ਲੇਖਕ : ਡਾਕਟਰ ਧਰਮ ਸਿੰਘ, ਮੋਬਾਈਲ : 98889-39808
ਭਾਈ ਵੀਰ ਸਿੰਘ ਦੀ ਪ੍ਰਸਿੱਧੀ ਵਧੇਰੇ ਕਰਕੇ ਇਕ ਕਰਤਾਰੀ ਲੇਖਕ ਵਜੋਂ ਹੈ। ਉਹ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਮੰਨੇ ਗਏ ਹਨ; ਕਿਉਂਕਿ ਉਹ ਪਹਿਲੇ ਨਾਵਲਕਾਰ, ਨਾਟਕਕਾਰ, ਮਹਾਂਕਵੀ, ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ, ਪੱਤਰਕਾਰ ਅਤੇ ਹੋਰ ਕਈ ਕੁਝ ਹਨ, ਪਰ ਉਹ ਸਿੱਖ ਇਤਿਹਾਸਕਾਰਾਂ ਦੀ ਸ਼੍ਰੇਣੀ ‘ਚ ਵੀ ਸਹਿਜੇ ਹੀ ਰੱਖੇ ਜਾ ਸਕਦੇ ਹਨ। ਇਹ ਗੱਲ ਉਨ੍ਹਾਂ ਦੁਆਰਾ ਸੰਪਾਦਿਤ ਪੁਰਾਤਨ ਗ੍ਰੰਥਾਂ ਅਤੇ ਹੋਰ ਉਪਰਾਲਿਆਂ ਤੋਂ ਅਸਾਨੀ ਨਾਲ ਸਾਬਤ ਹੁੰਦੀ ਹੈ। ਉਨ੍ਹਾਂ ਨੇ ਇਨ੍ਹਾਂ ਗ੍ਰੰਥਾਂ ਨੂੰ ਇਤਿਹਾਸ ਦੀ ਖੋਜ ਲਈ ਜ਼ਰੂਰੀ ਸਮਝਿਆ, ਉਨ੍ਹਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਯੋਗ ਭਾਂਤ ਸੰਪਾਦਿਤ ਕੀਤਾ। ਪੁਰਾਤਨ ਜਨਮਸਾਖੀ, ਸਿੱਖਾਂ ਦੀ ਭਗਤਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਅਜਿਹੇ ਹੀ ਗ੍ਰੰਥ ਹਨ। ਇਨ੍ਹਾਂ ‘ਚੋਂ ਪੁਰਾਤਨ ਜਨਮਸਾਖੀ ਤੇ ਪ੍ਰਾਚੀਨ ਪੰਥ ਪ੍ਰਕਾਸ਼ ਅਜਿਹੇ ਗ੍ਰੰਥ ਹਨ, ਜਿਨ੍ਹਾਂ ਦੇ ਰੱਖੇ ਹੋਏ ਭਾਈ ਵੀਰ ਸਿੰਘ ਦੁਆਰਾ ਨਾਂਅ, ਅੱਜ ਵੀ ਉਸੇ ਰੂਪ ਵਿਚ ਚੱਲ ਰਹੇ ਹਨ।
ਭਾਈ ਵੀਰ ਸਿੰਘ ਨੂੰ ਲੱਗਿਆ ਕਿ ਦੂਸਰੇ ਵਿਸ਼ਿਆਂ ਦਾ ਅਧਿਆਪਨ ਤਾਂ ਹੋਰਨਾਂ ਕਾਲਜਾਂ ‘ਚ ਵੀ ਕਰਵਾਇਆ ਜਾਂਦਾ ਹੈ, ਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਸਮੱਗਰੀ ਨਾ ਤਾਂ ਸਾਂਭੀ ਗਈ ਹੈ ਅਤੇ ਨਾ ਹੀ ਵਿਗਿਆਨਕ ਢੰਗ ਨਾਲ ਇਹ ਇਤਿਹਾਸ ਲਿਖਿਆ ਗਿਆ ਹੈ। ਇਸ ਕੰਮ ਲਈ ਉਨ੍ਹਾਂ ਦਾ ਧਿਆਨ ਖ਼ਾਲਸਾ ਕਾਲਜ, ਅੰਮ੍ਰਿਤਸਰ ਵੱਲ ਗਿਆ। ਖ਼ਾਲਸਾ ਕਾਲਜ ਸਿੱਖਾਂ ਦੀ ਸਿਰਮੌਰ ਸੰਸਥਾ ਸੀ ਅਤੇ ਇਸ ਦੀ ਪ੍ਰਬੰਧਕ ਕਮੇਟੀ ਵਿਚ ਕਈ ਰਸੂਖ਼ਦਾਰ ਅਤੇ ਅਮੀਰ ਸਿੱਖ ਵੀ ਸਨ। ਉਨ੍ਹਾਂ ਨੇ ਉਸ ਵੇਲੇ ਦੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਅਤੇ ਹਰਬੰਸ ਸਿੰਘ ਅਟਾਰੀ ਆਦਿ ਨੂੰ ਪ੍ਰੇਰ ਕੇ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਸਿੱਖ ਇਤਿਹਾਸ ਖੋਜ ਵਿਭਾਗ ਖੁੱਲ੍ਹਵਾਇਆ। ਭਾਈ ਵੀਰ ਸਿੰਘ ਨੇ ਨਾ ਕੇਵਲ ਪ੍ਰੇਰਨਾ ਹੀ ਦਿੱਤੀ, ਸਗੋਂ ਮੁਢਲੇ ਖਰਚਿਆਂ ਲਈ ਕੁਝ ਧਨ-ਰਾਸ਼ੀ ਵੀ ਦਿੱਤੀ। ਸਿੱਖ ਇਤਿਹਾਸ ਦੀ ਖੋਜ, ਉਸ ਸਮੇਂ ਕਰਮ ਸਿੰਘ ਹਿਸਟੋਰੀਅਨ ਕਰ ਰਹੇ ਸਨ, ਜੋ ਫਿਰ-ਤੁਰ ਕੇ ਬਿਰਧ ਬਾਬਿਆਂ ਕੋਲੋਂ ਮੌਖਿਕ ਸਿੱਖ ਇਤਿਹਾਸ ਇਕੱਠਾ ਕਰ ਰਹੇ ਸਨ। ਭਾਈ ਜੀ ਦੀ ਸਿਫਾਰਿਸ਼ ਨਾਲ ਸਿੱਖ ਇਤਿਹਾਸ ਖੋਜ ਵਿਭਾਗ ‘ਚ ਕਰਮ ਸਿੰਘ ਹਿਸਟੋਰੀਅਨ ਦੀ ਨਿਯੁਕਤੀ ਹੋਈ, ਪਰ ਛੇਤੀ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਗਰੋਂ ਇਸੇ ਅਸਾਮੀ ਉਤੇ ਡਾ. ਗੰਡਾ ਸਿੰਘ 1930-1949 ਈ. ਤੱਕ ਖੋਜ ਕਾਰਜ ਕਰਦੇ ਰਹੇ ਅਤੇ ਫਿਰ 1950 ‘ਚ ਕਿਰਪਾਲ ਸਿੰਘ ਨਿਯੁਕਤ ਕੀਤੇ ਗਏ। ਭਾਈ ਜੀ ਦੇ ਯਤਨਾਂ ਨਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੇ ਪੰਜਾਬ ਸਰਕਾਰ ਪਾਸੋਂ ਕੁਝ ਇਸ ਕੰਮ ਲਈ ਗਰਾਂਟ ਵੀ ਮਨਜ਼ੂਰ ਕਰਵਾ ਲਈ ਗਈ। ਇਸ ਵਿਭਾਗ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ‘ਚ ਉਹ ਨਿੱਜੀ ਦਿਲਚਸਪੀ ਲੈਂਦੇ ਰਹੇ। ਸੰਨ 1947 ‘ਚ ਪੰਜਾਬ ਦੀ ਵੰਡ ਹੋਈ ਅਤੇ ਸਿੱਖ ਆਬਾਦੀ ਨੂੰ ਵਾਹਗਿਓਂ ਪਾਰ ਇੱਧਰ ਆਉਣਾ ਪਿਆ। ਇਸ ਵੰਡ ‘ਚ ਸਿੱਖਾਂ ਨੂੰ ਬਹੁਤ ਹਾਨੀ ਪਹੁੰਚੀ। ਕਈ ਲੱਖ ਲੋਕ ਮਾਰੇ ਗਏ। ਭਾਈ ਵੀਰ ਸਿੰਘ ਨੇ ਇਸ ਦੁਖਾਂਤ ਦੀ ਸ਼ਿੱਦਤ ਨੂੰ ਸਮਝਦਿਆਂ ਹੋਇਆਂ ਪ੍ਰੋ. ਕਿਰਪਾਲ ਸਿੰਘ ਅਤੇ ਗੰਗਾ ਸਿੰਘ ਬੇਰੀ ਨੂੰ ਪੀੜਤ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਦੁੱਖਾਂ, ਦਰਦਾਂ ਦੀਆਂ ਕਹਾਣੀਆਂ ਨੂੰ ਰਿਕਾਰਡ ਕਰਨ ਦਾ ਕੰਮ ਸੌਂਪਿਆ। ਪ੍ਰੋ. ਕਿਰਪਾਲ ਸਿੰਘ ਨੇ ਇਸ ਦਿਸ਼ਾ ‘ਚ ਵਧੇਰੇ ਕੰਮ ਕੀਤਾ ਅਤੇ ਇਹ ਕੰਮ ਉਨ੍ਹਾਂ ਦੀਆਂ ਆਰੰਭਲੀਆਂ ਦੋ ਪੁਸਤਕਾਂ ਮੁਸਲਿਮ ਲੀਗੀਆਂ ਦੇ ਅੱਤਿਆਚਾਰ ਅਤੇ ਸ਼ਹੀਦੀਆਂ ਦੇ ਰੂਪ ‘ਚ ਸਾਹਮਣੇ ਆਏ। ਇਸ ਵਿਸ਼ੇ ਉਪਰ ਹੋਰ ਕੰਮ ਦੀ ਗੁੰਜਾਇਸ਼ ਅਤੇ ਲੋੜ ਨੂੰ ਮਹਿਸੂਸ ਕਰਦਿਆਂ ਪ੍ਰੋ. ਕਿਰਪਾਲ ਸਿੰਘ ਨੇ ਇਸ ਨੂੰ ਜਾਰੀ ਰੱਖਿਆ ਅਤੇ ਆਪਣੀ ਡਾਕਟਰੇਟ ਦੇ ਵਿਸ਼ੇ ਵਜੋਂ ਇਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰਜਿਸਟਰ ਵੀ ਕਰਵਾ ਲਿਆ। ਹੋਰ ਜਾਣਕਾਰੀ ਇਕੱਤਰ ਕਰਨ ਲਈ ਉਹ ਲੰਦਨ ਵੀ ਗਏ। ਉਨ੍ਹਾਂ ਫ਼ੌਜੀ ਅਫ਼ਸਰਾਂ, ਨੌਕਰਸ਼ਾਹਾਂ ਅਤੇ ਹੋਰ ਜ਼ਿੰਮੇਵਾਰ ਅਫ਼ਸਰਾਂ ਨੂੰ ਮਿਲ ਕੇ ਉਨ੍ਹਾਂ ਦੇ ਬਿਆਨ ਰਿਕਾਰਡ ਕੀਤੇ ਅਤੇ ਸੱਚ ਤੱਕ ਪਹੁੰਚਣ ਦਾ ਉਪਰਾਲਾ ਕੀਤਾ। ਇਹ ਅਤੇ ਇਸ ਵਿਸ਼ੇ ਨਾਲ ਸੰਬੰਧਿਤ ਉਨ੍ਹਾਂ ਦਾ ਖੋਜ ਕਾਰਜ ਪੰਜਾਬ ਦਾ ਬਟਵਾਰਾ ਅਤੇ ‘ਪਾਰਟੀਸ਼ਨ ਆਫ਼ ਪੰਜਾਬ’ ‘ਚ ਮਿਲਦਾ ਹੈ। ਪੰਜਾਬੀ ਸੰਸਕਰਣ ਜਾਂ ਤਰਜਮਾ, ਅਸਲ ਵਿਚ, ਉਨ੍ਹਾਂ ਦੇ ਅੰਗਰੇਜ਼ੀ ਵਿਚ ਲਿਖੇ ਖੋਜ ਪ੍ਰਬੰਧ ਦਾ ਹੀ ਰੂਪ ਹੈ।
ਭਾਈ ਵੀਰ ਸਿੰਘ ਦਾ ਯੋਗਦਾਨ ਇੱਥੋਂ ਤੱਕ ਹੀ ਸੀਮਤ ਨਹੀਂ, ਸਗੋਂ ਉਨ੍ਹਾਂ ਨੇ ਆਪਣੇ ਕਈ ਸਮਕਾਲੀ ਇਤਿਹਾਸਕਾਰਾਂ ਦੀਆਂ ਪੁਸਤਕਾਂ ਦੇ ਮੁੱਖਬੰਧ ਲਿਖ ਕੇ ਉਨ੍ਹਾਂ ਦੇ ਕੰਮ ਨੂੰ ਸਲਾਹਿਆ। ਪ੍ਰਸਿੱਧ ਇਤਿਹਾਸਕਾਰ ਬਾਵਾ ਪ੍ਰੇਮ ਸਿੰਘ ਹੋਤੀ ਨੂੰ ਉਤਸ਼ਾਹ ਅਤੇ ਪ੍ਰੇਰਨਾ ਦੇ ਕੇ ਇਸ ਪਾਸੇ ਲਾਇਆ। ਸਬੱਬ ਇਹ ਬਣਿਆ ਕਿ ਇਕ ਸਿੱਖ ਐਜੂਕੇਸ਼ਨਲ ਕਾਨਫਰੰਸ ਮੌਕੇ ਭਾਈ ਸਾਹਿਬ ਦਾ ਮੇਲ ਹੋਤੀ ਜੀ ਨਾਲ ਹੋਇਆ। ਪ੍ਰੇਮ ਸਿੰਘ ਹੋਤੀ, ਭਾਈ ਜੀ ਨੂੰ ਨਾਲ ਲੈ ਕੇ ਪੇਸ਼ਾਵਰ, ਮੁਲਤਾਨ, ਬੰਨੂ ਅਤੇ ਹੋਰ ਥਾਵਾਂ ਵਿਖਾਉਣ ਲਈ ਲੈ ਗਏ। ਹੋਤੀ ਜੀ ਦੀ ਜਾਣਕਾਰੀ ਨੂੰ ਵੇਖ ਕੇ ਭਾਈ ਵੀਰ ਸਿੰਘ ਨੇ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ ਕਿ ਸਿੱਖ ਰਾਜ ਖ਼ਤਮ ਹੋਇਆ ਅਜੇ ਥੋੜ੍ਹਾ ਚਿਰ ਹੀ ਹੋਇਆ ਹੈ, ਇਸ ਲਈ ਕਈ ਯਾਦਗਾਰਾਂ ਅਜੇ ਤੱਕ ਕਾਇਮ ਹਨ। ਉਹ ਕਿਉਂ ਨਹੀਂ ਸਿੱਖ ਇਤਿਹਾਸ ਲਿਖਦੇ ਹਨ? ਇਸੇ ਪ੍ਰੇਰਨਾ ਅਤੇ ਉਤਸ਼ਾਹ ਦਾ ਸਿੱਟਾ ਸੀ ਕਿ ਪ੍ਰੇਮ ਸਿੰਘ ਹੋਤੀ ਇਸ ਪਾਸੇ ਜੁਟ ਗਏ। ਅੱਜ ਬਾਵਾ ਪ੍ਰੇਮ ਸਿੰਘ ਹੋਤੀ ਦੀਆਂ ਸਿੱਖ ਇਤਿਹਾਸ ਬਾਰੇ ਦਰਜਨ ਤੋਂ ਵੱਧ ਪੁਸਤਕਾਂ ਪ੍ਰਾਪਤ ਹਨ, ਜਿਨ੍ਹਾਂ ਦੇ ਕਈ-ਕਈ ਸੰਸਕਰਣ ਛਪ ਚੁੱਕੇ ਹਨ। ਹੋਤੀ ਜੀ ਤੋਂ ਬਿਨਾਂ ਡਾ. ਗੰਡਾ ਸਿੰਘ ਦੀ ਪੁਸਤਕ ‘ਬੰਦਾ ਬਹਾਦਰ’ ਅਤੇ ਸੀਤਾ ਰਾਮ ਕੋਹਲੀ ਦੀ ਸੰਪਾਦਿਤ ਪੁਸਤਕ ‘ਫਤਹਿਨਾਮਾ ਗੁਰੂ ਖ਼ਾਲਸਾ ਜੀ ਕਾ’ ਵਿਚ ਭਾਈ ਜੀ ਦੀਆਂ ਲਿਖੀਆਂ ਹੋਈਆਂ ਭੂਮਿਕਾਵਾਂ ਇਨ੍ਹਾਂ ਪੁਸਤਕਾਂ ਦਾ ਸ਼ਿੰਗਾਰ ਹਨ। ‘ਫਤਹਿਨਾਮਾ ਗੁਰੂ ਖ਼ਾਲਸਾ ਜੀ ਕਾ’ ਗਣੇਸ਼ ਦਾਸ ਪਿੰਗਲ ਦਾ ਲਿਖਿਆ ਹੋਇਆ ਅਜਿਹਾ ਇਤਿਹਾਸਕ ਗ੍ਰੰਥ ਹੈ, ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਵਲੋਂ ਵੱਖ-ਵੱਖ ਸਮਿਆਂ ‘ਚ ਲੜੀਆਂ ਗਈਆਂ ਲੜਾਈਆਂ ਦਾ ਭਰੋਸੇਯੋਗ ਬਿਰਤਾਂਤ ਹੈ। ਇਸ ਫਤਹਿਨਾਮੇ ਦੀ ਆਰੰਭ ‘ਚ ਭਾਈ ਜੀ ਵਲੋਂ ਲਿਖੀ ਹੋਈ ਦਸਾਂ ਸਫਿਆਂ ਦੀ ਭੂਮਿਕਾ ਹੈ, ਜਿਸ ‘ਚ ਉਨ੍ਹਾਂ ਸੀਤਾ ਰਾਮ ਕੋਹਲੀ ਦੇ ਕੀਤੇ, ਖੋਜ ਕਾਰਜ ਦਾ ਮੁਲਾਂਕਣ ਕੀਤਾ ਹੈ। ਭਾਈ ਵੀਰ ਸਿੰਘ ਦੇ ਸ਼ਬਦਾਂ ਵਿਚ, ਸ਼ੁੱਭ ਭਾਗਾਂ ਨਾਲ ਸ੍ਰੀ ਗਣੇਸ਼ ਦਾਸ ਜੀ ਦੀ ਮਿਹਨਤ ਇਕ ਇਤਿਹਾਸ ਦੇ ਅਜਿਹੇ ਸੱਜਣ ਦੇ ਹੱਥ ਆ ਗਈ, ਜਿਨ੍ਹਾਂ ਨੂੰ ਇਤਿਹਾਸ ‘ਚ ਵਾਕਈ ‘ਚ ਬੜੀ ਪ੍ਰਬੀਨਤਾ ਪ੍ਰਾਪਤ ਹੈ। ਲੰਮੇ ਅਰਸੇ ਦੀ ਇਤਿਹਾਸ ਦੀ ਡੂੰਘੀ ਵਾਕਫੀ ਨਾਲ ਮਾਲਾਮਾਲ ਹੋਣ ਕਰਕੇ ਆਪ ਜੀ ਨੇ ਜਦ ਇਸ ਪੁਸਤਕ ਨੂੰ ਹੱਥ ‘ਚ ਲਿਆ ਤਾਂ ਇਸ ਨਾਲ ਵੀ ਪੂਰਾ ਇਨਸਾਫ਼ ਕੀਤਾ ਅਰਥਾਤ ਚੋਖਾ ਵਕਤ ਲਾ ਕੇ ਚੋਖੀ ਮਿਹਨਤ ਕਰਕੇ ਪੂਰੀ ਸਾਹਿਤਕ ਘਾਲ ਨਾਲ ਇਸ ਪੁਸਤਕ ਨੂੰ ਸੰਪਾਦਿਤ ਕੀਤਾ। ਇਸ ਨੂੰ ਇਸ ਸੁਯੋਗ ਤਰੀਕੇ ਨਾਲ ਸੰਪਾਦਿਤ ਕੀਤਾ ਗਿਆ ਹੈ ਕਿ ਗਣੇਸ਼ ਦਾਸ ਜੀ ਦੀ ਰਚਨਾ ਲਈ ਕਿਸੇ ਹੋਰ ਮੁੱਖਬੰਧ ਦੀ ਲੋੜ ਨਹੀਂ ਰਹਿਣ ਦਿੱਤੀ। ਇਸੇ ਤਰ੍ਹਾਂ ਸੀਤਾ ਰਾਮ ਕੋਹਲੀ ਦੀਆਂ ਅੰਗਰੇਜ਼ੀ, ਪੰਜਾਬੀ, ਉਰਦੂ ਤੇ ਫ਼ਾਰਸੀ ‘ਚ ਲਿਖੀਆਂ ਹੋਈਆਂ ਸਿੱਖ ਇਤਿਹਾਸ ਸੰਬੰਧੀ ਕਈ ਪੁਸਤਕਾਂ ਪ੍ਰਾਪਤ ਹਨ। ਇਸੇ ਉਤਸ਼ਾਹ ਤੋਂ ਪ੍ਰੇਰਿਤ ਹੋ ਕੇ ਸੀਤਾ ਰਾਮ ਕੋਹਲੀ ਨੇ ਸ਼ਾਹ ਮੁਹੰਮਦ ਦਾ ਜੰਗਨਾਮਾ (ਵਾਰ ਸ਼ਾਹ ਮੁਹੰਮਦ) ਵੀ ਸੰਪਾਦਿਤ ਕੀਤਾ, ਜੋ ਹੁਣ ਤੱਕ ਦੀਆਂ ਸੰਪਾਦਨਾਵਾਂ ‘ਚੋਂ ਬਿਹਤਰੀਨ ਮੰਨਿਆ ਜਾਂਦਾ ਹੈ ਅਤੇ ਕਈ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਹੈ।