ਸੈਕੰਡਰੀ ਵਿਦਿਆਰਥੀਆਂ ਲਈ ਹਾਈਬ੍ਰਿਡ ਲਰਨਿੰਗ ਮੁੜ ਸ਼ੁਰੂ ਕਰਨ ਦਾ ਸਰੀ ਦੇ ਮਾਪਿਆਂ ਵਲੋਂ ਵਿਰੋਧ

ਅਗਲੇ ਹਫ਼ਤੇ ਸਿੱਖਿਆ ਮੰਤਰੀ ਨਾਲ ਲੀਸਾ ਬੀਅਰ ਹੋਵੇਗੀ ਮਾਪਿਆਂ ਅਤੇ ਟਰੱਸਟ ਬੋਰਡ ਦੇ ਮੈਂਬਰਾਂ ਦੀ ਮੀਟਿੰਗ

ਸਰੀ, (ਪਰਮਜੀਤ ਸਿੰਘ): ਸਰੀ ਸਕੂਲ ਡਿਸਟ੍ਰਿਕਟ ਵੱਲੋਂ ਗਰੇਡ 10 ਤੋਂ 12 ਤੱਕ ਦੇ ਸੈਕੰਡਰੀ ਵਿਦਿਆਰਥੀਆਂ ਲਈ ਅਗਲੇ ਸਾਲ ਤੋਂ ਹਾਈਬ੍ਰਿਡ ਲਰਨਿੰਗ ਦੀ ਨਵੀਂ ਪਾਇਲਟ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ ਮਾਪੇ ਚਿੰਤਾ ਜਤਾਉਂਦੇ ਹੋਏ ਵਿਰੋਧ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਹ ਮਾਡਲ, ਜੋ ਕਿ ਇਨ-ਪਰਸਨ ਅਤੇ ਆਨਲਾਈਨ ਦਾ ਮਿਲਿਆ-ਝੁਲਿਆ ਰੂਪ ਹੈ, ਪਹਿਲਾਂ ਕੋਵਿਡ ਦੌਰਾਨ ਅਸਥਾਈ ਤੌਰ ‘ਤੇ ਵਰਤਿਆ ਗਿਆ ਸੀ, ਪਰ ਹੁਣ ਇਸ ਨੂੰ ਅਧਿਕਾਰਕ ਤੌਰ ‘ਤੇ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ। 9 ਅਪਰੈਲ ਨੂੰ ਹੋਈ ਸਕੂਲ ਬੋਰਡ ਮੀਟਿੰਗ ਦੌਰਾਨ ਕਈ ਮਾਪਿਆਂ ਨੇ ਚੇਤਾਵਨੀ ਦਿੱਤੀ ਕਿ ਇਹ ਮਾਡਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ, ਮਨੋਵਿਗਿਆਨਕ ਸਿਹਤ ਅਤੇ ਸਮਾਜਿਕ ਸੰਪਰਕ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਮਾਪਿਆਂ ਨੇ ਮੀਟਿੰਗ ਦੌਰਾਨ ਦਲੀਲ ਦਿੱਤੀ ਕਿ, “ਜਦੋਂ ਕਿ ਅਸੀਂ ਸਹੂਲਤਾਂ ਦੀ ਘਾਟ ਅਤੇ ਵਿੱਤੀ ਪਾਬੰਦੀਆਂ ਨੂੰ ਸਮਝਦੇ ਹਾਂ, ਪਰ ਹਾਈਬ੍ਰਿਡ ਮਾਡਲ ਨਾਲ ਗੰਭੀਰ ਤੇ ਲੰਬੇ ਸਮੇਂ ਵਾਲੇ ਨੁਕਸਾਨ ਹੋ ਸਕਦੇ ਹਨ।”
ਉਨ੍ਹਾਂ ਦੱਸਿਆ ਕਿ ਕੋਵਿਡ ਦੌਰਾਨ ਜਦ ਵਿਦਿਆਰਥੀਆਂ ਨੇ ਇਹ ਮਾਡਲ ਅਨੁਭਵ ਕੀਤਾ ਸੀ, ਤਾਂ ਉਨ੍ਹਾਂ ਨੂੰ ਗਣਿਤ ਅਤੇ ਵਿਗਿਆਨ ਵਿੱਚ ਵਿਸ਼ੇਸ਼ ਕਰਕੇ ਬਹੁਤ ਮੁਸ਼ਕਲਾਂ ਆਈਆਂ। ਮਾਪਿਆਂ ਨੇ ਕਿਹਾ, “ਜਿਹੜੇ ਵਿਦਿਆਰਥੀ ਇਨ-ਪਰਸਨ ਸਮਰਥਨ ਜਾਂ ਨਿਯਮਤ ਸਰਚਨਾ ‘ਤੇ ਨਿਰਭਰ ਹਨ, ਉਹ ਇਸ ਮਾਡਲ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਣਗੇ।” ਉਨ੍ਹਾਂ ਨੇ ਇਸ ਗੱਲ ਦੀ ਵੀ ਚਿੰਤਾ ਜਤਾਈ ਕਿ ਹਰ ਵਿਦਿਆਰਥੀ ਕੋਲ ਇੰਟਰਨੈੱਟ, ਡਿਵਾਈਸ ਜਾਂ ਘਰ ਵਿੱਚ ਸ਼ਾਂਤ ਸਟੱਡੀ ਸਪੇਸ ਨਹੀਂ ਹੁੰਦੀ। ਡਿਸਟ੍ਰਿਕਟ ਵੱਲੋਂ ਜਵਾਬ ਦਿੱਤਾ ਗਿਆ ਕਿ ਟੈਕਨੋਲੋਜੀ ਦੀ ਲੋੜ ਹੋਣ ‘ਤੇ ਵਿਦਿਆਰਥੀਆਂ ਨੂੰ ਇੱਕ ਗ੍ਰਾਂਟ ਰਾਹੀਂ ਲੈਪਟਾਪ ਜਾਂ ਡਿਵਾਈਸ ਦਿੱਤਾ ਜਾਵੇਗਾ ਤਾਂ ਜੋ ਲਰਨਿੰਗ ਨੂੰ ਵਧੇਰੇ ਵਰਤੋਂਯੋਗ ਬਣਾਇਆ ਜਾ ਸਕੇ।
ਮਾਪਿਆਂ ਨੇ ਅੱਗੇ ਦੂਜਾ ਪੱਖ ਪੇਸ਼ ਕਰਦੇ ਹੋਏ ਇਹ ਵੀ ਕਿਹਾ ਕਿ ਅਧਿਆਪਕ ਵੀ ਦੋਹਾਂ ਮਾਡਲਾਂ (ਆਨਲਾਈਨ ਅਤੇ ਇਨ-ਪਰਸਨ) ਨੂੰ ਇਕੱਠੇ ਸੰਭਾਲਣ ਵਿੱਚ ਤਣਾਅ ਮਹਿਸੂਸ ਕਰ ਰਹੇ ਹਨ। “ਉਨ੍ਹਾਂ ਕੋਲ ਨਾ ਪੂਰੀ ਟ੍ਰੇਨਿੰਗ ਹੈ, ਨਾ ਹੀ ਉਚਿਤ ਸਹਿਯੋਗ। ਅਨੇਕ ਅਧਿਆਪਕ ਥੱਕੇ ਹੋਏ ਅਤੇ ਨਿਰਾਸ਼ ਹਨ। ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ। ਟਰੱਸਟ ਬੋਰਡ ਦੇ ਮੈਬਰ ਗੈਰੀ ਥਿੰਦ ਨੇ ਕਿਹਾ ਕਿ ਉਹ ਵੀ ਹਾਈਬ੍ਰਿਡ ਮਾਡਲ ਨਾਲ ਖੁਸ਼ ਨਹੀਂ ਹਨ, ਭਾਵੇਂ ਉਨ੍ਹਾਂ ਦੇ ਗ੍ਰੇਡ-9 ਦੇ ਪੁੱਤ ਨੂੰ ਇਹ ਮਾਡਲ ਪਸੰਦ ਆ ਰਿਹਾ ਹੈ। ਉਨ੍ਹਾਂ ਕਿਹਾ “ਮੇਰਾ ਪੁੱਤਰ ਘਰ ਬੈਠ ਕੇ ਕਲਾਸਾਂ ਲੈਣ ਲਈ ਤਿਆਰ ਹੈ, ਪਰ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਨੂੰ ਖੁਸ਼ੀ ਹੈ, ਤਾਂ ਜਵਾਬ ਹੈ ਨਹੀਂ।” ਸਕੂਲ ਡਿਸਟ੍ਰਿਕਟ ਨੂੰ ਅਗਲੇ ਸਾਲ ਲਈ $16 ਮਿਲੀਅਨ ਦਾ ਬਜਟ ਘਾਟ ਵਿੱਚ ਹੈ ਅਤੇ ਇਸ ਸਮੇਂ 315 ਪੋਰਟੇਬਲ ਕਲਾਸਰੂਮ ਵਰਤੇ ਜਾ ਰਹੇ ਹਨ। ਬੋਰਡ ਨੇ ਸਿਫ਼ਾਰਸ਼ ਕੀਤੀ ਕਿ ਸਾਰੇ ਮਾਪੇ ਆਪਣੇ ਇਲਾਕੇ ਦੇ ਵਿਧਾਇਕਾਂ ਨਾਲ ਗੱਲ ਕਰਨ, ਤਾਂ ਜੋ ਇਹ ਮੁੱਦੇ ਸੂਬਾਈ ਸਰਕਾਰ ਤੱਕ ਪਹੁੰਚ ਸਕਣ। ਟਰੱਸਟੀਜ਼ ਨੇ ਕਿਹਾ ਕਿ ਉਹ ਜਲਦ ਸਿੱਖਿਆ ਮੰਤਰੀ ਲੀਸਾ ਬੀਅਰ ਨਾਲ ਮਿਲਣ ਵਾਲੇ ਹਨ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਇੱਕ ਦਿਨ ਵਿੱਚ ਹੋਣ ਵਾਲਾ ਹੱਲ ਨਹੀਂ ਹੈ, ਕਿਉਂਕਿ ਇਹ ਮੁੱਦੇ ਸਾਲਾਂ ਤੋਂ ਚੱਲ ਰਹੇ ਹਨ।

Exit mobile version