ਸੀਨੀਅਰ ਲੀਡਰ ਹਾਂ ਅਸੀਂ
ਸੀਨੀਅਰ ਲੀਡਰ!
ਇਸ ਪਾਰਟੀ ਵਿੱਚ
ਅਸੀਂ ਵਰਕਰ ਸਾਂ ਪਹਿਲੋਂ
ਫੇਰ ਬਲਾਕ ਪ੍ਰਧਾਨ
ਜ਼ਿਲ੍ਹਾ ਪ੍ਰਧਾਨ ਤੋਂ
ਸੂਬਾ ਪ੍ਰਧਾਨ ਹੁੰਦਿਆਂ
ਐੱਮ.ਐੱਲ.ਏ. ਵੀ ਰਹੇ
ਫੇਰ ਮੰਤਰੀ ਪਦ ਮਾਣਿਆ
ਦਮ ਘੁਟਣ ਲੱਗਾ ਫਿਰ
ਇਸ ਪਾਰਟੀ ਵਿੱਚ ਸਾਡਾ
ਅੱਚਵੀ ਜਿਹੀ ਲੱਗਣ ਲੱਗੀ
ਖੜੋਤ ਜਿਹੀ ਜਾਪਣ ਲੱਗੀ
ਰਾਜਨੀਤਕ ਖੜੋਤ
ਸਥਿਤੀਆਂ ਬਦਲੀਆਂ
ਸਮੀਕਰਨ ਬਦਲੇ
ਮਾਰ ਛੜੱਪੇ ਫੇਰ ਅਸੀਂ
ਕਦੇ ਏਸ ਪਾਰਟੀ
ਕਦੇ ਓਸ ਪਾਰਟੀ
ਪਰ ਦੇਖੋ!
ਕਮਾਲ ਅਸਾਡਾ
ਨਵੀਂ ਪਾਰਟੀ ਵਿੱਚ ਵੀ
ਰਹਿੰਦੇ ਅਸੀਂ
ਸੀਨੀਅਰ ਲੀਡਰ ਹੀ ਹਾਂ
ਅਸੀਂ ਜਿਸ ਵੀ ਪਾਰਟੀ
ਵਿੱਚ ਹੁੰਦੇ ਹਾਂ ਸ਼ਾਮਿਲ
ਆਪਣੀ ਸੀਨੀਆਰਤਾ
ਨਾਲ ਲੈ ਕੇ ਜਾਂਦੇ ਹਾਂ
ਅਸੀਂ ਕੋਈ ਮੁਲਾਜ਼ਮ ਥੋੜ੍ਹੇ ਹਾਂ
ਜੋ ਸੀਨੀਆਰਤਾ ਛੱਡਾਂਗੇ
ਦੂਜੇ ਵਿਭਾਗ ਵਿੱਚ ਜਾ ਕੇ
ਜਿਸ ਮਰਜ਼ੀ ਪਾਰਟੀ ਵਿੱਚ ਹੋਈਏ
ਟਿਕਟਾਂ ਸਾਨੂੰ ਹੀ ਮਿਲਦੀਆਂ ਹਨ
ਲਤਾੜ ਕੇ ਹੇਠਲੇ ਵਰਕਰਾਂ ਨੂੰ
ਰੌਂਦ ਕੇ ਟਕਸਾਲੀ ਲੀਡਰਾਂ ਨੂੰ
ਦੇਖਿਆ!
ਲੀਡਰ, ਲੀਡਰ ਹੀ ਰਹਿੰਦੇ ਨੇ
ਤੇ ਵਰਕਰ, ਵਰਕਰ ਹੀ
ਦਰੀਆਂ ਵਿਛਾਉਣ ਨੂੰ
ਰੈਲੀਆਂ ‘ਚ ਨਾਅਰੇ ਲਾਉਣ ਨੂੰ।
ਲੇਖਕ : ਰੰਜੀਵਨ ਸਿੰਘ
ਸੰਪਰਕ: 98150-68816