ਮਰ ਜਾਂਦਾ ਬੰਦਾ
ਜਿਉਂਦੀ ਲਾਸ਼ ਬਣ ਕੇ…
ਬਦਲਦਾ ਨਹੀਂ ਜੋ ਆਪਣੇ ਰੰਗ
ਜੋ ਤੁਰਦਾ ਜਾਵੇ ਇੱਕ ਹੀ ਰਸਤੇ
ਜੋ ਖੇਡੇ ਨਾ ਕਦੇ ਖ਼ਤਰਿਆਂ ਸੰਗ
ਮਰ ਜਾਂਦਾ ਬੰਦਾ…
ਕਰਦਾ ਨਹੀਂ ਜੋ ਦਿਲ ਦੀਆਂ ਬਾਤਾਂ
ਹੱਸਦਾ ਨਹੀਂ ਜੋ ਰੂਹ ਦੇ ਸੰਗ
ਤੁਰਦਾ ਹੀ ਬਸ ਇੱਕ ਲੀਕ ‘ਤੇ
ਮਰ ਜਾਂਦਾ ਬੰਦਾ…
ਛੱਡ ਦੇਵੇ ਜੋ ਮੱਦਦ ਕਰਨਾ
ਪੜ੍ਹਦਾ ਨਹੀਂ ਜੋ ਕੋਈ ਕਿਤਾਬ
ਸੁਣਦਾ ਨਹੀਂ ਜੋ ਕੋਈ ਗੀਤ
ਮਰ ਜਾਂਦਾ ਬੰਦਾ…
ਫੁੱਲਾਂ ਸੰਗ ਜੋ ਕਰੇ ਨਾ ਗੱਲਾਂ
ਉਹ ਸਮਝੋ ਇੱਕ ਜਿਉਂਦੀ ਲਾਸ਼
ਮੁੱਕ ਜਾਵੇ ਜਦੋਂ ਜਿਉਣ ਦੀ ਆਸ
ਮਰ ਜਾਂਦਾ ਬੰਦਾ…
ਚੁਣਦਾ ਨਹੀਂ ਜੋ ਆਪਣੀ ਮੰਜ਼ਿਲ
ਬੁਣਦਾ ਨਹੀਂ ਸੁਪਨਿਆਂ ਦੇ ਜਾਲ
ਪੁੱਛਦਾ ਨਹੀਂ ਕਦੇ ਆਪਣਾ ਹਾਲ
ਮਰ ਜਾਂਦਾ ਬੰਦਾ…
ਬਦਲੇ ਨਾ ਜ਼ਿੰਦਗੀ ਦਾ ਰਸਤਾ
ਖ਼ੁਸ਼ ਹੋ ਕਰੇ ਨਾ ਆਪਣਾ ਕੰਮ
ਚੁੱਕਦਾ ਨਹੀਂ ਜੋ ਅਗਲਾ ਕਦਮ
ਮਰ ਜਾਂਦਾ ਬੰਦਾ…
ਦੇਖੇ ਨਾ ਜੋ ਪ੍ਰੇਮ ਦਾ ਰੰਗ
ਨਫ਼ਰਤ ਕਰੇ ਨਾਲ ਜਜ਼ਬਾਤਾਂ
ਗਾਏ ਨਾ ਨਗ਼ਮਾ ਖ਼ੁਦ ਦੇ ਸੰਗ
ਮਰ ਜਾਂਦਾ ਬੰਦਾ…
ਵੰਡਦਾ ਨਹੀਂ ਜੋ ਦਿੱਤੀਆਂ ਦਾਤਾਂ
ਜੋੜਦਾ ਰਹੇ ਜੋ ਉਮਰ ਭਰ
ਦਰਦਾਂ ਵੇਲੇ ਬਣੇ ਨਾ ਦਰਦੀ
ਮਰ ਜਾਂਦਾ ਬੰਦਾ
ਜਿਉਂਦੀ ਲਾਸ਼ ਬਣਕੇ…
ਲੇਖਕ : ਅਮਰੀਕ ਸਿੰਘ ਸਿੱਧੂ
ਸੰਪਰਕ: 94178-31586