ਬਾਤ ਕਰਦਾ ਸੀ, ਸਦਾ ਜੋ ਪਿਆਰ ਦੀ।
ਪੀੜ ਬਣ ਕੇ, ਰਹਿ ਗਿਆ ਹੈ ਖਾਰ ਦੀ।
ਗ਼ਮ ਨਹੀਂ ਹੁਣ, ਮਾਣਦੇ ਹਾਂ ਜ਼ਿੰਦਗੀ,
ਨਾ ਖ਼ੁਸ਼ੀ ਹੈ ਜਿੱਤ ਦੀ, ਨਾ ਹਾਰ ਦੀ।
ਨਾ ਸਦਾ ਪਤਝੜ ਰਹੇ, ਸਭ ਜਾਣਦੇ,
ਰੁੱਤ ਮੁੜ ਕੇ ਮਾਣ ਲੈ ਬਹਾਰ ਦੀ।
ਜ਼ਿੰਦਗੀ ਦਾ ਸੱਚ, ਸੁਣ ਮਨ ਡੋਲਿਆ,
ਨਾ ਕਦੇ ਲੰਘੀ ਮੁੜੇ, ਰੁੱਤ ਪਿਆਰ ਦੀ।
ਨਾ ਕਰੀਂ ਸ਼ਿਕਵਾ, ਕਦੇ ਵੀ ਯਾਰ ‘ਤੇ,
ਸਾਂਭ ਰੱਖੀਂ, ਤੂੰ ਨਿਸ਼ਾਨੀ ਯਾਰ ਦੀ।
ਸੱਚ ਰੱਖੀਂ ਕੋਲ, ਜੋ ਨਾ ਹਾਰਦਾ,
ਜਿੱਤ ਹੁੰਦੀ ਹੈ, ਸਦਾ ਹੀ ਪਿਆਰ ਦੀ।
ਮਨ ‘ਚ ਨਾ ਤੂੰ, ਖੋਟ ਰੱਖੀਂ ਆਪਣੇ,
ਰੱਬ ਨਾਲੋਂ ਵੱਧ, ਸ਼ਕਤੀ ਨਾਰ ਦੀ।
ਚੱਲਦੀ ਕਾਨੀ ਰਹੇ, ਜੇ ਮਿੱਤਰਾ,
ਫੇਰ ਸਾਨੂੰ, ਲੋੜ ਕੀ ਤਲਵਾਰ ਦੀ।
ਲੇਖਕ : ਡਾ. ਹਰਨੇਕ ਸਿੰਘ ਕਲੇਰ