ਦਰਦਾਂ ਭਰਿਆ ਦਿਲ ਓਏ ਮੱਲਾ

ਦਰਦਾਂ ਭਰਿਆ ਦਿਲ ਓਏ ਮੱਲਾ ।
ਤੜਫੇ ਜਿਉਂ ਬਿਸਮਿਲ ਓਏ ਮੱਲਾ ।
ਵਿਛੜੇ ਆਂ ‘ਤੇ ਵਿਛੜੇ ਰਹੀਏ,
ਲੋਕੀ ਲਾਉਂਦੇ ਟਿੱਲ ਓਏ ਮੱਲਾ ।

ਸ਼ੋਰ ਭਾਵੇਂ ਤੂਫ਼ਾਨੀ ਹੋਵੇ,
ਨਾਲ ਇਰਾਦੇ ਠਿੱਲ ਓਏ ਮੱਲਾ ।
ਜਜ਼ਬੇ ਹੋਣ ਜਵਾਨ ਜੇ ਅਪਣੇ,
ਮੰਜ਼ਲ ਜਾਂਦੀ ਮਿਲ ਓਏ ਮੱਲਾ ।

ਵੇਲਾ ਘੱਟ ਤੇ ਮੰਜ਼ਲ ਦੂਰ ਏ,
ਨਾ ਕਰ ਐਡੀ ਢਿੱਲ ਓਏ ਮੱਲਾ ।
ਅੱਖੀਆਂ ਦੇ ਵਿੱਚ ਸਾਵਣ ਭਾਦੋਂ,
ਡੁੱਬ ਡੁੱਬ ਜਾਵੇ ਦਿਲ ਓਏ ਮੱਲਾ ।

ਇਕ ਦੂਜੇ ਦੀ ਸੁਣੇ ਨਾ ਕੋਈ,
ਲੋਕ ਬੜੇ ਸੰਗ-ਦਿਲ ਓਏ ਮੱਲਾ ।
‘ਰਾਹਤ’ ਨੂੰ ਇਕ ਪਲ ਨਾ ਮਿਲਿਆ,
ਉੱਜੜ ਗਈ ਮਹਿਫ਼ਿਲ ਓਏ ਮੱਲਾ ।
ਲੇਖਕ : ਇਕਬਾਲ ਰਾਹਤ

Exit mobile version