ਲੇਖਕ : ਅਮਨਪ੍ਰੀਤ ਸਿੰਘ ਛੀਨਾ
-ਮੋ : 0044 788 622 9063
ਯੂਰਪੀ ਯੂਨੀਅਨ ਅੱਜ ਇਕ ਇਤਿਹਾਸਕ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿੱਥੇ ਅੰਤਰਰਾਸ਼ਟਰੀ ਅਤੇ ਅੰਦਰੂਨੀ ਦਬਾਅ ਇਸ ਸੰਘ ਦੀ ਇਕਜੁੱਟਤਾ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੇ ਹਨ। ਵਿਸ਼ਵ ਰਾਜਨੀਤਕ ਤਾਕਤਾਂ ਅਮਰੀਕਾ, ਰੂਸ, ਅਤੇ ਚੀਨ ਯੂਰਪ ਦੀ ਦਿਸ਼ਾ ਨੂੰ ਆਪਣੇ ਹਿਤਾਂ ਅਨੁਸਾਰ ਮੋੜਾ ਦੇ ਰਹੀਆਂ ਹਨ। ਇਹ ਸੰਕਟ ਨਵੇਂ ਤਰੀਕੇ ਨਾਲ ਉੱਭਰ ਰਿਹਾ ਹੈ, ਜਿਸ ‘ਚ ਯੂਰਪ ਦੀ ਵਿਦੇਸ਼ ਨੀਤੀ, ਆਰਥਿਕ ਸੁਤੰਤਰਤਾ ਅਤੇ ਸੁਰੱਖਿਆ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਰਹੀ ਹੈ। ਬ੍ਰੇਗਜ਼ਿਟ ਤੋਂ ਬਾਅਦ, ਯੂਰਪੀ ਯੂਨੀਅਨ ਦੀ ਇਕਜੁੱਟਤਾ ‘ਤੇ ਪਹਿਲਾਂ ਹੀ ਪ੍ਰਸ਼ਨ ਚਿੰਨ੍ਹ ਲੱਗ ਗਏ ਸਨ, ਪਰ ਹੁਣ ਇਹ ਸੰਕਟ ਹੋਰ ਗੰਭੀਰ ਹੋ ਗਿਆ ਹੈ। ਫ਼ਰਾਂਸ ‘ਚ ਰਾਜਨੀਤਕ ਅਸਥਿਰਤਾ, ਜਰਮਨੀ ‘ਚ ਰਾਸ਼ਟਰਵਾਦੀ ਪਾਰਟੀਆਂ ਦੀ ਵਾਧੂ ਸ਼ਕਤੀ ਅਤੇ ਪੋਲੈਂਡ ਅਤੇ ਹੰਗਰੀ ‘ਚ ਯੂਰਪੀ ਯੂਨੀਅਨ ਖ਼ਿਲਾਫ਼ ਵਧ ਰਹੀਆਂ ਆਵਾਜ਼ਾਂ ਨੇ ਸੰਘ ਦੀ ਮਜ਼ਬੂਤੀ ਸੰਬੰਧੀ ਹੋਰ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ।ਇਸ ਤਕਰਾਰ ਨੂੰ ਹੋਰ ਗੰਭੀਰ ਬਣਾਉਂਦੇ ਹੋਏ, ਅਮਰੀਕਾ ਨੇ ਯੂਕਰੇਨ-ਰੂਸ ਸੰਕਟ ਸੰਬੰਧੀ ਆਪਣੀ ਨਵੀਂ ਰਣਨੀਤੀ ਅਪਣਾਈ ਹੈ, ਜੋ ਕਿ ਯੂਰਪੀ ਯੂਨੀਅਨ ਲਈ ਇਕ ਵੱਡੀ ਚੁਣੌਤੀ ਬਣ ਚੁੱਕੀ ਹੈ। ਸ਼ੁਰੂਆਤ ‘ਚ ਅਮਰੀਕਾ ਨੇ ਯੂਕਰੇਨ ਨੂੰ ਸੈਨਿਕ ਅਤੇ ਆਰਥਿਕ ਮਦਦ ਪ੍ਰਦਾਨ ਕਰਕੇ ਆਪਣੀ ਹਮਾਇਤ ਦਿੱਤੀ, ਪਰ ਹੁਣ ਇਸ ਦਾ ਧਿਆਨ ਯੂਕਰੇਨ ਦੇ ਕੁਦਰਤੀ ਸਰੋਤਾਂ ‘ਤੇ ਕੰਟਰੋਲ ਹਾਸਿਲ ਕਰਨ ਵੱਲ ਵਧ ਰਿਹਾ ਹੈ। ਯੂਕਰੇਨ, ਜੋ ਕਿ ਵਿਸ਼ਵ ਦੇ ਸਭ ਤੋਂ ਵਧੀਆ ਲੋਹੇ, ਨਿਕਲ, ਲਿਥੀਅਮ, ਅਤੇ ਹੋਰ ਮਹੱਤਵਪੂਰਨ ਧਾਤਾਂ ਦਾ ਭੰਡਾਰ ਹੈ, ਅਮਰੀਕਾ ਲਈ ਇਕ ਆਕਰਸ਼ਨ ਦਾ ਕੇਂਦਰ ਬਣ ਗਿਆ ਹੈ।
ਅਮਰੀਕਾ ਨੇ ਯੂਕਰੇਨ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਜੇਕਰ ਉਹ ਅਮਰੀਕੀ ਸਹਾਇਤਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੇ ਕੁਦਰਤੀ ਸਰੋਤਾਂ ਵਿਚੋਂ 50 ਫ਼ੀਸਦੀ ਹਿੱਸਾ ਅਮਰੀਕਾ ਨੂੰ ਦੇਣਾ ਪਵੇਗਾ। ਇਹ ਵਿਆਪਕ ਤੌਰ ‘ਤੇ ਯੂਰਪ ਲਈ ਖ਼ਤਰੇ ਦੀ ਘੰਟੀ ਹੈ, ਕਿਉਂਕਿ ਜੇਕਰ ਯੂਕਰੇਨ ਇਹ ਸ਼ਰਤ ਮੰਨ ਲੈਂਦਾ ਹੈ, ਤਾਂ ਯੂਰਪੀ ਯੂਨੀਅਨ ਨੂੰ ਇਹ ਖਣਿਜ ਭਵਿੱਖ ‘ਚ ਉੱਚੇ ਭਾਅ ‘ਤੇ ਖਰੀਦਣੇ ਪੈਣਗੇ, ਜੋ ਕਿ ਯੂਰਪ ਦੀ ਆਰਥਿਕ ਖੁਸ਼ਹਾਲੀ ਲਈ ਸਹੀ ਨਹੀਂ ਹੋਵੇਗਾ।
ਇਸ ਤੋਂ ਇਲਾਵਾ, ਅਮਰੀਕਾ ਨੇ ਯੂਰਪੀ ਯੂਨੀਅਨ ਨੂੰ ਵਧੇਰੇ ਦਬਾਅ ‘ਚ ਲਿਆਉਣ ਲਈ ਵਪਾਰਕ ਸ਼ੁਲਕ (ਟੈਰਿਫ਼) ਦੀ ਚਿਤਾਵਨੀ ਵੀ ਦਿੱਤੀ ਹੈ। ਜੇਕਰ ਯੂਰਪ ਨੇ ਅਮਰੀਕਾ ਦੀ ਨਵੀਂ ਵਪਾਰਕ ਨੀਤੀ ਨੂੰ ਨਾ ਮੰਨਿਆ, ਤਾਂ ਅਮਰੀਕਾ ਯੂਰਪ ਤੋਂ ਆਉਣ ਵਾਲੀਆਂ ਆਟੋ ਮੋਬਾਈਲ, ਸਟੀਲ ਅਤੇ ਹੋਰ ਉਦਯੋਗਿਕ ਉਤਪਾਦਾਂ ‘ਤੇ ਵਧੇਰੇ ਟੈਕਸ ਲਗਾ ਸਕਦਾ ਹੈ। ਇਹ ਟੈਰਿਫ਼ ਜਰਮਨੀ, ਫ਼ਰਾਂਸ ਅਤੇ ਹੋਰ ਆਧੁਨਿਕ ਉਦਯੋਗਿਕ ਤਾਕਤਾਂ ਲਈ ਵੱਡਾ ਸੰਕਟ ਪੈਦਾ ਕਰ ਸਕਦਾ ਹੈ, ਖ਼ਾਸ ਕਰਕੇ ਜਰਮਨੀ ਦੇ ਆਟੋ ਮੋਬਾਈਲ ਉਦਯੋਗ ਲਈ, ਜੋ ਕਿ ਯੂਰਪੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਹ ਵਧਦੇ ਹੋਏ ਦਬਾਅ ਇਹ ਸੂਚਿਤ ਕਰ ਰਹੇ ਹਨ ਕਿ ਅਮਰੀਕਾ ਹੁਣ ਯੂਰਪ ਦੀ ਵਪਾਰਕ ਅਤੇ ਵਿਦੇਸ਼ੀ ਨੀਤੀ ‘ਤੇ ਕੰਟਰੋਲ ਚਾਹੁੰਦਾ ਹੈ, ਜੋ ਕਿ ਬ੍ਰੇਗਜ਼ਿਟ ਤੋਂ ਬਾਅਦ ਹੋਰ ਵੀ ਜਟਿਲ ਹੋ ਗਿਆ ਹੈ।
ਅੰਦਰੂਨੀ ਤਕਰਾਰਾਂ ਨੇ ਵੀ ਯੂਰਪੀ ਯੂਨੀਅਨ ਦੀ ਇਕਜੁੱਟਤਾ ਨੂੰ ਹੋਰ ਕਮਜ਼ੋਰ ਕੀਤਾ ਹੈ। ਜਰਮਨੀ, ਜੋ ਯੂਰਪ ਦੀ ਆਰਥਿਕ ਤਾਕਤ ਹੈ, ਹੁਣ ਹਾਲ ਹੀ ਵਿਚ ਉੱਥੇ ਹੋਈਆਂ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਜਿੱਤ ਗਈ ਹੈ, ਹੁਣ ਉਹ ਜਰਮਨੀ ਦੀ ਵਿਦੇਸ਼ ਨੀਤੀ ‘ਚ ਕੀ ਬਦਲਾਅ ਕਰਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ। ਉੱਧਰ ਫ਼ਰਾਂਸ, ਜੋ ਹਮੇਸ਼ਾ ਯੂਰਪੀ ਯੂਨੀਅਨ ਦੀ ਲੀਡਰਸ਼ਿਪ ਦੇ ਨਾਲ ਰਿਹਾ ਹੈ, ਹੁਣ ਰਾਜਨੀਤਕ ਅਸਥਿਰਤਾ ਦਾ ਸ਼ਿਕਾਰ ਹੈ। ਪੋਲੈਂਡ ਅਤੇ ਹੰਗਰੀ, ਜੋ ਕਿ ਪਹਿਲਾਂ ਨਾਟੋ ਅਤੇ ਯੂਰਪੀ ਯੂਨੀਅਨ ਦੇ ਵਧੀਆ ਹਿੱਸੇ ਸਨ, ਹੁਣ ਉਹ ਵੀ ਆਪਣੀਆਂ ਨੀਤੀਆਂ ‘ਚ ਹੋਰ ਆਜ਼ਾਦੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਪੂਰਬੀ ਯੂਰਪ ‘ਚ ਨਵੀਆਂ ਵੰਡਾਂ ਪੈਦਾ ਹੋ ਸਕਦੀਆਂ ਹਨ। ਇਹ ਅੰਦਰੂਨੀ ਤਕਰਾਰਾਂ ਯੂਰਪੀ ਯੂਨੀਅਨ ਦੀ ਵਿਦੇਸ਼ੀ ਨੀਤੀ ਨੂੰ ਹੋਰ ਵੀ ਕਮਜ਼ੋਰ ਕਰ ਰਹੀਆਂ ਹਨ ਅਤੇ ਅਮਰੀਕਾ, ਰੂਸ, ਅਤੇ ਚੀਨ ਨੂੰ ਯੂਰਪੀ ਯੂਨੀਅਨ ‘ਤੇ ਹੋਰ ਦਬਾਅ ਪਾਉਣ ਦਾ ਮੌਕਾ ਦੇ ਰਹੀਆਂ ਹਨ।
ਅੱਜ, ਯੂਰਪੀ ਯੂਨੀਅਨ ਇਕ ਨਿਰਣਾਇਕ ਚੌਰਾਹੇ ‘ਤੇ ਖੜ੍ਹੀ ਹੈ। ਜੇਕਰ ਯੂਰਪ ਨੇ ਆਪਣੀ ਇਕਜੁੱਟਤਾ ਨੂੰ ਸੰਭਾਲਿਆ, ਨਾਟੋ ‘ਚ ਆਪਣੀ ਆਵਾਜ਼ ਉੱਚੀ ਕੀਤੀ ਅਤੇ ਆਪਣੀ ਆਰਥਿਕਤਾ ਨੂੰ ਹੋਰ ਵਿਕਸਤ ਕੀਤਾ, ਤਾਂ ਉਹ ਵਿਸ਼ਵ ਮੰਚ ‘ਤੇ ਆਪਣੀ ਤਾਕਤ ਨਾਲ ਟਿਕ ਸਕਦਾ ਹੈ, ਪਰ ਜੇਕਰ ਅਮਰੀਕਾ, ਰੂਸ ਤੇ ਚੀਨ ਦੇ ਦਬਾਅ ਹਾਵੀ ਰਹੇ, ਤਾਂ ਯੂਰਪ ਇਕ ਨਵੇਂ ਸੰਕਟ ‘ਚ ਦਾਖ਼ਲ ਹੋ ਸਕਦਾ ਹੈ।
ਸਭ ਤੋਂ ਵੱਡੀ ਲੋੜ ਇਹ ਹੈ ਕਿ ਯੂਰਪੀ ਦੇਸ਼ ਆਪਣੀਆਂ ਵਿਅਕਤੀਗਤ ਰਾਜਨੀਤਕ ਲੋੜਾਂ ਨੂੰ ਪਾਸੇ ਰੱਖ ਕੇ ਸੰਘ ਦੇ ਹਿੱਤ ‘ਚ ਇਕਜੁੱਟ ਹੋਣ। ਜੇਕਰ ਯੂਰਪ ਨੇ ਆਪਸੀ ਸਹਿਯੋਗ ਅਤੇ ਸੰਘ ਦੀ ਮਹੱਤਤਾ ਨੂੰ ਸਮਝਿਆ, ਤਾਂ ਇਹ ਵਿਕਾਸ ਦੀ ਇਕ ਨਵੀਂ ਦਿਸ਼ਾ ‘ਚ ਤਰੱਕੀ ਕਰ ਸਕਦਾ ਹੈ, ਪਰ ਜੇਕਰ ਅੰਦਰੂਨੀ ਰਾਸ਼ਟਰਵਾਦ ਅਤੇ ਵਿਅਕਤੀਗਤ ਹਿੱਤ ਹਾਵੀ ਰਹੇ, ਤਾਂ ਨਾ ਸਿਰਫ਼ ਯੂਰਪੀ ਯੂਨੀਅਨ ਦੀ ਤਾਕਤ ਘਟੇਗੀ, ਬਲਕਿ ਵਿਸ਼ਵ ਇਕ ਵਾਰ ਫਿਰ ਅੰਧ-ਰਾਸ਼ਟਰਵਾਦੀ ਨਜ਼ਰੀਏ ਵੱਲ ਵਾਪਸ ਮੁੜ ਸਕਦਾ ਹੈ, ਜਿਸ ਦਾ ਨਤੀਜਾ ਸਮੁੱਚੇ ਵਿਸ਼ਵ ‘ਚ ਤਣਾਅ ਅਤੇ ਅਸਥਿਰਤਾ ਵਿਚ ਨਿਕਲ ਸਕਦਾ ਹੈ। ਇਸ ਲਈ, ਯੂਰਪ ਦੀ ਭਵਿੱਖ ਦੀ ਤਾਕਤ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ, ਕੀ ਇਹ ਦੇਸ਼ ਇਕਜੁੱਟ ਰਹਿੰਦੇ ਹੋਏ ਸੰਘ ਦੀ ਇਕਜੁੱਟਤਾ ਨੂੰ ਪਹਿਲ ਦਿੰਦੇ ਹਨ ਜਾਂ ਵਿਅਕਤੀਗਤ ਰਾਸ਼ਟਰਵਾਦ ਦੇ ਰਾਹ ‘ਤੇ ਤਬਾਹੀ ਵੱਲ ਵਧਦੇ ਹਨ।