ਸਰੀ ਵਿੱਚ ਚੱਲ ਰਹੀ ਅੰਤਰਰਾਸ਼ਟਰੀ ਮਾਫੀਆ ਨਾਲ ਜੁੜੀ ਨਸ਼ਿਆਂ ਦੀ ਲੈਬ ‘ਤੇ ਛਾਪਾ

 

ਆਰ.ਸੀ.ਐਮ.ਪੀ. ਵਲੋਂ 9.5 ਕਰੋੜ ਡੋਜ਼ ਫੈਂਟੈਨਲ ਅਤੇ ਵੱਡੀ ਮਾਤਰਾ ‘ਚ ਹਥਿਆਰ ਬਰਾਮਦ
ਸਰੀ, ਬੀ.ਸੀ. ૶ ਆਰ.ਸੀ.ਐਮ.ਪੀ. ਨੇ ਸਰੀ ਅਤੇ ਫਾਲਕਲੈਂਡ ਵਿੱਚ ਵੱਡੇ ਪੈਮਾਨੇ ‘ਤੇ ਚੱਲ ਰਹੀ ਇੱਕ ਨਸ਼ਿਆਂ ਦੀ ਲੈਬ ‘ਤੇ ਛਾਪਾ ਮਾਰਿਆ ਜੋ ਕਿ ਅੰਤਰਰਾਸ਼ਟਰੀ ਮਾਫੀਆ ਨਾਲ ਜੁੜੀ ਹੋਈ ਸੀ। ਇਸ ਕਾਰਵਾਈ ਤੋਂ ਬਾਅਦ ਆਰ.ਸੀ.ਐਮ.ਪੀ. ਨੇ 9.5 ਕਰੋੜ ਡੋਜ਼ ਫੈਂਟੈਨਲ ਦਾ ਬਰਾਮਦ ਕੀਤਾ ਹੈ। ਜੋ ਕਿ ਸੰਭਾਵਿਤ ਤੌਰ ‘ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤ ਦਾ ਕਾਰਨ ਬਣਦੀ ਹੈ। ਇਹ ਜਾਣਕਾਰੀ ਸਰੀ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਸ਼ੇਅਰ ਕੀਤੀ ਗਈ।
ਪੈਸਿਫਿਕ ਰੀਜਨ ਆਰ.ਸੀ.ਐਮ.ਪੀ. ਫੈਡਰਲ ਪੋਲਿਸਿੰਗ ਪ੍ਰੋਗਰਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਇੱਕ ਅੰਤਰਰਾਸ਼ਟਰੀ ਗੈਰਕਾਨੂੰਨੀ ਮਾਫੀਆ ਦੇ ਜਾਲ ਸੀ ਜੋ ਕਿ ਫੈਂਟੈਨਲ ਅਤੇ ਮੈਥਾਫੇਟਾਮਾਈਨ ਦਾ ਉਤਪਾਦਨ ਕਰ ਰਹੀ ਸੀ। ਇਹ ਗਰੁੱਪ ਸਿਰਫ ਕੈਨੇਡਾ ਵਿੱਚ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਗੈਰਕਾਨੂੰਨੀ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਸੀ।
25 ਅਕਤੂਬਰ ਨੂੰ ਪੁਲਿਸ ਨੇ ਸਰੀ ਦੇ ਦੋ ਸਥਾਨਾਂ ਅਤੇ ਫਾਲਕਲੈਂਡ ਵਿੱਚ ਇੱਕ ਵੱਡੇ “ਡਰੱਗ ਸੁਪਰਲੈਬ” ‘ਤੇ ਛਾਪੇ ਮਾਰੇ। ਇਸ ਦੌਰਾਨ, ਆਰ.ਸੀ.ਐਮ.ਪੀ. ਨੇ 54 ਕਿਲੋਗ੍ਰਾਮ ਫੈਂਟੈਨਲ, 390 ਕਿਲੋਗ੍ਰਾਮ ਮੈਥਾਫੇਟਾਮਾਈਨ, 35 ਕਿਲੋਗ੍ਰਾਮ ਕੋਕੇਨ, 15 ਕਿਲੋਗ੍ਰਾਮ ਐਮ.ਡੀ.ਐਮ.ਏ. ਅਤੇ 6 ਕਿਲੋਗ੍ਰਾਮ ਕੈਨਬਿਸ ਜ਼ਬਤ ਕੀਤੇ। ਕਈ ਸਥਾਨਾਂ ਤੋਂ ਬੇਹਿਸਾਬ ਨਸ਼ਿਆਂ ਦੇ ਰਸਾਇਣ, ਹਥਿਆਰ ਅਤੇ $500,000 ਦੀ ਨਕਦੀ ਵੀ ਬਰਾਮਦ ਕੀਤੀ ਗਈ।
ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੂਲ ਨੇ ਦੱਸਿਆ ਕਿ ਇਸ ਦੌਰਾਨ 5000 ਲੀਟਰ ਅਤੇ 10 ਟਨ ਤੋਂ ਵੱਧ ਪਾਊਡਰ ਸ਼ਕਲ ਵਾਲੇ ਰਸਾਇਣ ਬਰਾਮਦ ਕੀਤੇ ਗਏ ਹਨ, ਜੋ ਕਿ ਫੈਂਟੈਨਲ ਅਤੇ ਐਮ.ਡੀ.ਐਮ.ਏ. ਬਣਾਉਣ ਲਈ ਵਰਤੇ ਜਾਂਦੇ ਹਨ। ਟੇਬੂਲ ਨੇ ਕਿਹਾ ਕਿ ਇਹ ਨਵੀਂ ਵਿਧੀ ਪੱਛਮੀ ਕੈਨੇਡਾ ਵਿੱਚ ਪਹਿਲੀ ਵਾਰ ਵੇਖੀ ਗਈ ਜੋ ਇਸ ਲੈਬ ‘ਚ ਵਰਤੀ ਜਾ ਰਹੀ ਸੀ।
ਸਰੀ ਦੇ ਇੱਕ ਸਥਾਨ ਤੋਂ 89 ਹਥਿਆਰ ਵੀ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ 45 ਹਥਿਆਰ, 21 ਏ.ਆਰ-15 ਰਾਇਫਲਾਂ ਅਤੇ ਹੋਰ ਸਬਮਸ਼ੀਨ ਗਨ ਸ਼ਾਮਲ ਸਨ। ਇਸ ਤੋਂ ਇਲਾਵਾ, ਬੁਲਟ-ਪ੍ਰੂਫ਼ ਜੈਕਟਾਂ, ਵੱਡੀ ਮਾਤਰਾ ਵਿੱਚ ਗੋਲੀਆਂ, ਅਤੇ ਕਈ ਸਾਈਲੰਸਰ ਵੀ ਬਰਾਮਦ ਹੋਏ। ਟੇਬੂਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਇਤਨੀ ਵੱਡੀ ਮਾਤਰਾ ਵਿੱਚ ਹਥਿਆਰਾਂ ਦੀ ਬਰਾਮਦਗੀ ਸਾਫ਼ ਚਿੰਤਾ ਜ਼ਾਹਰ ਕਰਦੀ ਹੈ।
ਇਸ ਮਾਮਲੇ ‘ਚ ਗਗਨਪ੍ਰੀਤ ਰੰਧਾਵਾ ਨੂੰ ਨਸ਼ਿਆਂ ਅਤੇ ਹਥਿਆਰਾਂ ਨਾਲ ਜੁੜੇ ਛੇ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਮੁਕੱਦਮਾ 14 ਨਵੰਬਰ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਹੋਵੇਗਾ। ਆਰ.ਸੀ.ਐਮ.ਪੀ. ਨੇ ਇਹ ਵੀ ਸਵਿਕਾਰ ਕੀਤਾ ਕਿ ਰੰਧਾਵਾ ਦਾ ਪਹਿਲਾਂ ਵੀ ਅਪਰਾਧਿਕ ਇਤਿਹਾਸ ਹੈ।
ਆਰ.ਸੀ.ਐਮ.ਪੀ. ਨੇ ਕਿਹਾ ਕਿ ਇਹ ਕਾਰਵਾਈ ਨਾ ਸਿਰਫ 9.5 ਕਰੋੜ ਮੌਤਾਂ ਨੂੰ ਰੋਕਦੀ ਹੈ ਸਗੋਂ ਇਸ ਦੇ ਨਾਲ ਹੀ ਇਸ ਅੰਤਰਰਾਸ਼ਟਰੀ ਮਾਫੀਆ ਦੇ 485 ਮਿਲੀਅਨ ਡਾਲਰ ਦੀ ਹੋਣ ਵਾਲੀ ਸਪਲਾਈ ਨੂੰ ਰੋਕ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

Related Articles

Latest Articles

Exit mobile version