ਸਰੀ, (ਸਿਮਰਨਜੀਤ ਸਿੰਘ): ਬੀ.ਸੀ. ਐਨ.ਡੀ.ਪੀ. ਨੇ ਸਾਇਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਅਤੇ ਪੇਡਾਗੌਜੀ ਪ੍ਰੋਫੈਸਰ ਲਈ ਅਹੁਦਾ ਬਣਾਉਣ ਦਾ ਵਾਅਦਾ ਕੀਤਾ ਹੈ। ਇੰਡੋ-ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਆਫ ਬੀ.ਸੀ. ਦੇ ਸਥਾਪਕ ਮੈਂਬਰ ਅਤੇ ਐਸ.ਐਫ.ਯੂ. ਦੇ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਕੋਆਰਡੀਨੇਟਰ, ਕਾਨ ਸੰਧੂ ਨੇ ਕਿਹਾ ਕਿ ਉਹ ਇਸ ਵਾਅਦੇ ਨਾਲ ਬਹੁਤ ਖ਼ੁਸ਼ ਹਨ। ਸੰਧੂ ਨੇ ਕਿਹਾ, “ਐਸ.ਐਫ.ਯੂ. ਦਾ ਪਾਠਕ੍ਰਮ ਕਾਫ਼ੀ ਵਿਭਿੰਨ ਹੈ, ਅਤੇ ਇਸ ਵਿੱਚ ਸੁਧਾਰ ਕਰਨ ਨਾਲ ਸਾਰੇ ਵਿਦਿਆਰਥੀਆਂ ਲਈ ਅਨੁਭਵ ਬਿਹਤਰ ਹੋਵੇਗਾ। ਇਹ ਫ਼ੈਸਲਾ ਵਿਦਿਆਰਥੀਆਂ ਅਤੇ ਇੰਡੋ-ਕੈਨੇਡੀਅਨ ਭਾਈਚਾਰਿਆਂ ਲਈ ਬਹੁਤ ਲੰਬੇ ਸਮੇਂ ਲਈ ਸਕਾਰਾਤਮਕ ਪ੍ਰਭਾਵ ਪਾਵੇਗਾ। ਕਾਨ ਸੰਧੂ ਨੇ ਕੁਝ ਮਹੀਨੇ ਪਹਿਲਾਂ ਬੀ.ਸੀ. ਐਨ.ਡੀ.ਪੀ. ਦੇ ਆਗੂ ਡੇਵਿਡ ਈਬੀ ਨਾਲ ਮੀਟਿੰਗ ਕੀਤੀ ਸੀ ਜਿਸ ਵਿੱਚ ਇਸ ਵਿਚਾਰ ਤੇ ਗੱਲਬਾਤ ਕੀਤੀ ਗਈ ਸੀ। ਸੰਧੂ ਨੇ ਦੱਸਿਆ ਕਿ ਐਸ.ਐਫ.ਯੂ. ਨੇ ਇੱਕ ਮਤਾ ਤਿਆਰ ਕੀਤਾ ਅਤੇ ਇਸ ਨੂੰ ਮਨਜੂਰੀ ਮਿਲ ਗਈ ਹੈ। ਉਨ੍ਹਾਂ ਕਿਹਾ, “ਮੈਂ ਬਹੁਤ ਖ਼ੁਸ਼ ਹਾਂ ਕਿ ਐਨ.ਡੀ.ਪੀ. ਨੇ ਇਸ ਨੂੰ ਆਪਣੇ ਪਲੇਟਫਾਰਮ ਦਾ ਹਿੱਸਾ ਬਣਾਇਆ ਹੈ, ਪਰ ਇਹ ਯਕੀਨੀ ਬਣਾਉਣਾ ਅਜੇ ਬਾਕੀ ਹੈ ਕਿ ਜੇ ਉਹ ਸਰਕਾਰ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ, ਤਾਂ ਇਸ ਨੂੰ ਪਹਿਲ ਦੇ ਅਧਾਰ ‘ਤੇ ਲਾਗੂ ਵੀ ਕਰਨਗੇ।” ਸੰਧੂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਸਨ ਕਿ ਐਸ.ਐਫ.ਯੂ. ਵੱਲੋਂ ਇਹ ਮਤਾ ਥੋੜ੍ਹਾ ਪਹਿਲਾਂ ਆਇਆ ਹੁੰਦਾ ਤਾਂ ਹੋਰ ਵੀ ਚੰਗਾ ਹੋਣਾ ਸੀ। ਐਨ.ਡੀ.ਪੀ. ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੇਡਾਗੌਜੀ ਵਿੱਚ ਪ੍ਰੋਫੈਸਰਸ਼ਿਪ ਦੀ ਸਥਾਪਨਾ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਪੰਜਾਬੀ ਭਾਸ਼ਾ ਸਿਖਲਾਈ ਨੂੰ ਮੁਖ ਭਾਗ ਬਣਾਉਣ ਵਿਚ ਯੋਗਦਾਨ ਪਾਏਗੀ ਅਤੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਿੱਚ ਮਦਦ ਕਰੇਗੀ।