ਸਭ ਉੱਜੜੇ ਬਾਗ ਉਮੰਗਾਂ ਦੇ

ਸਭ ਉੱਜੜੇ ਬਾਗ ਉਮੰਗਾਂ ਦੇ।
ਕਿਥੇ ਰਹੀਏ ਟੋਟੇ ਵੰਗਾਂ ਦੇ।

ਮਨ ਦਾ ਕੱਜਣ ਮੈਲਾ ਮੈਲਾ,
ਨਹੀਂ ਚੜ੍ਹਦੇ ਰੰਗ ਕੋਈ ਰੰਗਾਂ ਦੇ।

ਨਸ਼ਾ ਧਰਮ ਦਾ ਅੰਨ੍ਹਿਆਂ ਕਰ ਦਏ,
ਤੋਟੇ ਨੇ ਅਫ਼ੀਮਾਂ ਭੰਗਾਂ ਦੇ।

ਦਿਲ ਬਿਨ ਹੈ ਸਭ ਕੁਝ ਕੋਲ ਉਹਨਾਂ ਦੇ,
ਕੀ ਕਰਨਾ ਜਾ ਕੇ ਨੰਗਾਂ ਦੇ।

ਛੁਹ ਸੰਗ ਸਰਦਲ ਟਹਿਕ ਪਏ,
ਰੰਗ ਪੂਜੀਏ ਉਹਨਾਂ ਅੰਗਾਂ ਦੇ।

ਸੰਗ ਸੰਗ ਵਿਚ ਡੁਬੀਏ ਜੇ ਬੇਕਾਰਨ,
ਲੱਖ ਲਾਹਨਤ ਐਸੀਆਂ ਸੰਗਾਂ ਦੇ।

ਕੁਈ ਪ੍ਰਵਾਜ਼ ਭਰੀ ਨਾ ਹੱਸਤੀ ਨੇ,
ਕੀ ਕਰੀਏ ਰੰਗਾ-ਰੰਗ ਦੇ ਫੰਗਾਂ ਦੇ।

ਵੈਰੀ ਦੇ ਡੰਗ ਤਾਂ ਓਤਰ ਗਏ,
ਦਰਦ ਤਾਂ ਰਹਿਣੇਂ, ਮਿੱਤਰਾਂ ਮਾਰੇ ਡੰਗਾਂ ਦੇ।

ਚੁਪ ਤੇਰੀ ਤਾਂ ਠੀਕ ਹੀ ਹੋਸੀ,
ਨਹੀਂ ਮੇਚ ਮੇਰੀਆਂ ਮੰਗਾਂ ਦੇ।
ਤਰੇਲ ‘ਚ ਨ੍ਹਾਤੀ ਅੱਗ
ਲੇਖਕ : ਆਤਮਜੀਤ ਹੰਸਪਾਲ

Exit mobile version