ਵਾਸ਼ਿੰਗਟਨ : ਅਮਰੀਕੀ ਚੋਣਾਂ ‘ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ‘ਤੇ ਨਿਸ਼ਾਨਾ ਸਾਧਿਆ ਹੈ। ਟਰੰਪ ਨੇ ਜ਼ੁਕਰਬਰਗ ‘ਤੇ 2020 ਦੀਆਂ ਚੋਣਾਂ ਦੌਰਾਨ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।
ਟਰੰਪ ਨੇ ਕਿਹਾ ਕਿ ਜੇ ਉਨ੍ਹਾਂ ਨੇ 2024 ਦੀਆਂ ਚੋਣਾਂ ‘ਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਉਮਰ ਕੈਦ ਹੋ ਸਕਦੀ ਹੈ।
ਇਹ ਚੇਤਾਵਨੀ ਟਰੰਪ ਦੀ ਆਉਣ ਵਾਲੀ ਕਿਤਾਬ ‘ਸੇਵ ਅਮਰੀਕਾ’ ਤੋਂ ਆਈ ਹੈ, ਜੋ 3 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਕਿਤਾਬ ‘ਚ ਟਰੰਪ ਨੇ ਮਾਰਕ ਜ਼ੁਕਰਬਰਗ ‘ਤੇ 2020 ਦੀਆਂ ਚੋਣਾਂ ‘ਚ ਧਾਂਦਲੀ ਕਰਨ ਦਾ ਦੋਸ਼ ਲਗਾਇਆ ਹੈ। 78 ਸਾਲਾ ਸਾਬਕਾ ਰਾਸ਼ਟਰਪਤੀ ਨੇ ਜ਼ੁਕਰਬਰਗ ਨਾਲ ਮੁਲਾਕਾਤ ਦਾ ਜ਼ਿਕਰ ਕੀਤਾ ਤੇ ਚੋਣ ਨਤੀਜਿਆਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਮੇਟਾ ਦਾ ਸੀਈਓ ਜਾਂ ਕੋਈ ਹੋਰ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਦਰਅਸਲ, ਹਾਲ ਹੀ ਵਿੱਚ ਮਾਰਕ ਜ਼ਕਰਬਰਗ ਨੇ ਮੰਨਿਆ ਕਿ ਉਸਨੇ ਬਾਇਡੇਨ-ਹੈਰਿਸ ਪ੍ਰਸ਼ਾਸਨ ਦੀ ਬੇਨਤੀ ‘ਤੇ ਕੁਝ ਜਾਣਕਾਰੀ ਨੂੰ ਸੈਂਸਰ ਕੀਤਾ ਸੀ। ਮਾਰਕ ਜ਼ੁਕਰਬਰਗ ਦਾ ਕਹਿਣਾ ਹੈ ਕਿ ਬਾਇਡੇਨ ਪ੍ਰਸ਼ਾਸਨ ਨੇ ਫੇਸਬੁੱਕ ‘ਤੇ ਕੋਵਿਡ-19 ਨਾਲ ਸਬੰਧਤ ਕੁਝ ਸਮੱਗਰੀ ਨੂੰ ਸੈਂਸਰ ਕਰਨ ਲਈ ਦਬਾਅ ਪਾਇਆ। ਇਸ ਤੋਂ ਬਾਅਦ ਟਰੰਪ ਨੇ ਮਾਰਕ ਜ਼ੁਕਰਬਰਗ ‘ਤੇ 2020 ਦੀਆਂ ਚੋਣਾਂ ‘ਚ ਉਨ੍ਹਾਂ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ।