ਸਰੀ ਵਿਚ ਨਵੇਂ ਐਲਿਮੈਂਟਰੀ ਸਕੂਲ ਨੂੰ ਮਿਲੀ ਮਨਜ਼ੂਰੀ, ਸਕੂਲ ਦਾ ਨਾਮ ‘ਰੇਡਵੁੱਡ ਪਾਰਕ ਐਲਿਮੈਂਟਰੀ’ ਰੱਖਿਆ ਨਾਮ

ਸਰੀ, (ਪਰਮਜੀਤ ਸਿੰਘ): ਬੀ.ਸੀ. ਸਰਕਾਰ ਵਲੋਂ ਸਰੀ ਵਿੱਚ ਇਕ ਨਵੇਂ ਐਲਿਮੈਂਟਰੀ ਸਕੂਲ ਦੀ ਮਨਜ਼ੂਰੀ ਮਿਲ ਗਈ ਹੈ, ਜਿਸ ਦਾ ਨਾਮ ਹੁਣ ਆਧਿਕਾਰਿਕ ਤੌਰ ‘ਤੇ ‘ਰੇਡਵੁੱਡ ਪਾਰਕ ਐਲਿਮੈਂਟਰੀ’ ਰੱਖ ਦਿੱਤਾ ਗਿਆ ਹੈ। ਇਹ ਨਵਾਂ ਸਕੂਲ 17390 20 ਐਵਿਨਿਊ ‘ਤੇ ਬਣਾਇਆ ਜਾਵੇਗਾ, ਜੋ ਕਿ ਰੇਡਵੁੱਡ ਪਾਰਕ ਦੇ ਨੇੜੇ ਸਥਿਤ ਹੈ। ਨਾਂ ਚੁਣਨ ਲਈ ਜਦੋਂ ਸਕੂਲ ਭਾਈਚਾਰੇ ਵੱਲੋਂ ਸੁਝਾਅ ਮੰਗੇ ਗਏ ਤਾਂ ਕੁੱਲ 213 ਲੋਕਾਂ ਦੀ ਰਾਏ ਲਈ ਗਈ। ਉਨ੍ਹਾਂ ਵਿੱਚੋਂ ਸਭ ਤੋਂ ਵੱਧ ਵਾਰੀ ਆਉਣ ਵਾਲਾ ਸੁਝਾਅ “ਰੇਡਵੁੱਡ ਪਾਰਕ ਐਲਿਮੈਂਟਰੀ” ਹੀ ਸੀ ਜਿਸ ਤੋਂ ਬਾਅਦ ਇਸ ਨੂੰ ਅਧਿਕਾਰਿਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ।
ਡਿਪਟੀ ਸੁਪਰਿੰਟੈਂਡੈਂਟ ਐਂਡਰੂ ਹੋਲੈਂਡ ਨੇ 9 ਅਪ੍ਰੈਲ ਨੂੰ ਹੋਈ ਸਕੂਲ ਬੋਰਡ ਮੀਟਿੰਗ ਦੌਰਾਨ ਕਿਹਾ, “ਰੇਡਵੁੱਡ ਪਾਰਕ ਕਮਿਊਨਿਟੀ ਲਈ ਇਕ ਮਹੱਤਵਪੂਰਨ ਨਿਸ਼ਾਨੀ ਹੈ, ਜੋ ਆਪਣੀ ਸੁੰਦਰ ਜੰਗਲਾਤੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ।”
ਸਰੀ ਸਕੂਲ ਜ਼ਿਲ੍ਹੇ ਵੈੱਬਸਾਈਟ ਅਨੁਸਾਰ, ਇਸ ਨਵੇਂ ਸਕੂਲ ਲਈ ਨਾਂ ਦੀ ਪ੍ਰਕਿਰਿਆ 2021 ਵਿੱਚ ਸ਼ੁਰੂ ਕੀਤੀ ਗਈ ਸੀ। “ਰੇਡਵੁੱਡ ਪਾਰਕ ਐਲਿਮੈਂਟਰੀ” ਉਸ ਵੇਲੇ ਵੀ ਚੁਣੇ ਗਏ ਨਾਂਵਾਂ ਵਿੱਚੋਂ ਇੱਕ ਸੀ।
ਸਾਬਕਾ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਮਾਰਚ 2024 ਵਿਚ ਸੂਬਾਈ ਚੋਣਾਂ ਤੋਂ ਪਹਿਲਾਂ ਦੱਸਿਆ ਸੀ ਕਿ ਲੰਬੇ ਸਮੇਂ ਦੀ ਯੋਜਨਾ ਬਣਾਉਣ ਤੋਂ ਬਾਅਦ ਹੁਣ ਇਹ ਪ੍ਰੋਜੈਕਟ ਅੱਗੇ ਵਧ ਰਿਹਾ ਹੈ। ਸਕੂਲ ਡਿਸਟ੍ਰਿਕਟ ਦੀ ਵੈੱਬਸਾਈਟ ਅਨੁਸਾਰ, ਇਹ ਸਕੂਲ 37 ਕਲਾਸਰੂਮਾਂ ਵਾਲਾ ਹੋਵੇਗਾ ਅਤੇ ਇਸ ਦਾ ਨਕਸ਼ਾ ਤੇ ਤਿਆਰੀ ਦੀ ਪ੍ਰਕਿਰਿਆ ਹਾਲੇ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਸਕੂਲ ਦੇ ਬਣਨ ਅਤੇ ਵਿਦਿਆਰਥੀਆਂ ਵਾਸਤੇ ਖੋਲ੍ਹੇ ਜਾਣ ਦੀ ਅੰਤਿਮ ਮਿਤੀ ਹਾਲੇ ਵੀ ਨਿਰਧਾਰਤ ਨਹੀਂ ਕੀਤੀ ਗਈ। ਨਵੇਂ ਨਾਂ ਦੀ ਮਨਜ਼ੂਰੀ ਸੰਬੰਧੀ ਮੋਸ਼ਨ ਪਾਸ ਕਰ ਦਿੱਤਾ ਗਿਆ।

Exit mobile version