ਗਾਜ਼ਾ ‘ਵਿਚ ਇਜ਼ਰਾਈਲ-ਹਮਾਸ ਜੰਗ ਵਿਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਵਧੀ

 

ਗਾਜ਼ਾ ਪੱਟੀ : ਇਜ਼ਰਾਈਲ ਅਤੇ ਹਮਾਸ ਵਿਚਾਲੇ 13 ਮਹੀਨਿਆਂ ਤੋਂ ਜਾਰੀ ਜੰਗ ਦੌਰਾਨ ਗਾਜ਼ਾ ਪੱਟੀ ਵਿੱਚ ਮਰਨ ਵਾਲਿਆਂ ਦੀ ਗਿਣਤੀ 44,000 ਨੂੰ ਪਾਰ ਕਰ ਗਈ ਹੈ। ਫਲਸਤੀਨ ਦੇ ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਾਜ਼ਾ ਦੇ ਸਿਹਤ ਮੰਤਰਾਲਾ ਨੇ ਆਪਣੀ ਗਣਨਾ ਵਿੱਚ ਨਾਗਰਿਕਾਂ ਅਤੇ ਲੜਾਕਿਆਂ ਵਿੱਚ ਫਰਕ ਨਹੀਂ ਕੀਤਾ, ਪਰ ਕਿਹਾ ਹੈ ਕਿ ਮਰਨ ਵਾਲਿਆਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਹਨ।
ਇਜ਼ਰਾਇਲੀ ਫੌਜ ਨੇ ਬਿਨਾਂ ਕੋਈ ਸਬੂਤ ਦਿੱਤੇ ਕਿਹਾ ਹੈ ਕਿ ਉਸ ਨੇ 17,000 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ 44,056 ਲੋਕ ਮਾਰੇ ਗਏ ਹਨ ਅਤੇ 104,268 ਜ਼ਖ਼ਮੀ ਹੋਏ ਹਨ। ਇਹ ਵੀ ਕਿਹਾ ਗਿਆ ਹੈ ਕਿ ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ, ਕਿਉਂਕਿ ਹਜ਼ਾਰਾਂ ਲਾਸ਼ਾਂ ਮਲਬੇ ਹੇਠ ਜਾਂ ਉਨ੍ਹਾਂ ਇਲਾਕਿਆਂ ਵਿੱਚ ਦੱਬੀਆਂ ਪਈਆਂ ਹਨ, ਜਿੱਥੇ ਡਾਕਟਰ ਨਹੀਂ ਪਹੁੰਚ ਸਕਦੇ।
ਦੋਵਾਂ ਧਿਰਾਂ ਵਿਚਕਾਰ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਹਮਾਸ ਦੀ ਅਗਵਾਈ ਵਾਲੇ ਅੱਤਵਾਦੀਆਂ ਨੇ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ ‘ਤੇ ਹਮਲਾ ਕੀਤਾ, ਜਿਸ ਨਾਲ ਲਗਭਗ 1,200 ਲੋਕ ਮਾਰੇ ਗਏ ਸਨ। ਇਸ ਦੌਰਾਨ ਹਮਾਸ ਦੇ ਲੜਾਕਿਆਂ ਨੇ 250 ਲੋਕਾਂ ਨੂੰ ਅਗਵਾ ਕਰ ਲਿਆ, ਜਿਨ੍ਹਾਂ ‘ਵਿਚੋਂ ਕਰੀਬ 100 ਲੋਕਾਂ ਨੂੰ ਅਜੇ ਵੀ ਗਾਜ਼ਾ ਵਿਚ ਬੰਧਕ ਬਣਾਇਆ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਘੱਟੋ-ਘੱਟ ਇਕ ਤਿਹਾਈ ਦੀ ਮੌਤ ਹੋ ਚੁੱਕੀ ਹੈ।

Exit mobile version