ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਮਿਲੇਗੀ ਜੀ.ਐਸ.ਟੀ. ‘ਚ ਛੋਟ : ਮਾਰਕ ਕਾਰਨੀ
ਤਿੰਨ ਵਾਰ ਅਪਰਾਧ ਕਰਨ ਵਾਲਿਆਂ ਨੂੰ ਹੋਵੇਗੀ ਉਮਰ ਕੈਦ : ਪੀਅਰ ਪੌਲੀਐਵ
ਵੱਡੀਆਂ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲਾਭਖੋਰੀ ਰੋਕਾਂਗੇ : ਜਗਮੀਤ ਸਿੰਘ
ਸਰੀ, (ਅਮਰਪਾਲ ਸਿੰਘ): ਕੈਨੇਡਾ ਵਿੱਚ 2025 ਦੀਆਂ ਫੈਡਰਲ ਚੋਣਾਂ ਲਈ ਹੁਣ ਸਿਰਫ਼ 10 ਦਿਨ ਬਾਕੀ ਹਨ ਅਤੇ ਕੈਨੇਡਾ ‘ਚ ਹਰ ਪਾਸੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਵੀਰਵਾਰ ਰਾਤ ਮਾਂਟਰੀਅਲ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਹੋਈ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਦੀ ਦੂਜੀ ਬਹਿਸ ਨੇ ਚੋਣਾਂ ਦੇ ਮਾਹੌਲ ਨੂੰ ਨਵੇਂ ਪੜਾਅ ‘ਤੇ ਪਹੁੰਚਾ ਦਿੱਤਾ। ਇਸ ਡਿਬੇਟ ਵਿੱਚ ਚਾਰ ਮੁੱਖ ਪਾਰਟੀਆਂ ਦੇ ਆਗੂ ਲਿਬਰਲ ਪਾਰਟੀ ਦੇ ਮਾਰਕ ਕਾਰਨੀ, ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੌਲੀਐਵ, ਬਲੌਕ ਕਿਊਬੇਕੁਆ ਦੇ ਈਵ-ਫ੍ਰਾਂਸੁਆ ਬਲਾਂਸ਼ੇ, ਅਤੇ ਐਨਡੀਪੀ ਦੇ ਜਗਮੀਤ ਸਿੰਘ ਨੇ ਹਿੱਸਾ ਸ਼ਾਮਲ ਹੋਏ । ਇਸ ਤੋਂ ਇੱਕ ਦਿਨ ਪਹਿਲਾਂ ਫਰੈਂਚ ਭਾਸ਼ਾ ਵਿੱਚ ਬਹਿਸ ਹੋਈ ਸੀ ਜੋ ਕਿ ਮਾਂਟਰੀਅਲ ‘ਚ ਹੋਣ ਵਾਲੇ ਹਾਕੀ ਦੇ ਮੈਚ ਕਾਰਨ ਦੋ ਘੰਟੇ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ। ਗ੍ਰੀਨ ਪਾਰਟੀ ਨੂੰ ਡਿਬੇਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਲੀਡਰਜ਼ ਡਿਬੇਟ ਕਮਿਸ਼ਨ ਦੇ ਮਾਪਦੰਡਾਂ ‘ਤੇ ਪੂਰੀ ਨਹੀਂ ਉਤਰੀ।
ਡਿਬੇਟ ਦੀ ਸ਼ੁਰੂਆਤ ”ਟੈਰੀਫ਼ਾਂ ਅਤੇ ਕੈਨੇਡਾ ਨੂੰ ਚੁਣੌਤੀਆਂ” ਮੌਜੂਦਾ ਥੀਮ ‘ਤੇ ਹੋਈ। ਇਥੇ ਲਿਬਰਲ ਨੇਤਾ ਮਾਰਕ ਕਾਰਨੀ, ਜੋ ਸਰਵੇਖਣਾਂ ਵਿੱਚ ਅੱਗੇ ਚੱਲ ਰਹੇ ਹਨ, ਨੂੰ ਤਿੰਨ ਹੋਰ ਪਾਰਟੀਆਂ ਆਗੂਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਪੀਅਰ ਪੌਲੀਐਵ ਨੇ ਉਨ੍ਹਾਂ ਨੂੰ ਅਲਬਰਟਾ ਤੋਂ ਈਸਟ ਕੋਸਟ ਤੱਕ ਤੇਲ ਪਾਈਪਲਾਈਨ ਦੇ ਵਿਰੋਧ ‘ਤੇ ਆੜੇ ਹੱਥੀਂ ਲਿਆ। ਜਗਮੀਤ ਸਿੰਘ ਨੇ ਇੰਪਲਾਇਮੈਂਟ ਇੰਸ਼ੋਰੈਂਸ ਨੂੰ ਫੈਲਾਉਣ ਵਿੱਚ ਕਾਰਨੀ ਦੀ ਨਾਕਾਮੀ ਦੀ ਗੱਲ ਕੀਤੀ। ਬਲਾਂਸ਼ੇ ਨੇ ਕਾਰਨੀ ‘ਤੇ ਦੋ ਭਾਸ਼ਾਵਾਂ ਵਿੱਚ ਵੱਖ-ਵੱਖ ਬਿਆਨ ਦੇਣ ਦਾ ਦੋਸ਼ ਲਾਇਆ।
ਕਾਰਨੀ ਨੇ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ-ਅਮਰੀਕਾ ਦਾ ਪੁਰਾਣਾ ਰਿਸ਼ਤਾ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਲੋਂ ਵੀ ਟੈਰਿਫ਼ਾਂ ਨੂੰ ਇਸ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਕੈਨੇਡੀਅਨ ਨਾਗਰਿਕਾਂ ਉੱਤੇ ਘੱਟ ਅਸਰ ਪਵੇ। ਨਾਲ ਹੀ ਉਨ੍ਹਾਂ ਨੇ ਸੂਬਿਆਂ ਦਰਮਿਆਨ ਵਪਾਰਕ ਰੁਕਾਵਟਾਂ ਨੂੰ ਖ਼ਤਮ ਕਰਨ ਦੀ ਗੱਲ ਵੀ ਕੀਤੀ।
ਅਗਲਾ ਮੁੱਦਾ ਮਹਿੰਗਾਈ ਅਤੇ ਜੀਵਨ ਦੀ ਲਾਗਤ ਰਿਹਾ। ਕਾਰਨੀ ਅਤੇ ਪੀਅਰ ਪੌਲੀਐਵ ਨੇ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਲਈ ਜੀਐਸਟੀ ਘਟਾਉਣ ਦਾ ਵਾਅਦਾ ਕੀਤਾ, ਪਰ ਕਾਰਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਯੋਜਨਾ ਘਰਾਂ ਦੀ ਗਿਣਤੀ ਵਧਾਉਣ ‘ਤੇ ਕੇਂਦਰਤ ਹੈ। ਪੀਅਰ ਪੌਲੀਐਵ ਨੇ ਦੋਸ਼ ਲਾਇਆ ਕਿ ਕਾਰਨੀ ਸਿਰਫ਼ ਟਰੂਡੋ ਦੀਆਂ ਅਰਥਕ ਨੀਤੀਆਂ ਨੂੰ ਹੀ ਅੱਗੇ ਵਧਾ ਰਹੇ ਹਨ। ਜਿਸ ਦਾ ਜਵਾਬ ਦਿੰਦਿਆਂ ਕਾਰਨੀ ਨੇ ਕਿਹਾ, ”ਤੁਸੀਂ ਸਾਲਾਂ ਲੰਬੀ ਮੁਹਿੰਮ ਟਰੂਡੋ ਅਤੇ ਕਾਰਬਨ ਟੈਕਸ ਦੇ ਖਿਲਾਫ਼ ਚਲਾਈ, ਪਰ ਹੁਣ ਦੋਵੇਂ ਹੀ ਚਲੇ ਗਏ ਹਨ।”
ਜਗਮੀਤ ਸਿੰਘ ਨੇ ਮਹਿੰਗੇ ਹੋ ਰਹੇ ਖਾਣ-ਪੀਣ ‘ਤੇ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਲਾਭਖੋਰੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਐਨਡੀਪੀ ਜੀਐਸਟੀ ਛੋਟ ਦੇ ਨਾਲ ਇਹ ਮੁੱਦਾ ਚੁੱਕੇਗੀ।
ਜਦ ਮੁੱਦਾ ਸੁਰੱਖਿਆ ਅਤੇ ਗੰਨ ਕੰਟਰੋਲ ਉੱਤੇ ਆਇਆ, ਤਾਂ ਕਾਰਨੀ ਤੋਂ ਲਿਬਰਲ ਸਰਕਾਰ ਦੀ ਗੰਨ ਬਾਈਬੈਕ ਸਕੀਮ ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ”ਕਮਰਸ਼ੀਅਲ ਪੱਧਰ ‘ਤੇ ਇਹ ਨੀਤੀ ਕੁਝ ਹੱਦ ਤੱਕ ਸਫ਼ਲ ਰਹੀ, ਪਰ ਵਿਅਕਤੀਗਤ ਪੱਧਰ ‘ਤੇ ਇਹ ਢੰਗ ਨਾਲ ਲਾਗੂ ਨਹੀਂ ਹੋਈ।” ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਮੰਤਰੀ ਨੂੰ ਇਸ ਨੀਤੀ ਨੂੰ ਮੁੜ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪੀਅਰ ਪੌਲੀਐਵ ਨੇ ਵਾਅਦਾ ਕੀਤਾ ਕਿ ਉਹ ਗੰਭੀਰ ਅਪਰਾਧਾਂ ਲਈ ”ਤਿੰਨ ਸਟ੍ਰਾਈਕ ਨੀਤੀ” ਲਿਆਉਣਗੇ। ਉਨ੍ਹਾਂ ਕਿਹਾ, ”ਤਿੰਨ ਗੰਭੀਰ ਅਪਰਾਧਾਂ ਦੀ ਸਜ਼ਾ ਤੋਂ ਬਾਅਦ ਘੱਟੋ-ਘੱਟ 10 ਸਾਲ ਜਾਂ ਜ਼ਿੰਦਗੀ ਭਰ ਦੀ ਕੈਦ ਹੋਵੇਗੀ, ਬਿਨਾਂ ਪੈਰੋਲ ਜਾਂ ਜਮਾਨਤ ਦੇ।”
ਜਗਮੀਤ ਸਿੰਘ ਨੇ ਆਰ.ਸੀ.ਐੱਮ.ਪੀ. ਵਿੱਚ ਸੁਧਾਰ ਦੀ ਗੱਲ ਕੀਤੀ, ਖਾਸ ਕਰਕੇ ਪੇਂਡੂ ਅਤੇ ਉੱਤਰੀ ਖੇਤਰਾਂ ਵਿੱਚ ਹੋ ਰਹੀ ਬਦਸਲੂਕੀ ਅਤੇ ਕਾਨੂੰਨ ਦੇ ਗਲਤ ਉਪਯੋਗ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦਿਆਂ।
ਡਿਬੇਟ ਦੇ ਦੌਰਾਨ ਮਾਡਰੇਟਰ ਪੈਟ੍ਰਿਸ ਰੋਏ ਨੇ ਸਾਰੇ ਨੇਤਾਵਾਂ ਤੋਂ ਪੁੱਛਿਆ ਕਿ ਉਨ੍ਹਾਂ ਦੀਆਂ ਪਾਰਟੀਆਂ ਨੇ ਹੁਣ ਤੱਕ ਆਪਣੀਆਂ ਵਿੱਤੀ ਯੋਜਨਾਵਾਂ ਪੂਰੀ ਤਰ੍ਹਾਂ ਕਿਉਂ ਨਹੀਂ ਦਿੱਤੀਆਂ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਰਾਂ ਦੀ ਛੋਟ ਅਤੇ ਹੋਰ ਵਾਅਦਿਆਂ ਲਈ ਫੰਡ ਕਿੱਥੋਂ ਲਿਆ ਜਾਵੇਗਾ ? ਜਿਸ ਹਰ ਪਾਰਟੀ ਦੇ ਆਗੂ ਨੇ ਗੋਲ-ਮੋਲ ਜਵਾਬ ਹੀ ਦਿੱਤਾ।