ਸੋਹਣਾ ਰੁੱਖ ਸੁਹੰਞਣਾ, ਗੁਣਾਂ ਨਾਲ ਭਰਪੂਰ।
ਜਿੱਥੇ ਇਸ ਦੀ ਹੋਂਦ ਹੈ, ਰੋਗ ਭਜਾਵੇ ਦੂਰ।
ਪੱਤੇ ਬਹੁਤ ਮਲੂਕੜੇ, ਹਰਾ ਹੈਦਰੀ ਰੰਗ।
ਟੁੱਟੇ ਟਹਿਣੀ ਇਸ ਤਰ੍ਹਾਂ, ਜੀਕੂੰ ਕਚਕੀ ਵੰਗ।
ਕੁਝ ਚਿਰ ਦੀ ਹੀ ਗੱਲ ਹੈ, ਹੁੰਦਾ ਸੀ ਇਹ ਆਮ।
ਰੋਗਾਂ ਦੇ ਸੌਦਾਗਰਾਂ, ਕੀਤਾ ਖ਼ਤਮ ਤਮਾਮ।
ਇਸ ਦੇ ਪੱਤੇ ਕੀਮਤੀ, ਸਭ ਤੋਂ ਵੱਧ ਮੁਫ਼ੀਦ।
ਮੁੱਢੋਂ ਦਿੰਦੇ ਪੁੱਟ ਇਹ, ਜਿਹੜੇ ਰੋਗ ਜਦੀਦ।
ਛਾਂਵੇਂ ਰੱਖ ਸੁਕਾਅ ਲਵੋ, ਇਸ ਦੇ ਪੱਤੇ ਤੋੜ।
ਵਰਤ ਲਵੋ ਜੇ ਪੀਠ ਕੇ, ਵੈਦਾਂ ਦੀ ਨਾ ਲੋੜ।
ਜਿਹੜਾ ਕੋਈ ਪੀਠ ਕੇ, ਕਰਦੈ ਸਦਉਪਯੋਗ।
ਉਸ ਦੇ ਪੁੱਟਦਾ ਹੈ ਜੜ੍ਹਾਂ, ਵੱਡੇ ਵੱਡੇ ਰੋਗ।
ਆਟੋ ਦੇ ਵਿਚ ਗੁੰਨ੍ਹ ਕੇ, ਲਾਵਣ ਦੇ ਵਿਚ ਰਿੰਨ੍ਹ।
ਇਸ ਨੂੰ ਖਾਵੋਗੇ ਅਗਰ, ਰੋਗ ਮਿਟਣਗੇ ਭਿੰਨ।
ਇਸ ਦੀਆਂ ਸ਼ਾਖਾਂ ਸੁੱਕੀਆਂ, ਟੁੱਕ ਲਵੋ ਜੇ ਪੀਸ।
ਇਸ ‘ਭੁੱਕੀ’ ਦੀ ਮਿੱਤਰੋ, ਕਰੂ ਦਵਾ ਕੀ ਰੀਸ।
ਇਸ ਪੀਠੀ ਦਾ ਚਮਚ ਇਕ, ਵਰਤ ਲਵੋ ਜੇ ਨਿੱਤ।
ਜਿਹੜੇ ਰੋਗ ਅਸਾਧ ਨੇ, ਕਰ ਦਿੰਦਾ ਹੈ ਚਿੱਤ।
ਇਸ ਦੀ ਪੀਠੀ ਪੀ ਲਵੋ, ਦੁੱਧ ਦੇ ਵਿੱਚ ਉਬਾਲ।
ਇਸ ਗੁਣਕਾਰੀ ਚੀਜ਼ ਦਾ, ਵੇਖੋ ਫੇਰ ਕਮਾਲ।
ਕੱਚੀਆਂ ਫ਼ਲੀਆਂ ਦੋਸਤੋ, ਬੜੀਆਂ ਨੇ ਗੁਣਕਾਰ।
ਬੇਸ਼ਕ ਸਬਜ਼ੀ ਧਰ ਲਵੋ, ਪਾਓ ਭਲਾ ਅਚਾਰ।
ਜਿਨਸੀ ਤਾਕਤ ਵੀ ਵਧੇ, ਇਸ ਦੀ ਵਰਤੋਂ ਨਾਲ।
ਚਿਹਰੇ ਉੱਤੇ ਚੋਬਰੋ, ਆਵੇ ਢੇਰ ਜਲਾਲ।
ਸਭ ਕੁਝ ਵਰਤੋਂ ਯੋਗ ਹੈ, ਪੱਤੇ, ਸ਼ਾਖਾਂ, ਸੱਕ।
ਰੱਖੇ ਕਾਇਮ ਸਰੀਰ ਨੂੰ, ਉਮਰ ਵਡੇਰੀ ਤੱਕ।
ਜਿਸਮ ਨਰੋਆ ਲੋੜਦਾ, ਜਿਹੜੇ ਸੋਲ਼ਾ ਤੱਤ।
ਬੈਠਾ ਸਾਰੇ ਸਾਂਭ ਕੇ, ਇਸ ਦਾ ਇਕ ਇਕ ਪੱਤ।
ਲਾਉਣਾ ਹੈ ਇਸ ਰੁੱਖ ਨੂੰ, ਕੰਧਾਂ ਕੋਲੋਂ ਦੂਰ।
ਸੁੱਕਾ ਸਮਝ ਨ ਪੁੱਟਣਾ, ਫੁੱਟੂ ਫੇਰ ਹਜ਼ੂਰ।
ਇਸ ਦੀ ਕੀਮਤ ਜਾਣਦੇ, ਜਿਹੜੇ ਨੇ ਪ੍ਰਬੁੱਧ।
ਸਭ ਰੁੱਖਾਂ ਤੋਂ ਵੱਧ ਇਹ, ਪੌਣ ਕਰੇਂਦਾ ਸ਼ੁੱਧ।
ਜਿਹੜੇ ਦੇਸ਼ਾਂ ਵਿੱਚ ਇਹ, ਹੈਨ ਤਲਿਸਮੀ ਰੁੱਖ।
ਉਹਨਾਂ ਵਿਚ ਨੇ ਭੋਗਦੇ, ਚੰਗੀ ਜੂਨ ਮਨੁੱਖ।
ਜਿਹੜੇ ਘਰ ਇਹ ਰੁੱਖੜਾ, ਉੱਥੇ ਲੋਕ ਨਿਰੋਗ।
ਫੇਰ ਭਰੋਸਾ ਬੱਝਣਾ, ਕਰ ਵੇਖੋ ਪ੍ਰਯੋਗ।
ਸੈਆਂ ਰੋਗਾਂ ਦੀ ਸ਼ਫ਼ਾ, ਸਭ ਲਾਓ ਇਹ ਰੁੱਖ।
ਲੋਚੋ ਖ਼ਲਕਤ ਦਾ ਭਲਾ, ਲਾ ਕੇ ਮੰਗੋ ਸੁੱਖ।
ਬਿਰਖ਼ ਬਥੇਰੇ ਧਰਤ ‘ਤੇ, ਕੋਈ ਨਾ ਬੇਕਾਰ।
ਐਪਰ ਰੁੱਖ ਸੁਹੰਞਣਾ, ਬਿਰਖਾਂ ਦਾ ਸਰਦਾਰ।
‘ਸੂਫ਼ੀ’ ਕਾਰਜ ਪੁੰਨ ਦਾ, ਘਰ ਘਰ ਲਾਓ ਰੁੱਖ।
ਨਿੱਗਰ ਬਣੇ ਸਮਾਜ ਜੇ ਹੋਣ ਅਰੋਗ ਮਨੁੱਖ।
ਲੇਖਕ : ਅਮਰ ਸੂਫੀ
ਸੰਪਰਕ: 98555-43660