ਸਰਕਾਰ ਤੇ ਸਮਾਜ ਨਿੱਜੀ ਜੀਵਨ ‘ਚ ਦਖ਼ਲਅੰਦਾਜ਼ੀ ਕਿਉਂ ਚਾਹੁੰਦੇ ਹਨ?

ਪੂਰਨ ਚੰਦ ਸਰੀਨ
ਅਕਸਰ ਸਰਕਾਰ ਭਾਵ ਰਾਜਾ ਤੇ ਸਮਾਜ ਭਾਵ ਕੁਟੁੰਬ ਵਲੋਂ ਅਜਿਹੇ ਫ਼ਰਮਾਨ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦਾ ਉਦੇਸ਼ ਸੁਝਾਅ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਜ਼ੋਰ ਜ਼ਬਰਦਸਤੀ ਲਾਗੂ ਕਰਨਾ ਵੀ ਹੁੰਦਾ ਹੈ, ਜਿਸ ਨੂੰ ਸਿੱਧੇ ਸ਼ਬਦਾਂ ‘ਚ ਨਿੱਜੀ ਸੁਤੰਤਰਤਾ ਦੀ ਉਲੰਘਣਾ ਕਰਨਾ ਕਿਹਾ ਜਾਂਦਾ ਹੈ। ਆਧੁਨਿਕ ਵਿਸ਼ਵੀਕਰਨ ਦੇ ਯੁੱਗ ‘ਚ ਜਿਸ ‘ਚ, ਸੂਚਨਾ ਤੰਤਰ ਅਤੇ ਤਕਨਾਲੋਜੀ ਨੇ, ਦੁਨੀਆ ਹੋਵੇ ਜਾਂ ਸਾਡਾ ਦਿਮਾਗ, ਸਭ ਦੇ ਬੰਦ ਦਰਵਾਜ਼ਿਆਂ ਨੂੰ ਖੋਲ੍ਹ ਦਿੱਤਾ ਹੈ, ਉਸ ਸਮੇਂ ਕੁਝ ਮੁੱਠੀ ਭਰ ਲੋਕ ਜਿਨ੍ਹਾਂ ਦੇ ਹੱਥ ਸੱਤਾ ਲੱਗ ਜਾਂਦੀ ਹੈ, ਅਜਿਹੇ ਸਿਆਸਤਦਾਨ, ਆਰਥਿਕ ਤੌਰ ‘ਤੇ ਤਗੜੇ ਜਾਂ ਆਪਣੀ ਦਬੰਗਈ ਨਾਲ ਡਰ ਦਾ ਮਾਹੌਲ ਬਣਾਉਣ ‘ਚ ਮਾਹਿਰ ਆਪਣੀ ਮਰਜ਼ੀ ਨਾਲ ਸਾਡੇ ਵਿਸ਼ਾਲ ਦੇਸ਼ ‘ਤੇ ਤਾਨਾਸ਼ਾਹੀ ਰਾਜ ਲਾਗੂ ਕਰਨਾ ਚਾਹੁੰਦੇ ਹਨ।
ਇਹ ਸਵਾਲ ਇਸ ਲਈ ਵਿਚਾਰਨਯੋਗ ਹੈ, ਕਿਉਂਕਿ ਸਾਡੇ ਨੇਤਾ ਜਿਨ੍ਹਾਂ ‘ਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਸਾਰੇ ਆਉਂਦੇ ਹਨ, ਉਹ ਲੋਕਾਂ ਦੇ ਨਿੱਜੀ ਜੀਵਨ ‘ਤੇ ਆਪਣਾ ਕਬਜ਼ਾ ਚਾਹੁੰਦੇ ਹਨ। ਉਨ੍ਹਾਂ ਵਲੋਂ ਜਦੋਂ ਅਜਿਹੀਆਂ ਨਸੀਹਤਾਂ ਅਤੇ ਉਨ੍ਹਾਂ ਨੂੰ ਮੰਨਣ ਦੇ ਹੁਕਮ ਆਉਂਦੇ ਹਨ ਅਤੇ ਇੱਥੋਂ ਤੱਕ ਕਿ ਉਹ ਕਾਨੂੰਨ ਤੱਕ ਬਣਾ ਦਿੰਦੇ ਹਨ ਕਿ ਕੋਈ ਕੀ ਖਾਵੇਗਾ, ਕੀ ਪੀਏਗਾ, ਕੀ ਪਹਿਨੇਗਾ, ਕਿਵੇਂ ਉਠੇਗਾ, ਚੱਲੇਗਾ ਅਤੇ ਬੋਲੇਗਾ ਜਾਂ ਦੱਸੇਗਾ ਤਾਂ ਸਮਾਜ ਦੇ ਕੱਟੜਪੰਥੀਆਂ ਦੀ ਅਜਿਹੇ ‘ਚ ਪੌਂ ਬਾਰਾਂ ਹੋ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਸੱਤਾਧਾਰੀਆਂ ਦੀ ਸ਼ਹਿ ਮਿਲੀ ਹੁੰਦੀ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਨੌਜਵਾਨ ਵਰਗ ਆਪਣੇ ਹੀ ਰੂੜ੍ਹੀਵਾਦੀ ਪਰਿਵਾਰ ਦੇ ਕੰਟਰੋਲ ਦੀਆਂ ਬੇੜੀਆਂ ਤੋੜ ਕੇ ਕਿਤੇ ਹੋਰ ਚਲੇ ਜਾਣਾ ਬਿਹਤਰ ਸਮਝਦਾ ਹੈ। ਉਹ ਵਿਰੋਧ ਸਹਿ ਕੇ ਵੀ ਪੜ੍ਹਾਈ ਅਤੇ ਨੌਕਰੀ ਲਈ ਦੂਰ ਚਲੇ ਜਾਂਦੇ ਹਨ ਅਤੇ ਪਰਿਵਾਰ ਨਾਲ ਥੋੜ੍ਹਾ ਜਿਹਾ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਉੱਥੇ ਬੰਦਿਸ਼ਾਂ ਤੋਂ ਇਲਾਵਾ ਕੁਝ ਨਹੀਂ ਅਤੇ ਇੱਥੇ ਜਿਊਣ ਅਤੇ ਉਡਾਨ ਭਰਨ ਲਈ ਖੁੱਲ੍ਹਾ ਆਸਮਾਨ ਹੁੰਦਾ ਹੈ।
ਸਮਾਜਿਕ ਰੋਕਾਂ
ਸਾਡੇ ਇਕ ਸੀਨੀਅਰ ਕੇਂਦਰੀ ਮੰਤਰੀ ਬਿਆਨ ਦਿੰਦੇ ਹਨ ਕਿ ਨੌਜਵਾਨ ਵਰਗ ਭਟਕ ਗਿਆ ਹੈ, ਉਸ ਨੂੰ ਕੰਟਰੋਲ ‘ਚ ਰੱਖਣਾ ਹੋਵੇਗਾ। ਵਿਆਹ ਕੀਤੇ ਬਿਨਾਂ ਨਾਲ ਰਹਿਣਾ ਉਨ੍ਹਾਂ ਦੀ ਕਲਪਨਾ ‘ਚ ਹੀ ਨਹੀਂ। ਹਕੀਕਤ ਇਹ ਹੈ ਕਿ ਅੱਜ ਦਾ ਨੌਜਵਾਨ ਆਪਣੇ ਹੀ ਪਰਿਵਾਰ ‘ਚ ਮਾਂ ਨਾਲ ਪਿਤਾ ਦਾ ਮਾੜਾ ਵਤੀਰਾ ਤੇ ਕੁੱਟਮਾਰ ਵੇਖ ਕੇ ਅਤੇ ਉਨ੍ਹਾਂ ਦੇ ਕਦੇ ਵੱਖ ਨਾ ਹੋ ਸਕਣ ਦੀ ਭਿਆਨਕਤਾ ਕਾਰਨ, ਡਰਨ ਲੱਗਾ ਹੈ ਕਿ ਵਿਆਹ ਕਰਵਾ ਲਿਆ ਤਾਂ ਤਲਾਕ ਲੈਣ ‘ਚ ਹੀ ਜ਼ਿੰਦਗੀ ਗਰਕ ਹੋ ਜਾਵੇਗੀ। ਹਾਲਾਂਕਿ ਐੱਲ.ਜੀ.ਬੀ.ਟੀ. ਕਾਨੂੰਨ ਹੈ, ਪਰ ਉਹ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ। ਜੇਕਰ ਇਸ ਵਰਗ ਦੇ ਲੋਕ ਇਕ ਪਰਿਵਾਰ ਵਾਂਗ ਰਹਿਣਾ ਚਾਹੁੰਦੇ ਹਨ ਤਾਂ ਇਨ੍ਹਾਂ ਥੋੜ੍ਹੇ ਜਿਹੇ ਲੋਕਾਂ ਨੂੰ ਨਾਲ ਰਹਿਣ ਦਿਓ, ਕਿਉਂ ਉਨ੍ਹਾਂ ਨੂੰ ਖ਼ਤਰਾ ਸਮਝਦੇ ਹੋ। ਖਾਣ-ਪੀਣ, ਪਹਿਰਾਵੇ ਨੂੰ ਲੈ ਕੇ ਹੀ ਨਹੀਂ, ਕਿਹੜੀ ਫ਼ਿਲਮ ਦੇਖੋ, ਕਿਹੜਾ ਸੰਗੀਤ ਸੁਣੇ ਜਾਂ ਕੋਈ ਕਲਾਕਾਰ, ਪੇਂਟਰ ਜਾਂ ਮੂਰਤੀਕਾਰ ਕਿਹੋ ਜਿਹੀਆਂ ਕਲਾਕ੍ਰਿਤੀਆਂ ਬਣਾਏ, ਇਹ ਸਭ ਜੇਕਰ ਸ਼ਾਸਨ ਨਿਰਧਾਰਿਤ ਕਰੇਗਾ, ਤਾਂ ਇਹ ਤਾਨਾਸ਼ਾਹੀ ਨਹੀਂ ਤਾਂ ਹੋਰ ਕੀ ਹੋਵੇਗਾ?
ਇਹੀ ਉਦਾਹਰਨ ਵੇਖ ਲਓ, ਸਾਡੇ ਕਈ ਸੂਬਿਆਂ ‘ਚ ਪੂਰੀ ਅਸਫਲਤਾ ਦੇ ਬਾਵਜੂਦ ਸ਼ਰਾਬ ‘ਤੇ ਪਾਬੰਦੀ ਹੈ। ਇਹ ਸਹੀ ਹੈ ਕਿ ਸ਼ਰਾਬ ਕੋਈ ਚੰਗਾ ਨਸ਼ਾ ਨਹੀਂ ਹੈ ਪਰ ਕੁਝ ਲੋਕਾਂ ਲਈ ਸੀਮਤ ਮਾਤਰਾ ‘ਚ ਸੇਵਨ ਕਰ ਇਹ ਖ਼ੁਸ਼ ਰਹਿਣ ਦਾ ਸਾਧਨ ਹੈ। ਇਨ੍ਹਾਂ ਰਾਜਾਂ ‘ਚ ਨਕਲੀ ਸ਼ਰਾਬ ਅਤੇ ਉਸ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਨਿੱਤ ਦਿਨ ਮਿਲਦੀਆਂ ਰਹਿੰਦੀਆਂ ਹਨ। ਪਿੱਛੇ ਇਕ ਰਾਜ ਨੇ ਪੁਲਿਸ ਨੂੰ ਕਿਹਾ ਕਿ ਉਹ ਲੋਕਾਂ ਦੇ ਘਰਾਂ ‘ਚ ਕਿਸੇ ਵੀ ਸਮੇਂ ਦਾਖ਼ਲ ਹੋ ਕੇ ਪਤਾ ਲਗਾਏ ਕਿ ਕਿਤੇ ਕੁਝ ਗ਼ਲਤ ਕੰਮ ਤਾਂ ਨਹੀਂ ਹੋ ਰਿਹਾ। ਇਸ ਤਰ੍ਹਾਂ ਨਿੱਜਤਾ ਦੀ ਉਲੰਘਣਾ ਕਿਸੇ ਵੀ ਸੱਤਾ ਲਈ ਕੀ ਨਿਆਂਪੂਰਨ ਕਹੀ ਜਾ ਸਕਦੀ ਹੈ? ਪੁਲਿਸ ਨੂੰ ਜੇਕਰ ਕਿਸੇ ਗ਼ੈਰਕਾਨੂੰਨੀ ਸਰਗਰਮੀ ਦਾ ਪਤਾ ਲਗਾਉਣਾ ਹੈ ਤਾਂ ਉਹ ਪੂਰੀ ਤਰ੍ਹਾਂ ਸਮਰੱਥ ਹੈ, ਸਰਕਾਰ ਕਿਉਂ ਉਨ੍ਹਾਂ ਦੇ ਕੰਮ ‘ਚ ਆਪਣੀ ਲੱਤ ਅੜਾਉਂਦੀ ਹੈ।
ਜਾਤ-ਪਾਤ ਅਤੇ ਧਰਮ
ਇਕ ਹੋਰ ਮੁੱਦਾ ਹੈ, ਜੋ ਸ਼ਾਂਤੀ ਪਸੰਦ ਲੋਕਾਂ ‘ਚ ਅਕਸਰ ਘਬਰਾਹਟ ਪੈਦਾ ਕਰਦਾ ਰਹਿੰਦਾ ਹੈ। ਉਹ ਹੈ ਜਾਤ ਬਿਰਾਦਰੀ ਅਤੇ ਧਰਮ ਤੇ ਪਰੰਪਰਾਗਤ ਰੀਤੀ-ਰਿਵਾਜਾਂ ਅਤੇ ਮਾਨਤਾਵਾਂ ਦਾ। ਸਾਡੇ ਦੇਸ਼ ‘ਚ ਅੱਜ ਤੋਂ ਨਹੀਂ, ਪ੍ਰਾਚੀਨ ਅਤੇ ਪੌਰਾਣਿਕ ਕਾਲ ਤੋਂ ਅੰਤਰਜਾਤੀ ਵਿਆਹ ਹੁੰਦੇ ਰਹੇ ਹਨ ਅਤੇ ਅੰਤਰਧਾਰਮਿਕ ਵਿਆਹਾਂ ਦੀ ਵੀ ਗਿਣਤੀ ਘੱਟ ਨਹੀਂ ਹੈ। ਅੱਜ ਅਜਿਹੇ ਹਜ਼ਾਰਾਂ ਜੋੜੇ ਹੋਣਗੇ, ਜੋ ਦੂਜੀ ਜਾਤ ਦੇ ਲੜਕੇ ਜਾਂ ਲੜਕੀ ਨਾਲ ਵਿਆਹ ਕਰਨ ਤੋਂ ਬਾਅਦ ਆਪਣੇ ਹੀ ਮਾਤਾ-ਪਿਤਾ ਅਤੇ ਹੋਰ ਪਰਿਵਾਰ ਵਾਲਿਆਂ ਦੇ ਗ਼ੁੱਸੇ ਦਾ ਸਾਹਮਣਾ ਕਰ ਰਹੇ ਹੋਣਗੇ। ਇਹ ਨੌਜਵਾਨ ਆਪਣੇ ਮਾਪਿਆਂ ਜਾਂ ਭਰਾ-ਭੈਣ ਦਾ ਚਿਹਰਾ ਵੇਖਣ ਤੱਕ ਨੂੰ ਤਰਸ ਜਾਂਦੇ ਹਨ, ਪਰ ਖ਼ਾਨਦਾਨ ਦੀ ਨਕਲੀ ਇੱਜ਼ਤ ਦੀਆਂ ਬੇੜੀਆਂ ‘ਚ ਜਕੜੇ ਇਹ ਲੋਕ ਪੱਥਰ ਵਾਂਗ ਉਮਰ ਭਰ ਨਹੀਂ ਪਸੀਜਦੇ। ਕੌਣ ਬਣੇਗਾ ਕਰੋੜਪਤੀ ‘ਚ ਅਜਿਹੇ ਅਨੇਕਾਂ ਪਤੀਆਂ ਤੇ ਪਤਨੀਆਂ ਦੀ ਦਾਸਤਾਨ ਵੇਖਣ ਨੂੰ ਮਿਲਦੀ ਰਹੀ ਹੈ ਕਿ ਕਿਵੇਂ ਦੂਜੀ ਜਾਤੀ ਜਾਂ ਧਰਮ ਦੇ ਵਿਅਕਤੀ ਨਾਲ ਵਿਆਹ ਕਰਵਾਉਣ ‘ਤੇ ਉਹ ਬੇਕਸੂਰ ਹੁੰਦੇ ਹੋਏ ਵੀ ਅਪਰਾਧੀ ਵਰਗੀ ਜ਼ਿੰਦਗੀ ਜੀਅ ਰਹੇ ਹਨ। ਸਮਾਜਿਕ ਚੇਤਨਾ, ਭਾਈਚਾਰਾ, ਸਮਾਨਤਾ ਅਤੇ ਸੁਰੱਖਿਆ ਦਾ ਸੰਬੰਧ ਸਾਡੇ ਸੰਵਿਧਾਨ ‘ਚ ਵੀ ਬਹੁਤ ਡੂੰਘਾਈ ਨਾਲ ਸਮਝਾਇਆ ਗਿਆ ਹੈ।
ਕਿਸੇ ਨੂੰ ਕਿਸੇ ਦੇ ਨਿੱਜੀ ਜੀਵਨ ‘ਚ ਦਖ਼ਲ-ਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ। ਵਿਅਕਤੀ ਨੂੰ ਉਸ ਦੀ ਸਰੀਰਕ ਅਤੇ ਮਾਨਸਿਕ ਸਮਰੱਥਾ ਅਤੇ ਖ਼ੁਦ ਦੇ ਵਿਵੇਕ ‘ਤੇ ਆਧਾਰਿਤ ਫ਼ੈਸਲੇ ਲੈਣ ਦੀ ਆਜ਼ਾਦੀ ਹੈ। ਉਹ ਆਪਣੀ ਮਰਜ਼ੀ ਅਤੇ ਜਿਸ ਤਰ੍ਹਾਂ ਰਹਿਣ ਨਾਲ ਉਸ ਨੂੰ ਖ਼ੁਸ਼ੀ ਮਿਲਦੀ ਹੋਵੇ, ਉਹ ਅਜਿਹਾ ਕਰ ਸਕਦਾ ਹੈ। ਇਹ ਗੱਲ ਬਹੁਤ ਸਾਫ਼ ਸ਼ਬਦਾਂ ‘ਚ ਨਾ ਸਿਰਫ਼ ਸੰਵਿਧਾਨ ‘ਚ ਕਹੀ ਗਈ ਹੈ, ਸਗੋਂ ਸਕੂਲ-ਕਾਲਜ ਦੇ ਸਿਲੇਬਸ ‘ਚ ਵੀ ਇਹੀ ਕੁਝ ਦੱਸਿਆ ਗਿਆ ਹੈ। ਹੁਣ ਜਾਂ ਤਾਂ ਇਹ ਸਭ ਗ਼ਲਤ ਹੈ, ਜੋ ਸਾਨੂੰ ਸਿਖਾਇਆ-ਪੜ੍ਹਾਇਆ ਗਿਆ ਹੈ ਜਾਂ ਫਿਰ ਇਹ ਕੁਝ ਕੁ ਲੋਕਾਂ ਦੀ ਸਾਜ਼ਿਸ਼ ਹੈ, ਜੋ ਚਾਹੁੰਦੇ ਹਨ ਕਿ ਨੌਜਵਾਨ ਤੇ ਸਿੱਖਿਅਤ ਜਨਤਾ ਉਨ੍ਹਾਂ ਦੀ ਕਠਪੁਤਲੀ ਬਣ ਕੇ ਰਹੇ। ਇਹ ਨਾ ਤਾਂ ਹੋ ਸਕਦਾ ਹੈ ਅਤੇ ਨਾ ਹੀ ਕਦੇ ਸੰਭਵ ਹੋ ਸਕੇਗਾ ਕਿ ਕੋਈ ਦੇਸ਼ ਆਪਣੇ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਗ਼ੁਲਾਮ ਬਣਾ ਕੇ ਰੱਖੇ ਅਤੇ ਉਹ ਕੁਝ ਵੀ ਨਾ ਕਹਿਣ, ਚੁੱਪਚਾਪ ਸੁਣਦੇ ਅਤੇ ਮੰਨਦੇ ਰਹਿਣ। ਹੈਰਾਨੀ ਨਹੀਂ ਹੋਵੇਗੀ ਕਿ ਜੇਕਰ ਸਰਕਾਰ ਅਤੇ ਕੁਝ ਕੱਟੜਪੰਥੀ ਨਾ ਸੁਧਰਨ ਤਾਂ ਨੌਜਵਾਨ ਆਪਣੀ ਏਕਤਾ ਅਤੇ ਆਧੁਨਿਕ ਵਿਗਿਆਨਕ ਸੋਚ ਦੇ ਬਲਬੂਤੇ ਇਨ੍ਹਾਂ ਦਾ ਪੂਰਨ ਤੌਰ ‘ਤੇ ਵਿਰੋਧ ਕਰਨ ਲਈ ਸੰਘਰਸ਼ ਕਰਨ ਲਈ ਨਿਕਲ ਪੈਣ?
ਈ-ਮੇਲ : pooranchandsarin@gmail.com

 

Exit mobile version