ਕੈਨੇਡਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਘਟਨਾਵਾਂ ਬਣੀਆਂ ਚਿੰਤਾ ਦਾ ਵਿਸ਼ਾ

 

ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਅਤੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ‘ਤੇ ਹਿੰਸਕ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਕਾਰਨ ਕੈਨੇਡਾ ਭਰ ‘ਚ ਵਸਦਾ ਸਿੱਖ ਭਾਈਚਾਰਾ ਚਿੰਤਾ ‘ਚ ਹੈ। ਕੈਨੇਡਾ ‘ਚ ਜਿਥੇ ਸਖ਼ਤ ਮਿਹਨਤ ਸਿੱਖਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਨਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਉਥੇ ਹੀ ਕੈਨੇਡਾ ਦੇ ਕਈ ਇਲਾਕਿਆਂ ‘ਚ ਸਿੱਖਾਂ ‘ਤੇ ਨਫ਼ਰਤੀ ਅਪਰਾਧਾਂ ਅਤੇ ਨਸਲਵਾਦੀ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਨੇ ਸਿੱਖਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਵੀ ਖੜ੍ਹੇ ਕੀਤੇ ਹਨ।
ਤਾਜ਼ਾ ਘਟਨਾ ‘ਚ ਬੀਤੇ ਦਿਨੀਂ ਐਡਮਿੰਟਨ ‘ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ 20 ਸਾਲਾ ਪੰਜਾਬੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ 20 ਸਾਲਾ ਭਾਰਤੀ ਵਿਦਿਆਰਥੀ ਹਰਸ਼ਨਦੀਪ ਸਿੰਘ ਵਜੋਂ ਹੋਈ। ਇਸ ਮਾਮਲੇ ਵਿਚ ਪੁਲਸ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਜਾਣਕਾਰੀ ਅਨੁਸਾਰ ਜਿਸ ਅਪਾਰਟਮੈਂਟ ਵਿਚ ਹਰਸ਼ਨਦੀਪ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਉਸ ਦੇ ਬਾਹਰ ਕੁਝ ਲੋਕ ਆਪਸ ਵਿਚ ਭਿੜ ਗਏ। ਕੁਝ ਲੋਕ ਅਪਾਰਟਮੈਂਟ ‘ਚ ਦਾਖਲ ਹੋਏ ਜਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੁੱਢਲੀ ਜਾਂਚ ਦੌਰਾਨ ਦੋਵਾਂ ਸ਼ੱਕੀਆਂ ‘ਤੇ ਕਤਲ ਦਾ ਦੋਸ਼ ਲਾਇਆ ਗਿਆ ਹੈ। ਘਟਨਾ ਸੀ.ਸੀ.ਟੀ.ਵੀ ਵਿੱਚ ਵੀ ਕੈਦ ਹੋ ਗਈ। ਸੀ.ਸੀ.ਟੀ.ਵੀ ਵਿੱਚ ਹਮਲਾਵਰ ਹਰਸ਼ਨਦੀਪ ਨੂੰ ਪੌੜੀਆਂ ਤੋਂ ਹੇਠਾਂ ਸੁੱਟਦੇ ਦੇਖਿਆ ਜਾ ਸਕਦਾ ਹੈ। ਕੈਨੇਡੀਅਨ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਹਰਸ਼ਨਦੀਪ ਸਿੰਘ, ਜੋ ਕਿ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦਾ ਸੀ, ਸ਼ੁੱਕਰਵਾਰ ਨੂੰ ਕਰੀਬ 12:30 ਵਜੇ ਗੋਲੀਬਾਰੀ ਤੋਂ ਬਾਅਦ ਮ੍ਰਿਤਕ ਪਾਇਆ ਗਿਆ। ਕੈਨੇਡੀਅਨ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਦੋ ਮੁਲਜ਼ਮਾਂ-ਇਵਾਨ ਰੇਨ ਅਤੇ ਜੂਡਿਥ ਸੋਲਟੋ ਨੂੰ ਗ੍ਰਿਫ਼ਤਾਰ ਕੀਤਾ ਹੈ, ਦੋਵੇਂ 30 ਦੀ ਉਮਰ ਦੇ ਹਨ। ਪੁਲਸ ਅਨੁਸਾਰ ਉਨ੍ਹਾਂ ਨੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ 107ਵੇਂ ਐਵੇਨਿਊ ਦੇ ਖੇਤਰ ਵਿੱਚ ਕਾਰਵਾਈ ਕੀਤੀ ਅਤੇ ਹਰਸ਼ਨਦੀਪ ਸਿੰਘ ਨੂੰ ਬੇਹੋਸ਼ ਪਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸੇ ਤਰ੍ਹਾਂ ਹੀ ਇੱਕ ਹੋਰ ਘਟਨਾ ਬਰੈਂਪਟਨ ਵਿੱਚ ਵਾਪਰੀ ਜਿਥੇ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਦੋ ਭਰਾਵਾਂ ‘ਤੇ ਹੋਏ ਤਾਬੜਤੋੜ ਗੋਲੀਬਾਰੀ ਨੇ ਸਿੱਖ ਭਾਈਚਾਰੇ ਵਿੱਚ ਰੋਹ ਦੀ ਲਹਿਰ ਪੈਦਾ ਕਰ ਦਿੱਤੀ। ਇਸ ਹਮਲੇ ਵਿੱਚ ਪ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਵੱਡਾ ਭਰਾ ਖੁਸ਼ਵੰਤਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਇਸ ਸਮੇਂ ਹਸਪਤਾਲ ਵਿੱਚ ਹੈ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ, ਜੋ ਕਿ ਪਿੰਡ ਨੰਦਪੁਰ ਦੇ ਕਿਸਾਨ ਹਨ, ਨੇ ਦੱਸਿਆ ਕਿ ਉਸਦਾ ਵੱਡਾ ਪੁੱਤਰ ਖੁਸ਼ਵੰਤਪਾਲ ਸਿੰਘ ਪਿਛਲੇ ਕੁਝ ਸਮਿਆਂ ਤੋਂ ਬਰੈਂਪਟਨ ਵਿੱਚ ਹੈ। ਪ੍ਰਿਤਪਾਲ ਸਿੰਘ, ਜੋ ਸਿਰਫ਼ 7 ਮਹੀਨੇ ਪਹਿਲਾਂ ਹੀ ਆਪਣੇ ਵੱਡੇ ਭਰਾ ਦੇ ਕੋਲ ਗਿਆ ਸੀ, ਅੰਮ੍ਰਿਤਵੇਲੇ ਘਰ ਦੇ ਬਾਹਰ ਆਪਣੀ ਕਾਰ ਤੋਂ ਬਰਫ ਹਟਾ ਰਿਹਾ ਸੀ ਅਤੇ ਦੋ ਹਮਲਾਵਰ ਆਪਣੀ ਕਾਰ ਵਿੱਚ ਆਏ ਅਤੇ ਦੋਨੋਂ ਭਰਾਵਾਂ ਉੱਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਮ੍ਰਿਤਕ ਪ੍ਰਿਤਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਖੁਸ਼ਵੰਤਪਾਲ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਜਿਸ ਘਰ ਵਿੱਚ ਉਹ ਦੋਵੇਂ ਬੇਟੇ ਕਿਰਾਏ ‘ਤੇ ਰਹਿੰਦੇ ਸਨ, ਉਸ ਦੇ ਮਾਲਕ ਨੂੰ ਕੁਝ ਸਮਾਂ ਪਹਿਲਾਂ ਫਿਰੌਤੀ ਦੀ ਮੰਗ ਕਰਕੇ ਧਮਕੀ ਮਿਲੀ ਸੀ। ਪਰ ਮਾਲਕ ਨੇ ਬਿਨਾਂ ਕਿਸੇ ਨੂੰ ਦੱਸੇ ਆਪਣਾ ਪਰਿਵਾਰ ਕਿਤੇ ਹੋਰ ਸ਼ਿਫਟ ਕਰ ਲਿਆ। ਅਗਰ ਇਸ ਬਾਰੇ ਬੇਟਿਆਂ ਨੂੰ ਪਤਾ ਲੱਗ ਜਾਂਦਾ, ਤਾਂ ਉਹ ਸ਼ਾਇਦ ਇਸ ਹਮਲੇ ਤੋਂ ਬਚ ਸਕਦੇ ਸਨ। ਇਹ ਘਟਨਾ ਸਿਰਫ਼ ਇੱਕ ਹਮਲਾ ਨਹੀਂ, ਸਗੋਂ ਕੈਨੇਡਾ ‘ਚ ਵਧਦੀਆਂ ਚੁਣੌਤੀਆਂ ਦੀ ਦਰਸਾਉਂਦੇ ਹੈ। ਹਾਲ ਹੀ ਵਿੱਚ ਕੈਨੇਡਾ ਵਿੱਚ ਸਿੱਖਾਂ ਉੱਤੇ ਨਫ਼ਰਤੀ ਅਪਰਾਧਾਂ ਦੇ ਵਾਧੇ ਨੇ ਭਾਰਤੀ ਅਤੇ ਵਿਦੇਸ਼ੀ ਪਾਲਿਸੀਆਂ ‘ਤੇ ਕੁੜਤਣ ਆਈ ਹੈ। ਇਹ ਘਟਨਾਵਾਂ ਸਿੱਖ ਭਾਈਚਾਰੇ ਦੀ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ। ਲੋੜ ਹੈ ਕਿ ਸਰਕਾਰਾਂ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗੰਭੀਰ ਪੱਧਰ ‘ਤੇ ਕਦਮ ਚੁੱਕਣ।
ਇਸੇ ਤਰ੍ਹਾਂ 4 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਸਰਨੀਆ ਸ਼ਹਿਰ ਆਏ ਫੋਕਲ ਪੁਆਇੰਟ ਇਲਾਕੇ ਦੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਨੌਜਵਾਨ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕੈਨੇਡੀਅਨ ਪੁਲਸ ਨੇ ਮੌਕੇ ‘ਤੇ ਜਾ ਕੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਆਸੀਸ (22) ਵਜੋਂ ਹੋਈ ਹੈ। ਪੁਲਸ ਨੇ ਕ੍ਰੈਨਸਲੀ ਹੰਟਰ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸ ਦੇ ਨਾਲ ਕਮਰੇ ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਗੋ-ਫੰਡ-ਮੀ ‘ਤੇ ਆਰਥਿਕ ਸਹਾਇਤਾ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ ਤਾਂ ਜੋ ਇਨ੍ਹਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚਾਈਆਂ ਜਾ ਸਕਣ।

Exit mobile version