ਓਹਦੇ ਦੇਸ਼

 

ਲੈ ਕੇ ਘਸਮੈਲ਼ਾ ਜਿਹਾ ਖੇਸ
ਤੁਰਿਆਂ ਜਾਵਾਂ ਓਹਦੇ ਦੇਸ਼ ।
ਜਟਾਵਾਂ ਬਣੇ ਨੇ ਮੇਰੇ ਕੇਸ ।
ਉਹਨੂੰ ਪਹਿਚਾਣ ਨਾ ਆਵੇ ਭੇਸ ।

ਉਹ ਤਾਂ ਮਹਿਕੇ ਵਿੱਚ ਹਵਾਵਾਂ।
ਮੈਂ ਤਾਂ ਦਿੰਦਾ ਇਹੀ ਦੁਆਵਾਂ ।
ਜਿੱਧਰ ਵੀ ਮੈਂ ਤੁਰਿਆ ਜਾਵਾਂ।
ਹੋਵਣ ਸੱਜਣ ਦੀਆਂ ਉਹ ਰਾਹਵਾਂ।

ਮੈਂ ਤਾਂ ਵਾਂਗ ਫਕੀਰਾਂ ਰਹਿੰਦਾ ।
ਉਹਦੀ ਮੌਜ ‘ਚ ਉੱਠਦਾ ਬਹਿੰਦਾ।
ਮੈਨੂੰ ਦੇਖ ਕੇ ਉਹ ਵੀ ਕਹਿੰਦਾ ।
ਕਾਹਤੋਂ ਦਰਦ ਜੁਦਾਈਆਂ ਸਹਿੰਦਾ।

ਉਹਦੇ ਦੇਸ਼ ਬਿਨਾਂ ਨੀਂ ਸਰਦਾ ।
ਹੁਣੇ ਪਤਾ ਲੱਗਿਐ ਘਰ ਦਾ ।
ਬੂਹਾ ਖੁੱਲ੍ਹ ਰਿਹਾ ਐ ਦਰ ਦਾ ।
ਅਰਜ਼ਾ ਦਿਲ ਪਿਆ ਐ ਮਰਦਾ ।

ਪਹਿਲਾਂ ਨੱਕ ਬੁੱਲ੍ਹ ਜਿਹਾ ਵਟਾਇਆ ।
ਆਹ ਤਾਂ ਮੰਗਣ ਫੱਕਰ ਆਇਆ ।
ਮੇਰੀ ਝੋਲੀ ਆਟਾ ਪਾਇਆ ।
ਫਿਰ ਥੋੜ੍ਹਾ ਜਿਹਾ ਮੁਸਕਾਇਆ ।

ਓਦੋਂ ਗੀਤ ਪਿਆਰ ਦੇ ਗਾਈਏ ।
ਜਦ ਵੀ ਸੱਜਣ ਮੂਹਰੇ ਆਈਏ ।
ਉਹਦੀ ਖੈਰ ‘ਚ ਮਿਲ ਗਈ ਮੁਕਤੀ ।
ਕਿਉਂ ਨਾ ਐਥੇ ਈ ਮਰ ਜਾਈਏ ।
ਲੇਖਕ : ਅਰਜ਼ਪ੍ਰੀਤ

Related Articles

Latest Articles

Exit mobile version