ਸਿੱਖ ਬੁਧੀਜੀਵੀ ਯਾਦਗਾਰ ਤੇ ਅਜਾਇਬ ਘਰ ਵਿਚ ਫੋਟੋ ਲਗਾਉਣ ਦੇ ਵਿਰੋਧ ਵਿਚ
ਕੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦੀ ਤਸਵੀਰ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਚ ਲੱਗ ਸਕਦੀ ਹੈ ? ਇਸ ਬਾਰੇ ਸਿੱਖ ਸੰਗਤ ਵਿਚ ਵੱਡੇ ਸੁਆਲ ਖੜੇ ਹੋ ਗਏ ਹਨ। ਸਿਖ ਅਜਾਇਬ ਘਰ ਵਿਚ ਤਸਵੀਰ ਲਗਾਉਣ ਤੇ ਯਾਦਗਾਰ ਸਥਾਪਤ ਕਰਨ ‘ਤੇ ਵਿਚਾਰ ਕਰਨ ਲਈ ਸ੍ਰੋਮਣੀ ਕਮੇਟੁ ਦੀ ਬੈਠਕ ਮਾਘੀ ਮੇਲੇ ਦੇ ਬਾਅਦ 15 ਜਨਵਰੀ ਨੂੰ ਹੋ ਸਕਦੀ ਹੈ। ਇਹ ਸੰਕੇਤ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਇਸ ਸਬੰਧ ਵਿਚ ਕੋਈ ਵੀ ਫੈਸਲਾ ਕਾਰਜਕਾਰਣੀ ਬੈਠਕ ਵਿਚ ਹੀ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਸਜੀਸੀਪੀ ਕਾਰਜਕਾਰਣੀ ਦੀ ਬੈਠਕ ਵਿਚ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਸ਼੍ਰੀ ਦਰਬਾਰ ਸਾਹਿਬ ਵਿਚ ਉਨ੍ਹਾਂ ਦੀ ਯਾਦ ਵਿਚ ਸ਼੍ਰੀ ਅਖੰਡ ਪਾਠ ਮਰਹੂਮ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੀ ਸਹਿਮਤੀ ਬਾਅਦ ਹੀ ਰੱਖਿਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਡਾ. ਮਨਮੋਹਨ ਸਿੰਘ ਦੀ ਦਿੱਲੀ ਸਥਿਤ ਗੁਰੂਦੁਆਰਾ ਰਕਾਬਗੰਜ਼ ਵਿਚ ਤਿੰਨ ਜਨਵਰੀ ਨੂੰ ਅੰਤਮ ਅਰਦਾਸ ਸਮਾਗਮ ਵਿਚ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਡਾ.ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਐੱਸਜੀਪੀਸੀ ਪ੍ਰਧਾਨ ਧਾਮੀ ਨੂੰ ਵੀ ਇਸ ਬਾਰੇ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਇਸ ਦੀ ਸੰਭਾਵਨਾ ‘ਤੇ ਵਿਚਾਰ ਕਰਨ ਲਈ ਵੀ ਧਾਮੀ ਨੂੰ ਅਪੀਲ ਕੀਤੀ ਸੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਐਕਸ ‘ਤੇ ਜਾਰੀ ਸੰਦੇਸ਼ ਵਿਚ ਇਸ ਦਾ ਜ਼ਿਕਰ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਨੇ ਵੀ ਐਕਸ ‘ਤੇ ਜਾਰੀ ਇਕ ਸੰਦੇਸ਼ ਵਿਚ ਇਸਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਅਦ ਡਾ. ਮਨਮੋਹਨ ਸਿੰਘ ਦੀ ਯਾਦ ਵਿਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਅਖੰਡ ਪਾਠ ਰੱਖਦਿਆਂ ਧਾਰਮਿਕ ਸਮਾਰੋਹ ਕਰਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਵੇਗਾ। ਫਿਲਹਾਲ ਸਿੱਖ ਕੌਮ ਦੀ ਨਜ਼ਰ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਬੈਠਕ ਦੀ ਤਰੀਕ ਦੇ ਐਲਾਨ ‘ਤੇ ਟਿਕੀ ਹੈ ਕਿਉਂਕਿ ਕਾਰਜਕਾਰਨੀ ਦੀ ਮਨਜ਼ੂਰੀ ਬਾਅਦ ਹੀ ਅਜਿਹੇ ਫੈਸਲੇ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ।
ਬੀਬੀ ਕਿਰਨਜੋਤ ਕੌਰ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਸੁਝਾਅ ਦਿਤਾ ਕਿ ਡਾ: ਮਨਮੋਹਨ ਸਿੰਘ ਕੇਵਲ ਸਿੱਖਾਂ ਲਈ ਹੀ ਨਹੀਂ ,ਸਗੋਂ ਹਰ ਕਿਸੇ ਲਈ ਪ੍ਰੇਰਨਾਦਾਇਕ ਸ਼ਖਸੀਅਤ ਹਨ ,ਕਿਉਂਕਿ ਉਨ੍ਹਾਂ ਵਿੱਚ ਸਖ਼ਤ ਮਿਹਨਤ, ਨਿਮਰਤਾ, ਇਮਾਨਦਾਰੀ, ਬਿਨਾਂ ਕਿਸੇ ਦੀ ਬਦਨਾਮੀ ਦੇ ਅਰਥਪੂਰਨ ਬੋਲਣ, ਭਲਾਈ ਲਈ ਇੱਕ ਸਤੁੰਲਿਤ ਰਵੱਈਆ ਰਖਿਆ, ਜੋ ਹਰ ਧਰਮ ਸਿਖਾਉਂਦਾ ਹੈ। ਉਹ ਆਪਣੇ ਗੁਣਾਂ ਸਦਕਾ ਉੱਚ ਅਹੁਦੇ ‘ਤੇ ਪਹੁੰਚੇ। ਇਹ ਗੁਣ. ਹਾਲਾਂਕਿ, ਉਹ “ਪੰਥ ਰਤਨ” ਦੇ ਉਮੀਦਵਾਰ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਨੇ ਪੰਥ ਲਈ ਖਾਸ ਤੌਰ ‘ਤੇ ਕੁਝ ਨਹੀਂ ਕੀਤਾ। ਪੰਥਕ ਰਵਾਇਤਾਂ ਦੀ ਘੱਟ ਜਾਂ ਘੱਟ ਜਾਣਕਾਰੀ ਰੱਖਣ ਵਾਲੇ ਕਾਂਗਰਸੀਆਂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਸਿੱਖਾਂ ਅੰਦਰ ਡਾ. ਸਾਹਿਬ ਦੀ ਯਾਦ ਵਿੱਚ ਕੋਈ ਵਿਵਾਦ ਨਾ ਪੈਦਾ ਹੋਵੇ।
ਸਿੱਖ ਚਿੰਤਕ ਸਰਦਾਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਉਹ ਇਮਾਨਦਾਰ ਪ੍ਰਧਾਨ ਮੰਤਰੀ ਸਨ ਪਰ ਪੰਥਕ ਖੇਤਰ ਵਿਚ ਉਨ੍ਹਾਂ ਦੀ ਕੋਈ ਦੇਣ ਨਹੀਂ।ਇਸ ਲਈ ਉਨ੍ਹਾਂ ਦੀ ਸ੍ਰੋਮਣੀ ਕਮੇਟੀ ਵਲੋਂ ਯਾਦਗਾਰ ਤੇ ਸਿੱਖ ਅਜਾਇਬ ਘਰ ਵਿਚ ਫੋਟੋ ਨਹੀਂ ਲਗਣੀ ਚਾਹੀਦੀ ਹੈ।
ਯਾਦ ਰਹੇ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਪੰਥ ਰਤਨ ਦੀ ਉਪਾਧੀ ਨਾਲ ਨਿਵਾਜਿਆ ਜਾਵੇ।
ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜਿਆ ਗਿਆ ਸੀ। ਉਨ੍ਹਾਂ ਲਿਖਿਆ ਕਿ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਵੱਜੋਂ ਉਨ੍ਹਾਂ ਦੀ ਸਥਿਤੀ ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਲਈ ਮਾਨ ਅਤੇ ਮਾਨਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ’84 ਦੇ ਸਿੱਖ ਵਿਰੋਧੀ ਕਤਲੇਆਮ ਲਈ ਸੰਸਦ ਵਿੱਚ ਮੁਆਫ਼ੀ ਮੰਗੀ ਸੀ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਤੇ ਮੁੜ ਵਸੇਬੇ ਨੂੰ ਯਕੀਨੀ ਬਣਾਇਆ। ਉਨ੍ਹਾਂ 60 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਦੇ ਅਣਗਿਣਤ ਕਿਸਾਨਾਂ ਨੂੰ ਲਾਭ ਹੋਇਆ।ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਸਿੱਖਾਂ ਲਈ ਪਾਕਿਸਤਾਨ ਜਾਣ ਵਾਲੇ ਤੀਰਥ ਮਾਰਗਾਂ ਦੀ ਸਹੂਲਤ ਲਈ ਬਾਰਡਰ ਕਰਾਸਿੰਗ ਦੀ ਸਹੂਲਤ ਤੇ ਬੁਨਿਆਦੀ ਢਾਂਚਾ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਇਆ। ਪੰਜਾਬ ਦੇ ਪੇਂਡੂ ਵਿਕਾਸ ਲਈ ਅਹਿਮ ਫੰਡ ਅਲਾਟ ਕੀਤੇ।
ਪੰਥਕ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਸਿੱਖ ਧਰਮ ਵਿੱਚ ਸਮਾਰਕਾਂ ਦੀ ਇਜਾਜ਼ਤ ਨਹੀਂ ਹੈ। ਪੰਜਾਬ ਤੋਂ ਕਈ ਵੱਡੇ ਸਿੱਖ ਆਗੂ ਪੈਦਾ ਹੋਏ। ਗਿਆਨੀ ਜ਼ੈਲ ਸਿੰਘ ਤੋਂ ਇਲਾਵਾ ਕਿਸੇ ਵੀ ਆਗੂ ਦੇ ਨਾਂ ‘ਤੇ ਕੋਈ ਯਾਦਗਾਰ ਨਹੀਂ ਹੈ। ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਜਾਂ ਕੌਮ ਦੇ ਕਿਸੇ ਮਹਾਨ ਮੁੱਖ ਮੰਤਰੀ ਦੇ ਨਾਂ ‘ਤੇ ਕੋਈ ਸਮਾਰਕ ਨਹੀਂ ਹੈ। ਫਿਰ ਸ੍ਰੋਮਣੀ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨਵਾਂ ਵਿਵਾਦ ਕਿਉਂ ਖੜਾ ਕਰਨਾ ਚਾਹੁੰਦੇ ਹਨ।ਸਿਖ ਅਜਾਇਬ ਘਰ ਵਿਚ ਤਸਵੀਰ ਪੰਥ ਪ੍ਰਾਪਤੀਆਂ ਵਾਲੀ ਸਖਸ਼ੀਅਤ ਦੀ ਲਗ ਸਕਦੀ ਹੈ। ਸੁਰਗਵਾਸੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਨੇ ਪ੍ਰਧਾਨ ਮੰਤਰੀ ਵਜੋਂ ਸਿੱਖ ਕਤਲੇਆਮ ਨਵੰਬਰ 84 ਬਾਰੇ ਕੋਈ ਮਤਾ ਪਾਰਲੀਮੈਂਟ ਵਿਚ ਨਹੀਂ ਲਿਆਂਦਾ ਤੇ ਨਾ ਹੀ ਜੂਨ 84 ਘਲੂਘਾਰੇ ਦੀ ਭਾਰਤ ਸਰਕਾਰ ਵਲੋਂ ਮਾਫੀ ਮੰਗੀ। ਨਾ ਉਨ੍ਹਾਂ ਦੇ ਸਮੇਂ ਸਿਖ ਪੰਥ ਤੇ ਪੰਜਾਬ ਨੂੰ ਇਨਸਾਫ ਮਿਲਿਆ। ਨਾ ਉਨ੍ਹਾਂ ਯਤਨ ਕੀਤੇ।ਫਿਰ ਸਿਖ ਅਜਾਇਬ ਘਰ ਵਿਚ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਕਿਉਂ ਲਗੇ? ਸ੍ਰੋਮਣੀ ਅਕਾਲੀ ਦਲ ਹੁਣ ਤਕ ਕਾਂਗਰਸ ਨੂੰ ਸਿੱਖ ਨਸਲਕੁਸ਼ੀ ਤੇ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦਾ ਦੋਸ਼ੀ ਠਹਿਰਾਉਂਦਾ ਰਿਹਾ ,ਅਚਾਨਕ ਕਾਂਗਰਸ ਪ੍ਰਤੀ ਏਨਾ ਹੇਜ ਕਿਉਂ ਪੈਦਾ ਹੋ ਗਿਆ?ਕੀ ਹੁਣ ਅਕਾਲੀ ਦਲ ਕਾਂਗਰਸ ਨਾਲ ਰਾਜਨੀਤਕ ਸਮਝੌਤਾ ਕਰਨਾ ਚਾਹੁੰਦਾ ਹੈ ਤਾਂ ਜੋ ਉਸਦੀ ਰਾਜਨੀਤਕ ਸ਼ਾਖ ਬਚ ਸਕੇ।
ਸ੍ਰੋਮਣੀ ਕਮੇਟੀ ਨੂੰ ਬਾਦਲਕਿਆਂ ਦੇ ਚੱਕਰਵਿਊ ਵਿਚੋਂ ਨਿਕਲਕੇ ਪੰਥਕ ਭੂਮਿਕਾ ਨਿਭਾਉਣੀ ਚਾਹੀਦੀ ਹੈ।ਕੀ ਡਾਕਟਰ ਮਨਮੋਹਣ ਸਿੰਘ ਨੇ ਕਦੇ ਇਹ ਬਿਆਨ ਦਿਤਾ ਕਿ ਸਿੱਖ ਕਤਲੇਆਮ ਨਵੰਬਰ 84 ਦੰਗੇ ਨਹੀਂ,ਸਿੱਖ ਨਸਲਕੁਸ਼ੀ ਸੀ ਜਦ ਕਿ ਅਕਾਲ ਤਖਤ ਸਾਹਿਬ ਤੇ ਸਮੁਚਾ ਖਾਲਸਾ ਪੰਥ ਇਸਨੂੰ ਨਸਲਕੁਸ਼ੀ ਮੰਨਦਾ ਹੈ।ਸ੍ਰੋਮਣੀ ਕਮੇਟੀ ਸੋਚੇ ਕਿ ਉਹ ਇਹ ਫੋਟੋ ਸਿਖ ਅਜਾਇਬ ਘਰ ਵਿਚ ਲਗਾਕੇ ਗਲਤੀ ਤਾਂ ਨਹੀਂ ਕਰ ਰਹੀ।ਹਾਂ ਭਾਰਤ ਸਰਕਾਰ ਉਸ ਲਈ ਸਮਾਰਕ ਬਣਾ ਲਵੇ ਤੇ ਭਾਰਤ ਰਤਨ ਅਵਾਰਡ ਦੇ ਲਵੇ।ਇਸ ਗਲ ਦਾ ਕਿਸੇ ਨੂੰ ਇਤਰਾਜ਼ ਨਹੀਂ।ਸਿੱਖ ਪੰਥ ਦੀਆਂ ਆਪਣੀਆਂ ਪਰੰਪਰਾਵਾਂ ਹਨ ,ਇਸ ਨੂੰ ਬਹਾਲ ਰੱਖਣਾ ਚਾਹੀਦਾ ਹੈ।
ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼