ਸੂਬਾਈ ਸਰਕਾਰ ਵੱਲੋਂ $340 ਮਿਲੀਅਨ ਦੀ ਰਕਮ ਰੱਖੀ ਗਈ ਰਾਖਵੀਂ
ਸਰੀ, (ਅਮਰਪਾਲ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਸੂਬੇ ਦੇ ਵਧ ਰਹੇ ਆਬਾਦੀ ਵਾਲੇ ਇਲਾਕਿਆਂ ਵਿੱਚ ਵਿਦਿਆਰਥੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ 10 ਸਕੂਲਾਂ ਵਿੱਚ ਨਵੇਂ ਕਲਾਸ ਰੂਮਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਨਵੇਂ ਕਮਰੇ 1,700 ਤੋਂ ਵੱਧ ਵਿਦਿਆਰਥੀ ਲਈ ਬਣਾਏ ਜਾਣਗੇ। ਬੋਵਿਨ ਮੇਅ, ਇਨਫਰਾਸਟਰੱਕਚਰ ਮੰਤਰੀ ਨੇ ਕਿਹਾ, ”ਬੀ.ਸੀ. ਦੇ ਕਈ ਸ਼ਹਿਰਾਂ ਵਿੱਚ ਸਕੂਲਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ ਅਤੇ ਅਸੀਂ ਜ਼ਰੂਰੀ ਤੌਰ ‘ਤੇ ਸਕੂਲਾਂ ਦੀ ਡਿਲੀਵਰੀ ਨੂੰ ਤੇਜ਼ ਕਰਨ ਉੱਤੇ ਕੰਮ ਕਰ ਰਹੇ ਹਾਂ। ਸੂਬੇ ਭਰ ‘ਚ ਹੋ ਰਹੀ ਇਤਿਹਾਸਕ ਰਕਮ ਦੀ ਨਿਵੇਸ਼ ਨਾਲ ਅਸੀਂ ਹਕੀਕਤ ਵਿੱਚ ਵਧੇਰੇ ਵਿਦਿਆਰਥੀਆਂ ਲਈ ਢਾਂਚਾ ਤਿਆਰ ਕਰ ਰਹੇ ਹਾਂ।”
2025 ਦੀ ਸ਼ੁਰੂਆਤ ਤੋਂ ਹੀ ਲੈਂਗਲੀ, ਐਬਟਸਫੋਰਡ, ਕਿਲੋਨਾ, ਕਾਥੇਟ (ਪਾਓਵਲ ਰਿਵਰ), ਕੋਮੌਕਸ, ਨੋਨਾਈਮੋ, ਪੈਮਬਰਟਨ ਅਤੇ ਪ੍ਰਿੰਸ ਰੂਪਰਟ ਵਰਗੇ ਸ਼ਹਿਰਾਂ ਵਿੱਚ ਨਵੀਆਂ ਕਲਾਸਾਂ ਬਣ ਰਹੀਆਂ ਹਨ। ਇਨ੍ਹਾਂ ਪ੍ਰਾਜੈਕਟਾਂ ਲਈ ਸੂਬਾਈ ਸਰਕਾਰ ਵੱਲੋਂ $340 ਮਿਲੀਅਨ ਦੀ ਰਕਮ ਰਾਖਵੀਂ ਰੱਖੀ ਗਈ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਦੇ ਇਲਾਕਿਆਂ ਵਿੱਚ ਹੀ ਸੁਰੱਖਿਅਤ ਅਤੇ ਆਧੁਨਿਕ ਸਿੱਖਿਆ ਸਹੂਲਤਾਂ ਮਿਲਣਗੀਆਂ। ਸਿੱਖਿਆ ਅਤੇ ਬੱਚਿਆਂ ਦੀ ਦੇਖਭਾਲ ਮੰਤਰੀ ਲੀਜ਼ਾ ਬੀਅਰ ਨੇ ਕਿਹਾ, ”ਮੈਂ ਖੁਦ ਵੇਖਿਆ ਹੈ ਕਿ ਨਵੇਂ ਸਕੂਲ ਅਤੇ ਆਧੁਨਿਕ ਕਲਾਸਰੂਮ ਕਿਵੇਂ ਵਿਦਿਆਰਥੀਆਂ ਅਤੇ ਉਨ੍ਹਾਂ ਦੀ ਭਲਾਈ ਉੱਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਹ ਨਿਵੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਸਫਲਤਾ ਅਤੇ ਮੌਕੇ ਤਿਆਰ ਕਰਨਗੇ।”
2017 ਤੋਂ ਲੈ ਕੇ ਹੁਣ ਤਕ, ਬੀ.ਸੀ. ਸਰਕਾਰ ਵੱਲੋਂ ਸਕੂਲ ਢਾਂਚਾ ਵਿਕਾਸ ਵਿੱਚ $6 ਬਿਲੀਅਨ ਤੋਂ ਵੱਧ ਦੀ ਰਕਮ ਨਿਵੇਸ਼ ਕੀਤੀ ਗਈ ਹੈ, ਜਿਸ ਨਾਲ ਲਗਭਗ 43,000 ਨਵੇਂ ਵਿਦਿਆਰਥੀ ਸੀਟਾਂ ਅਤੇ 39,000 ਤੋਂ ਵੱਧ ਭੂਚਾਲ-ਸੁਰੱਖਿਅਤ ਸੀਟਾਂ ਉਪਲਬਧ ਕਰਵਾਈਆਂ ਗਈਆਂ ਹਨ। ਲੈਂਗਲੀ ਸਕੂਲ ਬੋਰਡ ਦੀ ਚੇਅਰ ਕੈਂਡੀ ਐਸ਼ਡਾਊਨ ਨੇ ਕਿਹਾ, ”ਲੈਂਗਲੀ ਸੈਕੰਡਰੀ ਸਕੂਲ ਵਿੱਚ ਹੋ ਰਹੀ ਨਵੀਨਤਾ, ਮੋਡਿਊਲਰ ਵਿਸਥਾਰ ਅਤੇ ਲੈਟਿਮਰ ਨੇੜਲੇ ਨਵੇਂ ਸਾਈਟ ਦੀ ਖਰੀਦ ਇਹ ਸਭ ਪ੍ਰਾਜੈਕਟ ਇਲਾਕੇ ਵਿੱਚ ਵਿਦਿਆਰਥੀ ਭਰਤੀ ਦੇ ਦਬਾਅ ਨੂੰ ਘਟਾਉਣ ਲਈ ਅਹਿਮ ਕਦਮ ਹਨ।” ਬੀ.ਸੀ. ਸਰਕਾਰ ਨੇ ਦੁਹਰਾਇਆ ਕਿ ਜਿਵੇਂ ਜਿਵੇਂ ਸੂਬਾ ਵਧ ਰਿਹਾ ਹੈ, ਉਹ ਸਕੂਲ ਜ਼ਿਲ੍ਹਿਆਂ ਅਤੇ ਨਗਰ ਪਾਲਿਕਾਵਾਂ ਨਾਲ ਮਿਲ ਕੇ ਹਰ ਵਿਦਿਆਰਥੀ ਲਈ ਸੁਰੱਖਿਅਤ, ਆਧੁਨਿਕ ਅਤੇ ਪ੍ਰੇਰਕ ਸਿੱਖਿਆ ਢਾਂਚਾ ਉਪਲਬਧ ਕਰਵਾਉਣ ਲਈ ਵਚਨਬੱਧ ਹੋ ਰਹੇ ਹਨ। This report was written by Amarpal Singh as part of the Local Journalism Initiative.