ਸਰੀ, (ਸਿਮਰਨਜੀਤ ਸਿੰਘ): ਫੈਡਰਲ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਨੇ ਆਪਣੇ ਚੋਣ ਪ੍ਰਚਾਰ ਨੂੰ ਹੋਰ ਵਧੇਰੇ ਲੋਕਾਂ ਤੱਕ ਪਹੁੰਚਾਉਣ ਲਈ ਇਸ ਵਾਰ ਹਵਾਈ ਯਾਤਰਾ ਦੀ ਬਜਾਏ ਬੱਸ ਰਾਹੀਂ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਦੇ ਨੇਤਾ ਜਗਮੀਤ ਸਿੰਘ, ਜੋ ਪਿਛਲੀਆਂ ਚੋਣਾਂ ਦੌਰਾਨ ਚਾਰਟਰਡ ਜਹਾਜ਼ ਦੀ ਵਰਤੋਂ ਕਰਦੇ ਰਹੇ ਹਨ, ਹੁਣ ਦੇਸ਼ ਭਰ ਵਿੱਚ ਬੱਸ ਰਾਹੀਂ ਆਪਣੇ ਚੋਣ ਪ੍ਰਚਾਰ ਲਈ ਸਫਰ ਕਰਨਗੇ।
ਐਨ.ਡੀ.ਪੀ. ਵੱਲੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ। ਪਾਰਟੀ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਸਾਡੀ ਚੋਣ ਮੁਹਿੰਮ ਦੀ ਬੱਸ ਸਾਰੇ ਦੇਸ਼ ਵਿੱਚ ਯਾਤਰਾ ਕਰੇਗੀ, ਤਾਂ ਜੋ ਆਮ ਲੋਕਾਂ ਨਾਲ ਨਜ਼ਦੀਕੀ ਬਣਾਈ ਜਾ ਸਕੇ ਅਤੇ ਮੁੱਖ ਮਸਲਿਆਂ ‘ਤੇ ਗੱਲ ਕੀਤੀ ਜਾ ਸਕੇ।” ਪਾਰਟੀ ਨੇ ਸਿਹਤ ਸੰਭਾਲ, ਰਿਹਾਇਸ਼ ਅਤੇ ਮਹਿੰਗਾਈ ਵਰਗੇ ਲੋਕਾਂ ਨਾਲ ਸਿੱਧੇ ਤੌਰ ‘ਤੇ ਸੰਬੰਧਿਤ ਮੁੱਦਿਆਂ ਨੂੰ ਆਪਣੇ ਅਭਿਆਨ ਦਾ ਕੇਂਦਰ ਬਣਾਉਣ ਦੀ ਗੱਲ ਕਹੀ।
ਐਨ.ਡੀ.ਪੀ. ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੇ ਜਹਾਜ਼ ਦੀ ਬਜਾਏ ਬੱਸ ਦੀ ਚੋਣ ਕਿਉਂ ਕੀਤੀ, ਪਰ ਪਿਛਲੇ ਚੋਣ ਅਭਿਆਨਾਂ ਦੌਰਾਨ ਪਾਰਟੀ ਦੀ ਵਿੱਤੀ ਹਾਲਤ ਦੀ ਗੱਲ ਸਭ ਦੇ ਸਾਹਮਣੇ ਆਈ ਸੀ। ਪਾਰਟੀ ਦੀ ਮੁੱਖ ਚੋਣ ਮੁਹਿੰਮ ਡਾਇਰੈਕਟਰ, ਜੈਨੀਫਰ ਹਾਵਰਡ, ਨੇ ਕਿਹਾ ਕਿ 2018 ਤੋਂ ਲੈ ਕੇ ਅੱਜ ਤਕ, ਪਾਰਟੀ ਆਪਣੀ ਸਭ ਤੋਂ ਵਧੀਆ ਆਰਥਿਕ ਸਥਿਤੀ ਵਿੱਚ ਹੈ।
ਹਾਲਾਂਕਿ, ਐਨ.ਡੀ.ਪੀ. ਦੀ ਨਵੀਨਤਮ ਵਿੱਤੀ ਰਿਪੋਰਟ ਇਹ ਦੱਸਣ ਵਿੱਚ ਅਸਮਰਥ ਰਹੀ ਕਿ ਪਾਰਟੀ ਨੇ ਆਪਣੀਆਂ ਪੁਰਾਣੀਆਂ ਵਿੱਤੀ ਮੁਸ਼ਕਿਲਾਂ ਹੱਲ ਕਰ ਲਈਆਂ ਹਨ। 2019 ਦੀ ਚੋਣ ਦੌਰਾਨ, ਪਾਰਟੀ ਨੂੰ ਆਪਣੀ ਲਿਕਵਿਡਿਟੀ (ਨਕਦੀ ਪ੍ਰਬੰਧ) ਨੂੰ ਬਣਾਈ ਰੱਖਣ ਲਈ ਜੈਕ ਲੇਟਨ ਬਿਲਡਿੰਗ (ਔਟਵਾ) ਨੂੰ ਗਿਰਵੀ ਰੱਖਣਾ ਪਿਆ ਸੀ। 2021 ਦੀ ਫੈਡਰਲ ਚੋਣ ਮੁਹਿੰਮ ਦੌਰਾਨ ਵੀ, ਐਨ.ਡੀ.ਪੀ. ਨੇ ਚਾਰਟਰਡ ਜਹਾਜ਼ ਦੀ ਵਰਤੋਂ ਕੀਤੀ ਸੀ, ਜਿਸ ਲਈ ਕਰਜ਼ਾ ਲਿਆ ਗਿਆ। ਇਹ ਕਰਜ਼ਾ ਅਜੇ ਤੱਕ ਪੂਰੀ ਤਰ੍ਹਾਂ ਵਾਪਸ ਨਹੀਂ ਕੀਤਾ ਗਿਆ, ਜਿਸ ਕਰਕੇ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਪਾਰਟੀ ਵਿੱਤੀ ਸਥਿਤੀਆਂ ਦੇ ਕਾਰਨ ਆਪਣੀ ਚੋਣ ਮੁਹਿੰਮ ਆਸਾਨੀ ਨਾਲ ਚਲਾ ਸਕੇਗੀ। ਜਦਕਿ ਹੋਰ ਫੈਡਰਲ ਪਾਰਟੀਆਂ ਚਾਰਟਰਡ ਜਹਾਜ਼ਾਂ ਰਾਹੀਂ ਆਪਣੀ ਚੋਣ ਮੁਹਿੰਮ ਦੌਰਾਨ ਤੇਜ਼ ਯਾਤਰਾ ਕਰਕੇ ਵੱਧ ਲੋਕਾਂ ਤੱਕ ਪਹੁੰਚਦੀ ਰਹੀਆਂ ਹਨ, ਐਨ.ਡੀ.ਪੀ. ਵੱਲੋਂ ਬੱਸ ਦੀ ਚੋਣ ਇੱਕ ਨਵੇਂ ਤਰੀਕੇ ਵਾਂਗ ਦੇਖੀ ਜਾ ਰਹੀ ਹੈ। ਜਗਮੀਤ ਸਿੰਘ ਹਰੇਕ ਸੂਬੇ ਵਿੱਚ ਲੋਕਾਂ ਨਾਲ ਰੂਬਰੂ ਹੋਣ ਦੀ ਕੋਸ਼ਿਸ਼ ਕਰਨਗੇ ਅਤੇ ਤੌਰ-ਤਰੀਕੇ ਵਿੱਚ ਇਹ ਤਬਦੀਲੀ ਪਾਰਟੀ ਦੀ ਨਵੀਨਤਮ ਰਣਨੀਤੀ ਦੱਸਣੀ ਜਾ ਰਹੀ ਹੈ।
ਕੈਨੇਡਾ ਭਰ ਵਿੱਚ ਬੱਸ ਰਾਹੀਂ ਯਾਤਰਾ ਕਰਨਾ, ਪਾਰਟੀ ਲਈ ਨਵੇਂ ਮੌਕੇ ਤੇ ਚੁਣੌਤੀਆਂ ਦੋਵਾਂ ਲੈ ਕੇ ਆ ਸਕਦਾ ਹੈ। ਪਰ, ਐਨ.ਡੀ.ਪੀ. ਲਈ ਇਹ ਪੂਰੀ ਮੁਹਿੰਮ ਹੀ ਇਹ ਸਾਬਤ ਕਰਨ ਲਈ ਹੋਵੇਗੀ ਕਿ ਉਹ 2025 ਦੀ ਫੈਡਰਲ ਚੋਣ ਵਿੱਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ। This report was written by Simranjit Singh as part of the Local Journalism Initiative.