ਵੈਨਕੂਵਰ ਆਈਲੈਂਡ ਅਤੇ ਮੈਟਰੋ ਵੈਨਕੂਵਰ ਨੇੜੇ ਆਇਆ 3.8 ਤੀਬਰਤਾ ਦਾ ਭੂਚਾਲ

ਸਰੀ : ਵੀਰਵਾਰ ਸਵੇਰੇ ਬ੍ਰਿਟਿਸ਼ ਕੋਲੰਬਿਆ ਦੇ ਸਿਡਨੀ ਨੇੜੇ 3.8 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਵੈਨਕੂਵਰ ਆਈਲੈਂਡ ਅਤੇ ਮੈਟਰੋ ਵੈਨਕੂਵਰ ਦੇ ਕੁਝ ਹਿੱਸਿਆਂ ਵਿਚ ਹਲਕੇ ਝਟਕੇ ਮਹਿਸੂਸ ਕੀਤੇ ਗਏ। ਅਰਥਕੁਏਕ ਕੈਨੇਡਾ ਅਨੁਸਾਰ, ਭੂਚਾਲ ਦਾ ਕੇਂਦਰ ਸਿਡਨੀ, ਬੀਸੀ ਤੋਂ ਲਗਭਗ 11 ਕਿਲੋਮੀਟਰ ਪੂਰਬ ਵਿੱਚ ਅਤੇ ਵੈਨਕੂਵਰ ਤੋਂ 75 ਕਿਲੋਮੀਟਰ ਦੱਖਣ ਵੱਲ ਸੀ।
ਨੈਚਰਲ ਰਿਸੋਰਸੇਜ਼ ਕੈਨੇਡਾ ਦੇ ਭੂਚਾਲ ਵਿਗਿਆਨੀ ਕੌਲਿਨ ਪੌਲ ਨੇ ਦੱਸਿਆ ਕਿ ਦੱਖਣੀ ਵੈਨਕੂਵਰ ਆਈਲੈਂਡ, ਖਾਸ ਤੌਰ ‘ਤੇ ਸੂਕ ਅਤੇ ਲੇਡੀਸਮਿੱਥ ਦਰਮਿਆਨ ਦੇ ਤੱਟਵਰਤੀ ਇਲਾਕੇ ਅਤੇ ਮੈਟਰੋ ਵੈਨਕੂਵਰ ਵਿਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਵਿਕਟੋਰੀਆ ਵਿਚ ਲੋਕਾਂ ਨੇ ਹਲਚਲ ਮਹਿਸੂਸ ਕੀਤੀ, ਜਦਕਿ ਵੈਨਕੂਵਰ ਵਿਚ ਮਾਮੂਲੀ ਝਟਕੇ ਰਿਕਾਰਡ ਕੀਤੇ ਗਏ।
ਭੂਚਾਲ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਪੌਲ ਨੇ ਦੱਸਿਆ ਕਿ 3.8 ਤੀਬਰਤਾ ਦਾ ਭੂਚਾਲ ਆਮ ਤੌਰ ‘ਤੇ ਤਬਾਹਕੁੰਨ ਨਹੀਂ ਹੁੰਦਾ। ਇਸ ਤੀਬਰਤਾ ਦੇ ਭੂਚਾਲ ਆਮ ਤੌਰ ‘ਤੇ ਇੱਕ ਦਹਾਕੇ ਵਿਚ ਇੱਕ ਵਾਰੀ ਆਉਂਦੇ ਹਨ, ਅਤੇ ਸਿਡਨੀ ਇਲਾਕੇ ਵਿੱਚ ਪਿਛਲਾ ਭੂਚਾਲ 2015 ਵਿੱਚ ਦਰਜ ਕੀਤਾ ਗਿਆ ਸੀ।
ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਵੀ ਇਸ ਘਟਨਾ ਬਾਰੇ ਪ੍ਰਤੀਕ੍ਰਿਆ ਦਿੱਤੀ। ਬੀਸੀ ਦੇ ਐਲਡਰਗ੍ਰੋਵ ਦੇ ਇੱਕ ਯੂਜ਼ਰ ਨੇ ਭੂਚਾਲ ਮਹਿਸੂਸ ਹੋਣ ਦੀ ਪੋਸਟ ਪਾਈ, ਜਦਕਿ ਡਾਊਨਟਾਊਨ ਵੈਨਕੂਵਰ ਦੇ ਇੱਕ ਹੋਰ ਯੂਜ਼ਰ ਨੇ ਕਿਹਾ ਕਿ ਉਸਦੇ ਅਪਾਰਟਮੈਂਟ ਵਿੱਚ ਝਟਕੇ ਕਾਰਨ ਹਲਚਲ ਪੈ ਗਈ।
ਹਾਲਾਂਕਿ, ਇਹ ਭੂਚਾਲ ਲੋਕਾਂ ਲਈ ਇੱਕ ਚੇਤਾਵਨੀ ਹੈ ਕਿ ਇਲਾਕਾ ਭੂਚਾਲ ਪ੍ਰਭਾਵਿਤ ਹੈ, ਪਰ ਕਿਸੇ ਤਬਾਹੀ ਦੀ ਸੂਚਨਾ ਨਹੀਂ ਦਿੱਤੀ ਗਈ।

Exit mobile version