ਛੂਹ ਕੇ ਨਹੀਂ ਵੇਖਿਆ
ਉਸ ਨੂੰ ਕਦੇ
ਪਰ ਸਦਾ ਰਹਿੰਦੀ ਉਹ
ਮੇਰੇ ਨੇੜੇ-ਤੇੜੇ
ਉਸਦਾ ਪਰਛਾਵਾਂ
ਸਦਾ ਦਿਸਦਾ ਰਹਿੰਦਾ ਮੈਨੂੰ
ਆਸ ਪਾਸ
ਜਦੋਂ ਵੀ
ਮੈਂ ਆਪਣੇ ਦੁਆਲੇ ਕਸਿਆ
ਜ਼ਰਾਬਕਤਰ ਜ਼ਰਾ ਕੁ
ਢਿੱਲਾ ਕਰਦਾ
ਆਪਣਾ ਪੱਥਰ ਦਾ ਸਰੀਰ
ਥੋੜ੍ਹਾ ਜਿਹਾ ਗਿੱਲਾ ਕਰਦਾ
ਉਹ ਅਛੋਪਲੇ ਜਿਹੇ
ਮੇਰੇ ਜਿਸਮ ਵਿੱਚ ਵੜ ਵਹਿੰਦੀ
ਮੈਨੂੰ ਕਹਿੰਦੀ-
ਕਿਉਂ ਰਹਿੰਦਾ ਹੈ ਦੂਰ ਮੈਥੋਂ
ਕਿਉਂ ਭੱਜਦਾ ਹੈਂ ਡਰ ਕੇ
ਮੈਂ ਤਾਂ ਅਜ਼ਲਾਂ ਤੋਂ ਤੇਰੇ ਨਾਲ
ਮੈਂ ਸਦਾ ਤੇਰੇ ਅੰਗ ਸੰਗ ਰਹਿਣਾ
ਉਹ ਮੇਰੇ ਜਿਸਮ ਵਿੱਚ ਫੈਲਦੀ
ਤੁਰਨ ਲੱਗਦੀ ਮੇਰੇ ਅੰਦਰ
ਮੇਰੇ ਅੰਦਰੋਂ
ਸੁੱਤੀਆਂ ਸੁਰਾਂ ਨੂੰ ਜਗਾਉਂਦੀ
ਅਤੀਤ ਦੀ ਹਨ੍ਹੇਰੀ ਉਠਾਉਂਦੀ
ਮੈਨੂੰ ਅਜਬ-ਸੰਸਾਰ ‘ਚ
ਲੈ ਜਾਂਦੀ
ਜਿੱਥੋਂ ਕਿੰਨੇ-ਕਿੰਨੇ ਦਿਨ
ਮੁੜ ਪਰਤਣ ਲਈ
ਕੋਈ ਰਾਹ ਨਾ ਲੱਭਦਾ
ਮੈਂ ਫਿਰ ਪਰਤਦਾ ਆਖ਼ਿਰ
ਵਰਤਮਾਨ ਦੇ
ਭੂਲ-ਭੁਲੱਈਏ ‘ਚ ਗੁਆਚਦਾ
ਪਰ ਉਸ ਦਾ ਪਰਛਾਵਾਂ
ਸਦਾ ਦਿਸਦਾ ਰਹਿੰਦਾ ਮੈਨੂੰ
ਕੋਲ-ਕੋਲ
ਸਦਾ ਰਹਿੰਦੀ ਉਹ
ਮੇਰੇ ਆਸ-ਪਾਸ…।
ਲੇਖਕ : ਡਾ. ਅਮਰਜੀਤ ਕੌਂਕੇ