ਤੇਰੇ ਰੰਗ ਕਰਤਾਰ ਮੁਹੱਬਤ ਦਿਸਦੀ ਏ

 

ਤੇਰੇ ਰੰਗ ਕਰਤਾਰ ਮੁਹੱਬਤ ਦਿਸਦੀ ਏ।
ਮੈਨੂੰ ਅੰਦਰ ਬਾਹਰ ਮੁਹੱਬਤ ਦਿਸਦੀ ਏ।

ਤੈਨੂੰ ਸ਼ਾਇਦ ਦਿਸਦੀ ਨਹੀਂਓਂ ਪਰ ਮੈਨੂੰ
ਦੋ ਰੂਹਾਂ ਵਿਚਕਾਰ ਮੁਹੱਬਤ ਦਿਸਦੀ ਏ।

ਤੈਨੂੰ ਕਿਹੜੀ ਗੱਲੋਂ ਏਨੀ ਨਫ਼ਰਤ ਦੱਸ
ਮੈਨੂੰ ਤਾਂ ਉਸ ਪਾਰ ਮੁਹੱਬਤ ਦਿਸਦੀ ਏ।

ਮੈਨੂੰ ਮਹਿਕਾਂ ਵੰਡਦੀ ਦਿਸਦੀ ਹਰ ਪਾਸੇ
ਤੈਨੂੰ ਵੰਡਦੀ ਖ਼ਾਰ ਮੁਹੱਬਤ ਦਿਸਦੀ ਏ।

ਨਫ਼ਰਤ ਵਾਂਗੂੰ ਕੱਲਮ ਕੱਲੀ ਬਹਿੰਦੀ ਨਾ
ਲੈਂਦੀ ਸਭ ਦੀ ਸਾਰ ਮੁਹੱਬਤ ਦਿਸਦੀ ਏ।

ਇਸਦੇ ਰਸਤੇ ਭਾਵੇਂ ਕੰਡਿਆਂ ਵਰਗੇ ਨੇ
ਪਰ ਫ਼ੁੱਲਾਂ ਦਾ ਹਾਰ ਮੁਹੱਬਤ ਦਿਸਦੀ ਏ।

ਦੇਖਣ ਵਾਲੀ ਅੱਖ ‘ਤੇ ਵੀ ਨਿਰਭਰ ਹੁੰਦਾ
ਸਭ ਤੋਂ ਵਧੀਆ ਯਾਰ ਮੁਹੱਬਤ ਦਿਸਦੀ ਏ।

ਸੁਪਨੇ ਸੌਂਦਾ ਭਾਵੇਂ ਦਿਨ ਵਿਚ ਦੇਖਾਂ ਮੈਂ
ਮੈਨੂੰ ਤਾਂ ਹਰ ਵਾਰ ਮੁਹੱਬਤ ਦਿਸਦੀ ਏ।

ਬਾਕੀ ਸਭ ਕੁਝ ਕੱਚਾ ਧਾਗਾ ਲਗਦਾ ਹੁਣ
ਪਰ ਰੇਸ਼ਮ ਦੀ ਤਾਰ ਮੁਹੱਬਤ ਦਿਸਦੀ ਏ।
ਲੇਖਕ : ਹਰਦੀਪ ਬਿਰਦੀ
ਸੰਪਰਕ: 90416-00900

Exit mobile version