ਜੇ ਚਾਹੁੰਦੇ ਹੋ ਕੋਲੈਸਟ੍ਰੋਲ ਘੱਟ ਕਰਨਾ

 

ਲੇਖਕ: ਨੀਤੂ ਗੁਪਤਾ
ਖ਼ੂਨ ਵਿਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ-ਐਲ.ਡੀ.ਐਲ. ਅਤੇ ਐਚ.ਡੀ.ਐਲ.। ਐਲ.ਡੀ.ਐਲ. ਦਾ ਮਤਲਬ ਹੈ ਖ਼ਰਾਬ ਕੋਲੈਸਟ੍ਰੋਲ। ਇਹ ਚਰਬੀ ਦਾ ਉਹ ਥੱਕਾ ਹੁੰਦਾ ਹੈ ਜੋ ਨਾੜਾਂ ਨਾਲ ਚਿਪਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਬਣਾ ਬਣਾ ਦਿੰਦਾ ਹੈ। ਥੱਕੇ ਦੀ ਵਜ੍ਹਾ ਨਾਲ ਖ਼ੂਨ ਵਾਲੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਜਿਸ ਦਾ ਨਤੀਜਾ ਹੁੰਦਾ ਹੈ, ਖ਼ੂਨ ਇਨ੍ਹਾਂ ਨਾੜੀਆਂ ਵਿਚੋਂ ਸਹੀ ਤਰੀਕੇ ਨਾਲ ਪ੍ਰਵਾਹ ਨਹੀਂ ਹੁੰਦਾ। ਅਸੀਂ ਜਿੰਨਾ ਐਚ.ਡੀ.ਐਲ. ਭਾਵ ਚੰਗਾ ਕੋਲੈਸਟ੍ਰੋਲ ਆਪਣੇ ਭੋਜਨ ਵਿਚ ਸ਼ਾਮਿਲ ਕਰਾਂਗੇ, ਓਨਾ ਡੀ.ਐਲ.ਐਲ. ਕੋਲੈਸਟ੍ਰੋਲ ਦਾ ਪੱਧਰ ਖ਼ੂਨ ਵਿਚ ਘੱਟ ਰਹਿ ਸਕੇਗਾ। ਉਂਜ ਅਸੀਂ ਦਵਾਈ ਲੈ ਕੇ ਵੀ ਆਪਣਾ ਕੋਲੈਸਟ੍ਰੋਲ ਕਾਬੂ ਵਿਚ ਰੱਖ ਸਕਦੇ ਹਾਂ ਪਰ ਨਾਲ ਹੀ ਸਹੀ ਭੋਜਨ ਅਤੇ ਸਹੀ ਕਸਰਤ ਵੀ ਜ਼ਰੂਰੀ ਹੈ।
ਖ਼ੂਨ ‘ਚ ਕੋਲੈਸਟ੍ਰੋਲ ਦਾ ਵਧਣਾ ਆਧੁਨਿਕ ਜੀਵਨਸ਼ੈਲੀ ਦੀ ਦੇਣ ਹੈ। ਅੱਜ ਦੀ ਭੱਜ-ਨੱਠ ਦੇ ਮਾਹੌਲ ਵਿਚ ਨਾ ਤਾਂ ਲੋਕ ਆਪਣਾ ਖਾਣ-ਪੀਣ ਠੀਕ ਰੱਖ ਸਕਦੇ ਹਨ ਅਤੇ ਨਾ ਹੀ ਲਗਾਤਾਰ ਕਸਰਤ। ਤਣਾਅ ਭਰੇ ਵਾਤਾਵਰਨ ਵਿਚ ਕੰਮ ਕਰਨਾ ਤਾਂ ਠੀਕ ਹੈ ਪਰ ਭੋਜਨ ਨਾ ਕਰਨਾ ਆਦਿ ਇਸ ਦੇ ਕਾਰਨ ਹੋ ਸਕਦੇ ਹਨ।
ਜਿਨ੍ਹਾਂ ਲੋਕਾਂ ਦੀ ਨੌਕਰੀ ਜਾਂ ਵਪਾਰ ਅਜਿਹਾ ਹੈ ਕਿ ਉਹ ਹਰ ਰੋਜ਼ ਕਸਰਤ ਲਈ ਸਮਾਂ ਨਹੀਂ ਕੱਢ ਸਕਦੇ, ਉਨ੍ਹਾਂ ਲਈ ਜ਼ਰੂਰੀ ਹੈ ਕਿ ਛੁੱਟੀ ਵਾਲੇ ਦਿਨ ਉਹ ਕਸਰਤ ਜ਼ਰੂਰ ਕਰਨ ਅਤੇ ਖਾਣ-ਪੀਣ ਵਿਚ ਪਰਿਵਰਤਨ ਲਿਆ ਕੇ ਆਪਣੀ ਜੀਵਨਸ਼ੈਲੀ ‘ਚ ਬਦਲਾਅ ਲਿਆਉਣ ਜਿਵੇਂ ਮੈਦੇ ਦੇ ਬਰੈੱਡ ਦੀ ਜਗ੍ਹਾ ਵੀਟ ਬਰੈੱਡ ਜਾਂ ਮਲਟੀਗ੍ਰੇਨ ਬਰੈੱਡ ਦੀ ਵਰਤੋਂ ਕਰਨਾ, ਸਨੈਕਸ ਦੀ ਜਗ੍ਹਾ ‘ਤੇ ਫਲ ਅਤੇ ਪੁੰਗਰੇ ਅਨਾਜ ਦੀ ਵਰਤੋਂ ਕਰਨਾ ਕੋਲਡ ਡਰਿੰਕ ਦੀ ਜਗ੍ਹਾ ‘ਤੇ ਨਿੰਬੂ ਪਾਣੀ ਜਾਂ ਸਧਾਰਨ ਪਾਣੀ ਹੀ ਪੀਣਾ, ਚਾਹ ਕਾਫੀ ਦੀ ਜਗ੍ਹਾ ਗਰੀਨ-ਟੀ ਪੀਣਾ। ਇਹ ਬਦਲ ਚੁਣ ਕੇ ਉਹ ਆਪਣੇ ਵਧੇ ਹੋਏ ਕੋਲੈਸਟ੍ਰੋਲ ਨੂੰ ਕਾਬੂ ਕਰ ਸਕਦੇ ਹਨ।
ਕੋਲੈਸਟ੍ਰੋਲ ਜ਼ਿਆਦਾ ਵਧਣ ‘ਤੇ ਕੀ ਖਾਓ?
ਸੁੱਕੇ ਮੇਵੇ ਅਖਰੋਟ, ਬਦਾਮ ਅਤੇ ਪਿਸਤਾ ਖਾਣ ਨਾਲ ਐਲ.ਡੀ.ਐਚ. ਕੋਲੈਸਟ੍ਰੋਲ ਦਾ ਪੱਧਰ ਘਟ ਜਾਂਦਾ ਹੈ। ਅਖਰੋਟ ਖਾਣ ਨਾਲ ਦਿਲ ਦੇ ਸੰਭਾਵਿਤ ਖ਼ਤਰੇ ਤੋਂ ਬਚਾਅ ਰਹਿੰਦਾ ਹੈ। ਇਨ੍ਹਾਂ ਸੁੱਕੇ ਮੇਵਿਆਂ ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਹੋਰ ਕਾਰਨ ਚਰਬੀ ਭਰਪੂਰ ਭੋਜਨ ‘ਚ ਮੌਜੂਦ ਸੈਚੂਰੇਟਿਡ ਫੈਟਸ ਆਰਟਰੀਜ਼ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ।
ਸਬਜ਼ੀ ‘ਚ ਵਰਤੇ ਜਾਣ ਵਾਲੇ ਤੇਲ
ਸਬਜ਼ੀ ਅਸੀਂ ਲੋਕ ਰਿਫਾਈਂਡ ਤੇਲ, ਸ਼ੁੱਧ ਘਿਓ, ਬਨਸਪਤੀ ਘਿਓ ਜਾਂ ਸਰ੍ਹੋਂ ਦੇ ਤੇਲ ਵਿਚ ਬਣਾਉਂਦੇ ਹਾਂ। ਸਾਨੂੰ ਇਕ ਹੀ ਤੇਲ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ। ਹਰ ਮਹੀਨੇ ਤੇਲ ਬਦਲ-ਬਦਲ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਖਾਣ ਵਾਲੇ ਤੇਲਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਅਜਿਹੇ ਵਿਚ ਨਾਨ ਸਟਿੱਕ ਕੁੱਕ ਵੇਅਰ, ਮਾਈਕ੍ਰੋਵੇਵ ਆਦਿ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਸਾਨੂੰ ਖਾਣ ਵਾਲੇ ਤੇਲਾਂ ਵਿਚ ਮੂੰਗਫਲੀ ਦਾ ਤੇਲ, ਤਿਲ ਦਾ ਤੇਲ, ਸੋਇਆਬੀਨ, ਸਰ੍ਹੋਂ ਦਾ ਤੇਲ ਅਤੇ ਰਾਈਸ ਬ੍ਰਾਨ ਤੇਲ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ। ਉਂਜ ਆਲਿਵ ਆਇਲ ਖਾਣ ਵਾਲੇ ਤੇਲਾਂ ਵਿਚੋਂ ਕਾਫੀ ਚੰਗਾ ਹੁੰਦਾ ਹੈ ਅਤੇ ਮਹਿੰਗਾ ਹੋਣ ਕਾਰਨ ਸਾਰੇ ਵਰਗ ਦੇ ਲੋਕ ਇਸ ਦੀ ਵਰਤੋਂ ਨਹੀਂ ਕਰਦੇ।
ਦਹੀਂ
ਦਹੀਂ ਸਾਡੇ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਦਹੀਂ ਸਾਰੇ ਵਰਗਾਂ ਦੀ ਪਹੁੰਚ ਵਿਚ ਹੈ। ਆਪਣੇ ਭੋਜਨ ਵਿਚ ਦਹੀਂ ਨੂੰ ਪਹਿਲ ਦੇ ਤੌਰ ‘ਤੇ ਵਰਤੋ ਅਤੇ ਰੋਜ਼ਾਨਾ ਹੀ ਖਾਓ ਤਾਂ ਕਿ ਤੁਹਾਡੀਆਂ ਖ਼ੂਨ ਵਾਲੀਆਂ ਨਾੜੀਆਂ ਦਾ ਸੁੰਗੜਨ ਤੋਂ ਬਚਾਅ ਹੋ ਸਕੋ ਅਤੇ ਭਵਿੱਖ ਵਿਚ ਹੋਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕੇ।
ਜਈ ਭਾਵ ਓਟਸ
ਓਟਸ ਜਈ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਵਿਚ ਬੀਟਾ ਗਲੂਕੇਨ ਰਸਾਇਣ ਹੋਣ ਕਾਰਨ ਐਲ.ਡੀ.ਐਲ. ਸਾਡੀਆਂ ਖ਼ੂਨ ਵਾਲੀਆਂ ਨਾੜੀਆਂ ਵਿਚ ਜੰਮਦਾ ਨਹੀਂ। ਓਟਸ ਬ੍ਰਾਨ ਨੂੰ ਅਸੀਂ ਕਣਕ ਦੇ ਆਟੇ ਵਿਚ ਮਿਲਾ ਕੇ ਖਾ ਸਕਦੇ ਹਾਂ। ਦਲੀਏ ਦੇ ਰੂਪ ਵਿਚ ਖਾ ਸਕਦੇ ਹਾਂ ਅਤੇ ਓਟਸ ਫਲੈਕਸ ਨੂੰ ਦੁੱਧ ਵਿਚ ਮਿਲਾ ਕੇ ਬਰੇਕਫਾਸਟ ਸੀਰੀਅਲ ਦੇ ਰੂਪ ਵਿਚ ਲੈ ਸਕਦੇ ਹਾਂ।
ਅਲਸੀ ਦੇ ਬੀਜ
ਅਲਸੀ ਦੇ ਬੀਜ ਖਾਣ ਨਾਲ ਬਲੱਡ ਪ੍ਰੈਸ਼ਰ ਕਾਬੂ ‘ਚ ਰਹਿੰਦਾ ਹੈ। ਖੋਜਾਂ ਅਨੁਸਾਰ ਨੌਜਵਾਨ ਪੁਰਸ਼ਾਂ ‘ਚ 8 ਗ੍ਰਾਮ ਅਲਸੀ ਦੇ ਬੀਜ ਲਗਾਤਾਰ ਰੂਪ ਵਿਚ ਖਾਣ ਨਾਲ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਬੂ ‘ਚ ਰਹਿੰਦਾ ਹੈ। ਅਲਸੀ ‘ਚ ਓਮੇਗਾ-3 ਫੈਟੀ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਸਾਬਤ ਅਨਾਜ
ਸਾਬਤ ਅਨਾਜ ਵਿਚ ਪੁੰਗਰੀਆਂ ਦਾਲਾਂ, ਅਨਾਜ ਅਤੇ ਦਲੀਆ ਆਉਂਦੇ ਹਨ। ਖੋਜਾਂ ਅਨੁਸਾਰ ਜੋ ਲੋਕ ਪੁੰਗਰੀਆਂ ਦਾਲਾਂ ਅਤੇ ਦਲੀਏ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀਆਂ ਖ਼ੂਨ ਵਾਲੀਆਂ ਨਾੜੀਆਂ ‘ਚ ਮੋਟਾਪਨ ਆਉਣ ਦੀ ਗਤੀ ਮੱਧਮ ਹੋਣ ਕਰਕੇ ਖ਼ੂਨ ਦੀਆਂ ਨਾੜਾਂ ਵਿਚ ਲਚਕੀਲਾਪਨ ਰਹਿੰਦਾ ਹੈ। ਜਿੰਨੀਆਂ ਆਰਟਰੀਜ਼ ਨਰਮ ਹੋਣਗੀਆਂ, ਓਨਾ ਹੀ ਦਿਲ ਅਤੇ ਦਿਮਾਗ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਲਈ ਆਪਣੇ ਭੋਜਨ ਵਿਚ ਇਨ੍ਹਾਂ ਨੂੰ ਪਹਿਲ ਦਿਓ।

ਇਸ ਤੋਂ ਇਲਾਵਾ ਸੋਇਆਬੀਨ ਅਤੇ ਅਨਾਰ ਦੇ ਰਸ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਖ਼ੂਨ ਦੇ ਥੱਕੇ ਬਣਾਉਣ ਦੀ ਪ੍ਰਕਿਰਿਆ ਨੂੰ ਘੱਟ ਕੀਤਾ ਜਾ ਸਕੇ।
ਇਸ ਤਰ੍ਹਾਂ ਆਪਣੇ ਖਾਣ-ਪੀਣ ਅਤੇ ਜੀਵਨਸ਼ੈਲੀ ਵਿਚ ਪਹਿਲਾਂ ਬਦਲਾਅ ਲਿਆਓ ਅਤੇ ਸਮੇਂ-ਸਮੇਂ ‘ਤੇ ਖ਼ੂਨ ਦੀ ਜਾਂਚ ਕਰਵਾਉਂਦੇ ਰਹਿਣ ਨਾਲ ਵੀ ਕੋਲੈਸਟ੍ਰੋਲ ਕਾਬੂ ਰਹਿ ਸਕਦਾ ਹੈ। ਜੇਕਰ ਫਿਰ ਵੀ ਕੋਲੈਸਟ੍ਰੋਲ ਕਾਬੂ ਵਿਚ ਨਾ ਰਹੇ ਤਾਂ ਡਾਕਟਰ ਨਾਲ ਸਲਾਹ ਕਰਕੇ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਿਰ ਵੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਖ਼ੂਨ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।

Exit mobile version