ਅਮਰੀਕੀ ਰਾਸ਼ਟਰਪਤੀ ਚੋਣਾਂ- ਰਾਸ਼ਟਰ ਵਿਆਪੀ ਸਰਵੇ ਵਿਚ ਕਮਲਾ ਹੈਰਿਸ ਤੇ ਟਰੰਪ ਵਿਚਾਲੇ ਸਖਤ ਮੁਕਾਬਲਾ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ ਤਿਉਂ ਤਿਉਂ ਸਥਿੱਤੀ ਸਾਫ ਹੁੰਦੀ ਜਾ ਰਹੀ ਹੈ। ਇਸ ਵਾਰ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਵਿਚਾਲੇ 2020 ਦੀਆਂ ਚੋਣਾਂ ਨਾਲੋਂ ਵੀ ਮੁਕਾਬਲਾ ਵਧੇਰੇ ਫਸਵਾਂ ਬਣਦਾ ਜਾ ਰਿਹਾ ਹੈ। 2020 ਵਿਚ ਵੋਟਾਂ ਦੀ ਗਿਣਤੀ ਵਿੱਚ ਧਾਂਦਲੀਆਂ ਦਾ ਦੋਸ਼ ਲਾ ਕੇ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਨੂੰ ਬਗਾਵਤ ਕਰਨ ਲਈ ਉਕਸਾਇਆ ਸੀ। ਮੌਜੂਦਾ ਸਥਿੱਤੀ ਦੇ ਮੱਦੇਨਜ਼ਰ ਕਮਲਾ ਹੈਰਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਉਨਾਂ ਦਾ ਵਿਰੋਧੀ ਉਮੀਦਵਾਰ ਟਰੰਪ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣੀ ਜਿੱਤ ਦਾ ਐਲਾਨ ਕਰ ਸਕਦਾ ਹੈ। ਰਾਈਟਰਜ/ਇਪਸੋਸ ਵੱਲੋਂ ਕੀਤੇ ਤਾਜ਼ਾ ਸਰਵੇ ਅਨੁਸਾਰ ਰਾਸ਼ਟਰੀ ਪੱਧਰ ‘ਤੇ ਹੈਰਿਸ ਨੂੰ ਟਰੰਪ ਉਪਰ ਮਾਮੂਲੀ ਬੜਤ ਹਾਸਲ ਹੈ। ਯੂ ਐਸ ਟੂਡੇਅ/ਸੁਫੋਲਕ ਯੁਨੀਵਰਸਿਟੀ ਦੇ ਵਿਸ਼ੇਸ਼ ਸਰਵੇ ਜਿਸ ਨੂੰ ਬੀਤੇ ਦਿਨ ਜਾਰੀ ਕੀਤਾ ਗਿਆ ਹੈ, ਅਨੁਸਾਰ ਹੈਰਿਸ ਦੇ ਹੱਕ ਵਿਚ 45% ਅਮਰੀਕੀ ਮੱਤਦਾਤਾ ਹਨ ਜਦ ਕਿ 44% ਮੱਤਦਾਤਾ ਟਰੰਪ ਦੇ ਹੱਕ ਵਿਚ ਹਨ। ਅਗਸਤ ਵਿਚ ਕੀਤੇ ਸਰਵੇ ਦੀ ਤੁਲਨਾ ਵਿਚ ਇਸ ਤਾਜ਼ਾ ਸਰਵੇ ਵਿਚ ਵਧੇਰੇ ਫਸਵਾਂ ਮੁਕਾਬਲਾ ਬਣਦਾ ਨਜਰ ਆ ਰਿਹਾ ਹੈ। ਹੈਰਿਸ ਦੇ ਇਕ ਸਲਾਹਕਾਰ ਨੇ ਕਿਹਾ ਹੈ ਕਿ 7 ਅਹਿਮ ਰਾਜਾਂ ਵਿਚ ਕੇਵਲ 1% ਦੇ ਫਰਕ ਨਾਲ ਫੈਸਲਾ ਹੋਵੇਗਾ। ਯੂ ਐੇਸ ਟੂਡੇਅ /ਸੁਫੋਲਕ ਯੁਨੀਵਰਸਿਟੀ ਦੇ ਸਰਵੇ ਅਨੁਸਾਰ ਟਰੰਪ ਦੀ ਤੁਲਨਾ ਵਿਚ 17% ਵਧ ਔਰਤ ਮੱਤਦਾਤਾ ਹੈਰਿਸ ਨੂੰ ਚਹੁੰਦੇ ਹਨ ਜਦ ਕਿ ਹੈਰਿਸ ਦੀ ਤੁਲਨਾ ਵਿੱਚ 16% ਵਧ ਮਰਦ ਮੱਤਦਾਤਾ ਟਰੰਪ ਦੇ ਹੱਕ ਵਿਚ ਹਨ। ਇਸੇ ਦੌਰਾਨ ਕਮਲਾ ਹੈਰਿਸ ਨੇ ਲਿੰਗ ਅਧਾਰਤ ਪ੍ਰਚਾਰ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਉਸ ਲਈ ਨਾਕਾਰਤਮਿਕ ਪਹਿਲੂ ਹੈ।
ਉਨਾਂ ਸਰਵੇ ਉਪਰੰਤ ਇਕ ਚੈਨਲ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ” ਮੈ ਕਦੀ ਵੀ ਨਹੀਂ ਚਹੁੰਦੀ ਕਿ ਸਾਡਾ ਦੇਸ਼ ਲਿੰਗ ਜਾਂ ਨਸਲ ਦੇ ਆਧਾਰ ‘ਤੇ ਆਪਣਾ ਆਗੂ ਚੁਣੇ। ਇਸ ਦੀ ਬਜਾਏ ਆਗੂਆਂ ਨੂੰ ਵੋਟਾਂ ਦੇਸ਼ ਦੀ ਵਾਸਤਵਿਕਤਾ ਦੇ ਆਧਾਰ ‘ਤੇ ਮੰਗਣੀਆਂ ਚਾਹੀਦੀਆਂ ਹਨ।” ਹੈਰਿਸ ਨੇ ਹੋਰ ਕਿਹਾ ਕਿ ਮੇਰਾ ਵਿਸ਼ਵਾਸ਼ ਹੈ ਕਿ ਅਮਰੀਕੀ ਇਕ ਔਰਤ ਆਗੂ ਲਈ ਬਿਲਕੁੱਲ ਤਿਆਰ ਹਨ ਤੇ ਇਕ ਗੈਰ ਗੋਰੀ ਔਰਤ ਰਾਸ਼ਟਰਪਤੀ ਬਣਨ ਲਈ ਤਿਆਰ ਹੈ। ਉਨਾਂ ਹਸਦਿਆਂ ਹੋਇਆਂ ਕਿਹਾ ”ਹਾਂ ਮੈ ਸਪੱਸ਼ਟ ਕਰਦੀ ਹਾਂ ਕਿ ਮੈ ਔਰਤ ਹਾਂ, ਮੈਨੂੰ ਇਸ ਸਬੰਧੀ ਹੋਰ ਕਿਸੇ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਹੈ।” ਹੈਰਿਸ ਨੇ ਐਨ ਬੀ ਸੀ ਨਿਊਜ਼ ਦੇ ਪ੍ਰਤੀਨਿੱਧ ਹੈਲੀ ਜੈਕਸਨ ਨਾਲ ਗੱਲਬਾਤ ਦੌਰਾਨ ਹੋਰ ਕਿਹਾ ਕਿ ਉਸ ਦੇ ਚੋਣ ਮੁਹਿੰਮ ਸੰਚਾਲਕ ਆਪਣੇ ਆਪ ਨੂੰ ਉਸ ਸੰਭਾਵਨਾ ਦੇ ਮੱਦੇਨਜਰ ਤਿਆਰ ਕਰ ਰਹੇ ਹਨ ਜਿਸ ਸੰਭਾਵਨਾ ਤਹਿਤ ਟਰੰਪ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਜੇਤੂ ਐਲਾਨ ਸਕਦੇ ਹਨ। ਉਨਾਂ ਕਿਹਾ ਕਿ ”ਦੋ ਹਫਤੇ ਬਾਕੀ ਹਨ ਤੇ ਅਸੀਂ ਮੌਜੂਦਾ ਸਥਿੱਤੀ ਦੇ ਮੱਦੇਨਜਰ ਜ਼ਮੀਨੀ ਪੱਧਰ ‘ਤੇ ਸੋਚ ਰਹੇ ਹਾਂ। ਅਸੀਂ ਚੋਣ ਵਾਲੀ ਰਾਤ ਤੇ ਅਗਲੇ ਦਿਨਾਂ ਦੌਰਾਨ ਪੈਦਾ ਹੋਣ ਵਾਲੀ ਸਥਿੱਤੀ ਲਈ ਤਿਆਰ ਹਾਂ। ਸਾਡੇ ਕੋਲ ਸਾਧਨ ਹਨ ਤੇ ਮਾਹਿਰ ਹਨ। ਅਸੀਂ ਸਮੁੱਚੀ ਸਥਿੱਤੀ ਵੱਲ ਤਵਜੋਂ ਦੇ ਰਹੇ ਹਾਂ।”

Related Articles

Latest Articles

Exit mobile version