ਅਮੀਰ ਗਰੀਬ

 

ਸਭ ਠੇਡੇ ਮਾਰਦੇ ਨੇ ਗਰੀਬ ਲੋਕਾਂ ਨੂੰ,
ਸਿਰਫ਼ ਪੈਸੇ ਵਾਲਿਆਂ ਦੀ ਹੀ ਕਦਰ ਹੁੰਦੀ ਏ।

ਕੌਣ ਵੇਖਦਾ ਦੋਸਤਾ ਕੱਖਾਂ ਦੀਆਂ ਕੁੱਲੀਆਂ,
ਮਰਮਰੀ ਮਹਿਲਾਂ ਤੇ ਹੀ ਸਭ ਦੀ ਨਜ਼ਰ ਹੁੰਦੀ ਏ।

ਗਰੀਬ ਦੀ ਮੌਤ ਦਾ ਪਤਾ ਘੱਟ ਹੀ ਲੱਗਦਾ,
ਅਮੀਰ ਦੇ ਕੰਡਾ ਲੱਗਣ ਦੀ ਵੀ ਖਬਰ ਹੁੰਦੀ ਏ।

ਹਰ ਸੁਪਨਾ ਬਣੇ ਹਕੀਕਤ ਪੈਸੇ ਵਾਲਿਆਂ ਦਾ,
ਗਰੀਬ ਦੀ ਤਾਂ ਦਿਲ ਵਿੱਚ ਹੀ ਸੱਧਰ ਹੁੰਦੀ ਏ।

ਲਾਲਚ ਦੀ ਅੱਗ ‘ਚ ਸੜਦੇ ਰਹਿੰਦੇ ਨੇ ਅਮੀਰ,
ਪਰ ਗਰੀਬ ਕੋਲ ਵੱਡੀ ਦਾਤ ਸਬਰ ਹੁੰਦੀ ਏ।

‘ਸਿੱਧੂ’ ਦੁਨੀਆਂ ਤੇ ਭਾਵੇਂ ਵੱਡੇ-ਛੋਟੇ ਨੇ ਇਹ ਲੋਕ,
ਮੌਤ ਸਾਹਮਣੇ ਦੋਵਾਂ ਦੀ ਹਸਤੀ ਬਰਾਬਰ ਹੁੰਦੀ ਏ।

ਮੈਨੂੰ ਨਹੀਂ ਲੋੜ ਇਸ ਫੁਕਰੀ-ਫੋਕੀ ਅਮੀਰੀ ਦੀ,
ਬੱਸ ਦਿਲ ਦੀ ਅਮੀਰੀ ਹੀ ਵੱਡਾ ਫਖਰ ਹੁੰਦੀ ਏ।
ਲੇਖਕ : ਸਿੱਧੂ ਧੰਦੀਵਾਲ

 

Exit mobile version