ਪੀਸ ਆਰਚ ਹਸਪਤਾਲ ਵਿੱਚ ਇੱਕ ਦਿਨ ਵਿੱਚ ਹੋਵੇਗੀ ਗੋਡਿਆਂ ਦੀ ਸਰਜਰੀ

ਮਰੀਜ਼ਾਂ ਦੀ ਬਿਹਤਰੀ ਲਈ ਹਸਪਤਾਲ ਵਲੋਂ ਸ਼ੁਰੂ ਕੀਤਾ ਗਿਆ ‘ਸੇਮ ਡੇਅ ਡਿਸਚਾਰਜ’ ਪ੍ਰੋਗਰਾਮ

ਵਾਈਟ ਰਾਕ, (ਪਰਮਜੀਤ ਸਿੰਘ): ਵਾਈਟ ਰਾਕ ਦੇ ਪੀਸ ਆਰਚ ਹਸਪਤਾਲ ਨੇ ਗੋਡਿਆਂ ਦੀ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਦੀ ਬਿਹਤਰੀ ਲਈ ਇੱਕ ਨਵਾਂ ‘ਸੇਮ ਡੇਅ ਡਿਸਚਾਰਜ’ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਅਧੀਨ ਚੁਣੇ ਹੋਏ ਮਰੀਜ਼ ਨੂੰ ਇੱਕੋ ਦਿਨ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਸਕੇਗੀ।
ਇਹ ਪ੍ਰੋਗਰਾਮ ਡਾ. ਵਿਕ ਬੱਬਰ, ਜੋ ਕਿ ਸਥਾਨਕ ਸਰਜਰੀ ਵਿਭਾਗ ਦੇ ਸਹਿ-ਅਧਿਕਾਰੀ ਹਨ, ਅਤੇ ਐਨ ਬਰਾਊਨਲੀ, ਜੋ ਕਿ ਕਲੀਨਿਕਲ ਓਪਰੇਸ਼ਨਜ਼ ਦੀ ਡਾਇਰੈਕਟਰ ਹਨ, ਵੱਲੋਂ ਵਿਕਸਤ ਕੀਤਾ ਗਿਆ। ਉਨ੍ਹਾਂ ਨੇ ਇਹ ਪ੍ਰੋਗਰਾਮ ਪਿਛਲੇ ਸਾਲ ਸ਼ੁਰੂ ਕੀਤਾ ਸੀ। ਉਹਨਾਂ ਦੱਸਿਆ ਕਿ ”ਅਸੀਂ ਹਾਲ ਹੀ ਵਿੱਚ ਆਪਣੇ ਮਰੀਜ਼ਾਂ ਵਿੱਚ ਇਕ ਸਰਵੇ ਕਰਵਾਇਆ ਸੀ ਅਤੇ ਜਿਹੜੇ ਮਰੀਜ਼ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹਨ, ਉਨ੍ਹਾਂ ਵੱਲੋਂ ਰਾਏ ਬਹੁਤ ਹੀ ਸਕਾਰਾਤਮਕ ਮਿਲੀ।” ਉਨ੍ਹਾਂ ਅਨੁਸਾਰ, ਮਰੀਜ਼ਾਂ ਨੇ ਸਰਜਰੀ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੇ ਪੂਰੇ ਸਮੇਂ ਵਿੱਚ ਆਪਣੇ ਆਪ ਨੂੰ ਬਹੁਤ ਚੰਗਾ ਮਹਿਸੂਸ ਕੀਤਾ।
ਫਰੇਜ਼ਰ ਹੈਲਥ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਜਿਨ੍ਹਾਂ ਮਰੀਜ਼ਾਂ ਕੋਲ ਚੰਗੀ ਘਰੇਲੂ ਸਹਾਇਤਾ ਹੁੰਦੀ ਹੈ ਜਾਂ ਜੋ ਨੌਜਵਾਨ ਪਰਿਵਾਰਾਂ ਨਾਲ ਹਨ, ਉਨ੍ਹਾਂ ਲਈ ਇਹ ਪ੍ਰੋਗਰਾਮ ਬੇਹਦ ਹੀ ਲਾਹੇਵੰਦ ਸਾਬਤ ਹੋਵੇਗਾ । ਜ਼ਿਕਰਯੋਗ ਹੈ ਕਿ ਦੱਖਣੀ ਸਰੀ ਦੀ ਨਿਵਾਸੀ ਵਿਕੀ ਐਟਕਿਨਸਨ, ਜੋ ਕਿ ਹਾਲ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣੀ, ਨੇ ਦੱਸਿਆ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ 45 ਸਾਲ ਦੀ ਉਮਰ ਵਿੱਚ ਹਿਪ ਦੀ ਸਰਜਰੀ ਕਰਵਾਉਣੀ ਪਵੇਗੀ।
5 ਫਰਵਰੀ ਨੂੰ ਉਸਦੀ ਸਫਲ ਸਰਜਰੀ ਕੀਤੀ ਗਈ । ਉਹ ਅਜਿਹੀ 25ਵੀਂ ਮਰੀਜ਼ ਸੀ ਜੋ ਕਿ ਆਪਣੀ ਸਰਜਰੀ ਕਰਵਾ ਕੇ ਉਸੇ ਦਿਨ ਘਰ ਵਾਪਸ ਗਈ । ਡਾਕਟਰਾਂ ਦੇ ਅਨੁਸਾਰ, ਜੋ ਮਰੀਜ਼ ਇੱਕੋ ਦਿਨ ਵਿੱਚ ਘਰ ਜਾਂਦੇ ਹਨ, ਉਨ੍ਹਾਂ ਨੂੰ ਦਰਦ ਘੱਟ ਹੁੰਦਾ ਹੈ, ਰੀਕਵਰੀ ਤੇਜ਼ ਹੁੰਦੀ ਹੈ ਅਤੇ ਸੰਕਰਮਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਨਾਲ ਹੀ, ਹਸਪਤਾਲ ਬੈਡ ਖਾਲੀ ਰਹਿੰਦੇ ਹਨ ਅਤੇ ਸਰਜਰੀ ਰੱਦ ਹੋਣ ਦੇ ਮਾਮਲੇ ਵੀ ਘਟਦੇ ਹਨ।

 

Exit mobile version