ਚੋਣਾਂ ਦਾ ਐਲਾਨ ਹੋ ਗਿਆ।
ਭੋਲ਼ਾ ਹਰ ਸ਼ੈਤਾਨ ਹੋ ਗਿਆ।
ਧੌਣ ਝੁਕਾਈ ਦੇਖੋ ਕਿੱਦਾਂ
ਨਿਰਬਲ, ਹੁਣ ਬਲਵਾਨ ਹੋ ਗਿਆ।
ਦਾਰੂ ਮਿਲਣੀ ਮੁਫ਼ਤੋ ਮੁਫ਼ਤੀ
ਕੈਸਾ ਇਹ ਫੁਰਮਾਨ ਹੋ ਗਿਆ।
ਇੱਕ ਦੂਜੇ ‘ਤੇ ਦੋਸ਼ ਮੜ੍ਹਣਗੇ
ਚਾਲੂ ਫਿਰ ਘਮਸਾਨ ਹੋ ਗਿਆ।
ਚੋਣਾਂ ਤੱਕ ਨਾ ਬੇਲੀ ਕੋਈ
ਵੈਰੀ ਪਾਕਿਸਤਾਨ ਹੋ ਗਿਆ।
ਤੂੰ-ਤੂੰ ਮੈਂ-ਮੈਂ ਚਲਦੀ ਰਹਿਣੀ
ਰਕੀਬ ਭਾਈ ਜਾਨ ਹੋ ਗਿਆ।
ਜੋ ਸੀ ਆਕੜ-ਆਕੜ ਖੜ੍ਹਦਾ
ਨੇਤਾ ਹੀ ਬੇਜਾਨ ਹੋ ਗਿਆ।
ਪਹਿਲਾਂ ਲੁੱਟ-ਲੁੱਟ ਖਾਧਾ ਚੋਖਾ
ਚਾਲੂ ਹੁਣ ਤੋਂ ਦਾਨ ਹੋ ਗਿਆ।
ਲੇਖਕ : ਹਰਦੀਪ ਬਿਰਦੀ
ਸੰਪਰਕ: 90416-00900