ਲੇਖਕ : ਹਰਪ੍ਰੀਤ ਕੌਰ
ਸੰਪਰਕ: 94786-13328
ਸੰਗਰੂਰ ਜ਼ਿਲ੍ਹੇ ਦੀ ਸੁਨਾਮ ਤਹਿਸੀਲ ਵਿੱਚ ਪੈਂਦੇ ਪਿੰਡ ਬਖ਼ਸ਼ੀਪੁਰਾ ਵਿੱਚ ਮਗਨਰੇਗਾ ਤਹਿਤ ਕੰਮ ਕਰਦੇ ਦਲਿਤ ਮਜ਼ਦੂਰਾਂ ਦੀ ਹਾਦਸਾ ਹੋਣ ਨਾਲ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਚੱਲ ਰਹੇ ਸੰਘਰਸ਼ ਨੇ ਭਾਰਤੀ ਅਤੇ ਪੰਜਾਬੀ ਸਮਾਜ ਲਈ ਬਹੁਤ ਸਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਇਕ ਦਹਾਕੇ ਤੋਂ ਦੇਸ਼ ਵਿੱਚ ਦਲਿਤ ਮਜ਼ਦੂਰਾਂ ਦੇ ਅੰਦੋਲਨ ਆਪਣੀ ਪਛਾਣ ਅਤੇ ਮੁਕਤੀ ਲਈ ਚੱਲ ਰਹੇ ਹਨ ਪਰ ਉਨ੍ਹਾਂ ਦੇ ਇਸ ਅੰਦੋਲਨ ਨੂੰ ਸਿਰਫ ਵੋਟ ਰਾਜਨੀਤੀ ਦੇ ਪੱਖ ਤੋਂ ਦੇਖਿਆ ਵਿਚਾਰਿਆ ਗਿਆ ਹੈ, ਅੰਦੋਲਨ ਦੇ ਹੋਰ ਪੱਖ ਜਿਨ੍ਹਾਂ ਨੇ ਦਲਿਤਾਂ ਨੂੰ ਮੁਕਤੀ ਦਿਵਾਉਣੀ ਹੈ, ਅਣਗੌਲੇ ਹੀ ਰਹਿ ਗਏ ਹਨ।
ਭਾਰਤੀ ਸਮਾਜ ਵਿੱਚ ਦਲਿਤ ਸਭ ਤੋਂ ਦਰੜਿਆ, ਲਤਾੜਿਆ ਅਤੇ ਆਪਣੇ ਮੌਲਿਕ ਅਧਿਕਾਰਾਂ ਤੋਂ ਪੂਰੀ ਤਰ੍ਹਾਂ ਵਾਂਝਾ ਕੀਤਾ ਹੋਇਆ ਮਨੁੱਖ ਹੈ। ਉਸ ਦੀਆਂ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਨਿਤ ਦਿਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਅਜੇ ਤੱਕ ਸਾਡੇ ਦੇਸ਼ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ। ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਮਸਲੇ ਉੱਠਦੇ ਹਨ ਜਿਨ੍ਹਾਂ ਦਾ ਸਿੱਧੇ ਰੂਪ ਵਿੱਚ ਦਲਿਤ ਅੰਦੋਲਨ ਨਾਲ ਸਰੋਕਾਰ ਹੁੰਦਾ ਹੈ ਪਰ ਕੁਝ ਦਿਨਾਂ ਦੇ ਸੰਘਰਸ਼ ਤੋਂ ਬਾਅਦ ਸੰਘਰਸ਼ ਆਪਣੇ ਆਪ ਖ਼ਤਮ ਹੋ ਜਾਂਦਾ ਹੈ।
ਲਗਭਗ ਇਕ ਦਹਾਕੇ ਤੋਂ ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਦਲਿਤ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਚਰਚਾ ਵਿੱਚ ਵੀ ਹਨ। ਉਨ੍ਹਾਂ ਨੇ ਆਪਣੇ ਸੰਘਰਸ਼ ਨਾਲ ਪਿੰਡਾਂ ਵਿੱਚ ਸਰਕਾਰੀ ਤੌਰ ’ਤੇ ਪੰਚਾਇਤੀ ਜ਼ਮੀਨ ਵਿੱਚੋਂ ਮਿਲਣ ਵਾਲੇ ਤੀਜੇ ਹਿੱਸੇ ’ਤੇ ਆਪਣਾ ਪੱਕਾ ਹੱਕ ਜਮਾ ਲਿਆ ਹੈ। ਇਸੇ ਸੰਘਰਸ਼ ਦੌਰਾਨ ਦਲਿਤ ਬਜ਼ੁਰਗ ਔਰਤ ਗੁਰਦੇਵ ਕੌਰ ਦੀ ਮੌਤ ਹੋਈ ਅਤੇ ਬਾਲਦ ਕਲਾਂ, ਝਨੇੜੀ, ਜਲੂਰ ਤੇ ਮੀਮਸਾ ਵਰਗੇ ਦਰਜਨਾਂ ਪਿੰਡਾਂ ਦੇ ਦਲਿਤ ਮਜ਼ਦੂਰ ਸੰਘਰਸ਼ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਹਨ। ਇਸ ਤੋਂ ਇਲਾਵਾ ਦੋ ਹੋਰ ਸੰਘਰਸ਼ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਤਿੱਖੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਇੱਕ ਲਹਿਰਾਗਾਗਾ ਇਲਾਕੇ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਮਜ਼ਦੂਰ ਦੀ ਕੁੱਟਮਾਰ ਦਾ ਮਾਮਲਾ ਹੈ ਅਤੇ ਦੂਸਰਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਦੇ ਦਲਿਤ ਮੁੰਡਿਆਂ ਨਾਲ ਕੀਤੀ ਕੁੱਟਮਾਰ; ਹੁਣ ਸੁਨਾਮ ਦੇ ਨੇੜੇ ਪਿੰਡ ਬਖਸ਼ੀਪੁਰਾ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਵੀ ਕੋਈ ਦਲਿਤ ਸੰਘਰਸ਼ ਉਭਰਦਾ ਹੈ ਤਾਂ ਦਲਿਤਾਂ ਦੀਆਂ ਕੁਝ ਕੁ ਮੰਗਾਂ ਮੰਨਣ ਤੋਂ ਬਾਅਦ ਸੰਘਰਸ਼ ਸਮਾਪਤ ਕਰ ਜਾਂ ਕਰਵਾ ਦਿੱਤਾ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਦਲਿਤਾਂ ਦੇ ਸੰਘਰਸ਼ ਕਿਉਂ ਉਭਰ ਰਹੇ ਹਨ ਅਤੇ ਦੇਸ਼ ਦੀਆਂ ਸਰਕਾਰਾਂ ਉਨਾਂ ਦਾ ਪੱਕਾ ਹੱਲ ਕਿਉਂ ਨਹੀਂ ਕਰ ਰਹੀਆਂ? ਸਰਕਾਰਾਂ ਵੱਲੋਂ ਦਲਿਤਾਂ ਨਾਲ ਇਸ ਤਰ੍ਹਾਂ ਕੀਤੇ ਜਾਂਦੇ ਵਿਤਕਰੇ ਦੇ ਕਾਰਨਾਂ ਦੇ ਪਿਛੋਕੜ ਬਾਰੇ ਚਰਚਾ ਕਰਨਾ ਵੀ ਅਹਿਮ ਹੈ।
ਦਲਿਤ ਭਾਰਤੀ ਸਮਾਜਿਕ ਪ੍ਰਬੰਧ ਵਿੱਚ ਸਦੀਆਂ ਤੋਂ ਦਬਾਈਆਂ ਅਤੇ ਲਤਾੜੀਆਂ ਗਈਆਂ ਧਿਰਾਂ ਵਿੱਚ ਆਉਂਦੇ ਹਨ ਜਿਨ੍ਹਾਂ ਦਾ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਖੇਤਰਾਂ ਵਿੱਚ ਪਛੜੇ ਹੋਣ ਦਾ ਕਾਰਨ ਜਾਤੀਗਤ ਤੌਰ ’ਤੇ ਦਬਾਇਆ ਜਾਣਾ ਅਤੇ ਸ਼ੋਸ਼ਣ ਕਰਨਾ ਹੈ। ਦਲਿਤਾਂ ਦੀ ਛੋਹ, ਭਾਗੀਦਾਰੀ ਅਤੇ ਜੀਵਨ ਨੂੰ ਅਪਵਿੱਤਰ ਅਸਮਾਜਿਕ ਮੰਨਿਆ ਜਾਂਦਾ ਰਿਹਾ ਹੈ। ਇਸ ਸਾਰੇ ਦਲਿਤ ਵਿਰੋਧੀ ਪ੍ਰਬੰਧ ਪਿੱਛੇ ਹਿੰਦੂ ਧਰਮ ਜਾਂ ਹਿੰਦੂ ਸਮਾਜ ਦੀਆਂ ਸਦੀਆਂ ਪੁਰਾਣਾ ਹਿੰਦੂ ਵੇਦਾਂ ਤੇ ਗ੍ਰੰਥਾਂ ਆਧਾਰਿਤ ਸਮਾਜਿਕ ਪ੍ਰਬੰਧ ਕੰਮ ਕਰਦਾ ਹੈ। ਸਮਾਜ ਵਿੱਚ ਜਾਤੀਗਤ ਵੰਡ ਨੂੰ ਪੱਕੇ ਕਰਨ ਅਤੇ ਉਸ ਨੂੰ ਭਾਰਤੀ ਮਨੁੱਖ ਦੀ ਮਾਨਸਿਕਤਾ ਵਿੱਚ ਸਮਾਉਣ ਲਈ ਧਰਮ ਦਾ ਵਿਸ਼ੇਸ਼ ਰੋਲ ਰਿਹਾ ਹੈ। ਜਾਤੀ ਨੂੰ ਧਰਮ ਨਾਲ ਜੋੜ ਕੇ ਵਿਅਕਤੀਗਤ ਜੀਵਨ ਅਤੇ ਸਮੂਹ ਦਾ ਭਵਿੱਖ ਧਰਮ ਸ਼ਾਸਤਰਾਂ ਦੁਆਰਾ ਨਿਸ਼ਚਿਤ ਅਤੇ ਇੱਕ ਦਾਇਰੇ ਵਿੱਚ ਨਿਰਧਾਰਿਤ ਕਰ ਦਿੱਤਾ ਗਿਆ ਸੀ ਜੋ ਸਦੀਆਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਜਾਰੀ ਹੈ।
ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਜਾਤੀਗਤ ਵਿਤਕਰੇ ਦਾ ਬਹੁ-ਪਰਤੀ ਰੂਪ ਹੈ। ਉਨ੍ਹਾਂ ਵਿੱਚ ਜਾਤੀ ਵਿਤਕਰੇ ਦਾ ਦਰਦ ਆਰਥਿਕ ਤੰਗੀਆਂ, ਆਰਥਿਕ ਸ਼ੋਸ਼ਣ, ਘਰੋਗੀ ਕੰਗਾਲੀ, ਪ੍ਰਤੀਕੂਲ ਹਾਲਾਤ ਦੀਆਂ ਘੁੰਮਣ ਘੇਰੀਆਂ, ਸਰਬਜਨਕ ਥਾਵਾਂ ਉੱਪਰ ਪਾਬੰਦੀ, ਛੂਤ-ਛਾਤ, ਸਮਾਜਿਕ ਤੇ ਮਾਨਸਿਕ ਤਸ਼ੱਦਦ, ਅੰਧ-ਵਿਸ਼ਵਾਸ, ਅਨਪੜ੍ਹਤਾ, ਔਰਤਾਂ ਦੀ ਦੁਰਦਸ਼ਾ, ਗੰਦੀਆਂ ਰਹਿਣ ਸਹਿਣ ਵਾਲੀਆਂ ਥਾਵਾਂ ਤੇ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ, ਮੁਢਲੀਆਂ ਲੋੜਾਂ ਦੀ ਪੂਰਤੀ ਨਾ ਹੋਣਾ ਆਦਿ ਹਨ। ਪੰਜਾਬ ਨੂੰ ਛੱਡ ਕੇ ਵੱਖ-ਵਖ ਭਾਰਤ ਦੇ ਰਾਜਾਂ ਵਿੱਚ ਦਲਿਤ ਮਨੁੱਖ ਦਾ ਸਵਰਨ ਜਾਤੀਆਂ ਨਾਲ ਜਾਤੀਗਤ ਟਕਰਾ ਸਿੱਧੇ ਰੂਪ ਵਿੱਚ ਨਜ਼ਰ ਆਉਂਦਾ ਹੈ; ਇਹ ਟਕਰਾ ਪੰਜਾਬ ਵਿੱਚ ਅਸਿੱਧੇ ਰੂਪ ਵਿੱਚ ਹੈ। ਪੰਜਾਬ ਵਿੱਚ ਜਾਤੀ ਵੰਡ ਤਾਂ ਮੌਜੂਦ ਹੈ ਪਰ ਜਾਤੀ ਟਕਰਾਓ ਜਾਂ ਤਣਾਅ ਸਮੇਂ ਕੁਝ ਲੋਕ ਉੱਚ ਜਾਤੀ ਵਿੱਚ ਹੋਣ ਦੇ ਬਾਵਜੂਦ ਦਲਿਤਾਂ ਨਾਲ ਹਮਦਰਦੀ ਅਤੇ ਆਪਣੀ ਜਾਤੀ ਦੇ ਵਿਰੁੱਧ ਖੜ੍ਹਦੇ ਹਨ।
ਭਾਰਤ ਦੇ ਦਲਿਤਾਂ ਦੀ ਚੇਤਨਾ ਜਾਂ ਪ੍ਰੇਰਨਾ ਦਾ ਸਰੋਤ ਬੁੱਧ, ਚਾਰਵਾਕ, ਭਗਤੀ ਲਹਿਰ, ਭਗਤੀ ਸਹਿਤ, ਪ੍ਰਗਤੀਵਾਦੀ ਸਾਹਿਤ ਜਾਂ ਮਾਰਕਸਵਾਦੀ ਸਹਿਤ, ਸਮਾਜਿਕ ਜਾਂ ਰਾਜਨੀਤਕ ਲਹਿਰਾਂ ਅਤੇ ਵਿਚਾਰ ਮੁਢਲੇ ਰੂਪ ਵਿੱਚ ਪ੍ਰਭਾਵਿਤ ਕਰਦੇ ਜਾਂ ਪ੍ਰੇਰਨਾ ਦਿੰਦੇ ਹਨ ਪਰ ਦਲਿਤਾਂ ਦੀ ਮੂਲ ਪ੍ਰੇਰਨਾ ਦਾ ਆਧਾਰ ਡਾ. ਭੀਮ ਰਾਓ ਅੰਬੇਡਕਰ ਦਾ ਜੀਵਨ ਸੰਘਰਸ਼ ਅਤੇ ਵਿਚਾਰ ਹੀ ਹਨ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੇ ਆਪਣੀ ਚੇਤਨਾ ਨੂੰ ਤਿੱਖਾ ਕੀਤਾ ਹੈ। ਪੰਜਾਬ ਵਿੱਚ ਜਾਤੀ ਵਿਵਸਥਾ ਅਤੇ ਗਰੀਬੀ ਦਾ ਉਹ ਕਰੂਰ ਰੂਪ ਨਹੀਂ ਹੈ ਜੋ ਭਾਰਤ ਦੇ ਹੋਰਨਾਂ ਪ੍ਰਦੇਸ਼ਾਂ ਵਿੱਚ ਹੈ। ਇਸ ਦਾ ਕਾਰਨ ਪੰਜਾਬ ਦੀ ਜ਼ਰਖੇਜ਼ ਭੂਮੀ ਖੇਤਰ ਅਤੇ ਸਿੱਖ ਧਰਮ ਵਰਗੇ ਕ੍ਰਾਂਤੀਕਾਰੀ ਧਰਮ ਦੇ ਪਸਾਰ ਨਾਲ ਹੈ।
ਵਰਤਮਾਨ ਸਮੇਂ ਵਿੱਚ ਵੀ ਜਾਤ ਦੀ ਰਾਜਨੀਤੀ ਅਤੇ ਅਧੀਨ ਰਾਜਨੀਤਕ ਸਰਗਰਮੀਆਂ ਵਿੱਚ ਦਲਿਤ ਜਾਤੀਆਂ ਨੂੰ ਵੋਟ ਦੇ ਨਾਂ ਤੇ ਭਰਮਾਇਆ ਜਾਂਦਾ ਹੈ ਅਤੇ ਆਪਸ ਵਿੱਚ ਲੜਾਇਆ ਜਾਂਦਾ ਹੈ। ਪੰਜਾਬ ਵਿੱਚ ਤਾਂ ਜਾਤ ਦੀ ਰਾਜਨੀਤੀ ਦਾ ਸ਼ਿਕਾਰ ਗੁਰਦੁਆਰਿਆਂ ਉੱਪਰ ਸਮਾਜ ਦੀ ਸਾਧਨਾਂ ਵਾਲੀ ਸ੍ਰੇਣੀ ਨੇ ਕਬਜ਼ਾ ਕਰ ਕੇ ਦਲਿਤ ਧਿਰਾਂ ਨੂੰ ਵੱਖਰੇ ਗੁਰਦੁਆਰੇ ਉਸਾਰਨ ਲਈ ਮਜਬੂਰ ਕੀਤਾ ਜਾਂ ਉਨਾਂ ਨੂੰ ਡੇਰਿਆਂ ਦੀ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ।
ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਗ਼ਲਤ ਦਲਿਤਾਂ ਵੱਲੋਂ ਚੱਲ ਰਹੇ ਆਰਥਿਕ ਬਰਾਬਰੀ ਦੀ ਸੰਘਰਸ਼ਾਂ ਨੂੰ ਸਿਰਫ ਮੁਆਵਜ਼ੇ ਤੱਕ ਸੀਮਤ ਕਰਨਾ ਕਾਫੀ ਹੱਦ ਤੱਕ ਘਟਾ ਕੇ ਦੇਖਣ ਦੇ ਬਰਾਬਰ ਹੈ। ਦਲਿਤਾਂ ਦੀ ਮੁਕਤੀ ਸਿਰਫ ਇਸ ਗੱਲ ਵਿੱਚ ਹੈ ਕਿ ਸਰਕਾਰਾਂ ਸੁਹਿਰਦ ਰੂਪ ਵਿੱਚ ਉਨ੍ਹਾਂ ਦਲਿਤਾਂ ਨੂੰ ਆਰਥਿਕ ਰਾਜਨੀਤਕ ਧਾਰਮਿਕ ਅਤੇ ਸੱਭਿਆਚਾਰਕ ਤੌਰ ’ਤੇ ਬਰਾਬਰੀ ਦੇਣ ਦੇ ਗੰਭੀਰ ਯਤਨ ਕਰਨ ਜੇ ਸਰਕਾਰਾਂ ਦੇ ਯਤਨ ਇਸ ਦਿਸ਼ਾ ਵਿੱਚ ਨਹੀਂ ਹੋਣਗੇ ਤਾਂ ਕਿਤੇ ਨਾ ਕਿਤੇ ਦਲਿਤਾਂ ਨਾਲ ਜਾਤੀਗਤ ਤੌਰ ’ਤੇ ਵਿਤਕਰਾ ਭੇਦਭਾਵ ਹੁੰਦਾ ਰਹੇਗਾ।