ਸੋਚਾਂ

ਰੂਹ ਦੀ ਗੱਲ ਕਹਿ ਜਾਵਣ ਸੋਚਾਂ।
ਬੁਰੀ ਤਰ੍ਹਾਂ ਤੜਫਾਵਣ ਸੋਚਾਂ।

ਮੈ ਤੇ ਕਲਮ ਜਦੋਂ ਵੀ ਬਹੀਏ,
ਮਨ ਦੇ ਗੀਤ ਸੁਨਾਵਣ ਸੋਚਾਂ।

ਰੂਹ ਤੋਂ ਦੂਰ ਵਸੇਂਦਾ ਦਿਲੇ ਦਾ ਜਾਨੀ,
ਉਸ ਨੂੰ ਕੋਲ ਬੁਲਾਵਣ ਸੋਚਾਂ।

ਜ਼ਖ਼ਮ ਅਵੱਲਾ ਜਦ ਵੀ ਰਿਸਦਾ,
ਨੈਣੋਂ ਨੀਰ ਬਹਾਵਣ ਸੋਚਾਂ।

ਕਲੱਮ -ਕੱਲੇ ਜਦ ਵੀ ਹੋਈਏ,
ਉਹਦੇ ਨਾਲ ਮਿਲਾਵਣ ਸੋਚਾਂ।

ਰੁੱਸ ਗਿਆ ਮੇਰਾ ਚੰਨ ਮਾਹੀ,
ਉਸਨੂੰ ਕਿੰਜ ਮਨਾਵਣ ਸੋਚਾਂ।

ਜਦ ਵੀ ਦੁੱਖ ਸਮਾਜ ਦਾ ਦੇਖਣ,
ਧੁਰ ਅੰਦਰੋਂ ਕੁਰਲਾਵਣ ਸੋਚਾਂ।

ਚੰਗੀ ਲਿਖਤ ਉਹੋ ਹੀ ਬੁੱਟਰ,
ਜਿਸ ਵਿੱਚ ਨਵੀਆਂ ਆਵਣ ਸੋਚਾਂ।
ਲੇਖਕ : ਡਾ: ਸਤਿੰਦਰਜੀਤ ਕੌਰ ਬੁੱਟਰ

Exit mobile version