ ਪਾਣੀ ਪੀਂਦੇ ਹਨ। ਹੁਣ ਮਿੱਟੀ ਦੇ ਘੜੇ ਨੂੰ ਘਰ ‘ਚ ਕੋਈ ਰੱਖ ਕੇ ਰਾਜ਼ੀ ਨਹੀਂ। ਦੂਜਾ ਇਸ ਕੰਮ ਵਿੱਚ ਮਿਹਨਤ ਵੀ ਬਹੁਤ ਹੋ ਜਾਂਦੀ ਹੈ। ਨੇੜਿਓਂ ਕਿਤੋਂ ਮਿੱਟੀ ਵੀ ਨਹੀਂ ਮਿਲਦੀ, ਉਹ ਵੀ ਦੂਰ ਦੁਰਾਡਿਓਂ ਮੁੱਲ ਲਿਆਉਣੀ ਪੈਂਦੀ ਹੈ। ਰਹੀ ਗੱਲ ਆਪਣੇ ਖੇਤ ਘੜੇ ਫੜਾਉਣ ਦੀ ਤਾਂ ਇਸ ਵਾਰ ਮੇਰੀ ਕਿਸਮਤ ਨੂੰ ਆਵਾ ਹੀ ਕੱਚਾ ਨਿਕਲਿਆ। ਮੇਰੀ ਸਾਰੀ ਮਿਹਨਤ ਖੂਹ ਵਿੱਚ ਪੈ ਗਈ। ਮੇਰੇ ਬਾਕੀ ਭਰਾ ਤਾਂ ਮੈਨੂੰ ਕਦੋਂ ਦੇ ਕਹਿੰਦੇ ਆ ਕਿ ਕੋਈ ਦਿਹਾੜੀ-ਦੱਪਾ ਹੀ ਕਰ ਲੈ, ਚੰਗਾ ਰਹੇਂਗਾ।” ਇੰਨਾ ਕਹਿ ਪਾਲਾ ਅੱਖਾਂ ਭਰ ਆਇਆ। ਬਾਪੂ ਜੀ ਨੇ ਪਾਲੇ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਕਹਿਣ ਲੱਗੇ, ”ਪਾਲਿਆ, ਜੇਕਰ ਤੂੰ ਮਿੱਟੀ ਦੇ ਘੜੇ ਨਕਾਰਨ ਵਾਲਿਆਂ ਦੀ ਗੱਲ ਕਰਦਾ ਏਂ ਤਾਂ ਬਿਲਕੁਲ ਵੀ ਨਾ ਘਬਰਾ। ਬਰਫ਼ ਵਾਲਾ ਠੰਢਾ ਪਾਣੀ ਪੀਣ ਵਾਲਿਆਂ ਨੂੰ ਪੀ ਲੈਣ ਦੇ ਜਿੰਨਾ ਪੀਣਾ, ਮੱਛੀ ਵੀ ਪੱਥਰ ਚੱਟ ਕੇ ਮੁੜਦੀ ਹੈ। ਇਹ ਲੋਕ ਵੀ ਜ਼ਰੂਰ ਮੁੜਨਗੇ। ਤੂੰ ਹੋਰ ਕੰਮ ਵੀ ਨਾਲ ਜਿਹੜਾ ਮਰਜ਼ੀ ਕਰ ਲੈ ਪਰ ਭਾਂਡੇ ਬਣਾਉਣਾ ਵੀ ਨਾ ਛੱਡ। ਆਉਣ ਵਾਲੇ ਸਮੇਂ ਵਿੱਚ ਤੇਰੇ ਮਿਹਨਤ ਨਾਲ ਬਣਾਏ ਮਿੱਟੀ ਦੇ ਭਾਂਡੇ ਧੜਾਧੜ ਵਿਕਣਗੇ ਅਤੇ ਰਹੀ ਗੱਲ ਤੇਰੇ ਕੱਚੇ ਆਵੇ ਦੀ ਤਾਂ ਆਹ ਫੜ ਪੈਸੇ, ਤੂੰ ਨਵਾਂ ਆਵਾ ਪਾ ਲੈ।” ਬਾਪੂ ਜੀ ਕੋਲੋਂ ਪੈਸੇ ਫੜ ਉਸ ਨੇ ਆਪਣੀਆਂ ਅੱਖਾਂ ਗਲ ਵਿੱਚ ਪਾਏ ਪਰਨੇ ਨਾਲ ਪੂੰਝ ਲਈਆਂ। ”ਲਿਆ ਕੋਈ ਦੋ ਘੜੇ ਹੈਗੇ ਆ ਤਾਂ, ਖੇਤ ਚੱਲੀਏ, ਐਂਤਕੀ ਤਾਂ ਖੇਤ ਨੂੰ ਰੂਪ ਹੀ ਨਹੀਂ ਚੜ੍ਹਿਆ। ਕੋਰੇ ਘੜੇ ਦੇ ਠੰਢੇ ਪਾਣੀ ਬਿਨਾਂ ਤਾਂ ਦਰੱਖਤ ਦੀ ਛਾਂ ਵੀ ਸੁੰਨੀ ਲੱਗਦੀ ਐ।” ਪਾਲਾ ਛੇਤੀ ਦੇਣੇ ਅੰਦਰੋਂ ਇੱਕ ਨਵਾਂ ਘੜਾ ਲੈ ਆਇਆ ਅਤੇ ਕਹਿਣ ਲੱਗਾ ਕਿ ਕੰਮ ਛੱਡਿਆ ਹੋਣ ਕਰਕੇ ਇੱਕੋ ਹੀ ਪਿਆ ਸੀ ਤੇ ਕੋਰਾ ਘੜਾ ਚੁੱਕ ਉਹ ਬਾਪੂ ਜੀ ਨਾਲ ਖੇਤਾਂ ਵੱਲ ਤੁਰ ਪਿਆ।

Exit mobile version