ਕੌਮਾਂ ਬਾਰੇ ਪਹਿਲੀ ਗੰਭੀਰ ਪੁਸਤਕ ਆਈ ਪੰਜਾਬ ਦੇ ਵਿਹੜੇ

ਕੀ ਹੈ ਸਿੱਖ ਕੌਮ ਅਤੇ ਕਿਉਂ ਤੇ ਕਿਵੇਂ ਹੈ ਇਹ ਕੌਮ- ਅੰਤਰਰਾਸ਼ਟਰੀ ਪ੍ਰਸੰਗ ਵਿਚ ਇਨ੍ਹਾਂ ਵੱਡੇ ਸਵਾਲਾਂ ਦੇ ਜਵਾਬ

ਲੇਖਕ : ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 99150-91063
ਜਦੋਂ ਆਪਣਾ ਕੋਈ ਇਹ ਕਹੇ ਕਿ ਸਿੱਖ ਇੱਕ ਕੌਮ ਹਨ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਖਾਲਸਾ ਪੰਥ ਦੇ ਚਮਨ ਵਿਚ ਕਿੰਨੇ ਫੁੱਲ ਇੱਕੋ ਸਮੇਂ ਖਿੜ ਗਏ ਹੋਣ ਜਾਂ ਇਉਂ ਵੀ ਲੱਗਦਾ ਹੈ ਕਿ ਭੁੱਲ ਚੁੱਕੇ ਅਤੀਤ ਅਤੇ ਰੁਲਦੇ ਵਰਤਮਾਨ ਦੇ ਵਲਵਲਿਆਂ ਦਾ ਕੋਈ ਸਾਂਝਾ ਦਰਬਾਰ ਲੱਗ ਗਿਆ ਹੋਵੇ ਜਾਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਰਾਜ ਕਰਨ ਦੀ ਤਮੰਨਾ ਤੇ ਰੀਝ ਦੇ ਜਜ਼ਬੇ ਅਤੇ ਰਾਜ ਦੇ ਖੁੱਸ ਜਾਣ ਦਾ ਡੂੰਘਾ ਤੇ ਅਕਹਿ ਦਰਦ ਇਕੋ ਵੇਲੇ ਕਿਸੇ ਡੂੰਘੀ ਨੀਂਦ ਵਿਚੋਂ ਜਾਗ ਪਿਆ ਹੋਵੇ। ਕੌਮ ਅਤੇ ਕੌਮਵਾਦ ਦੇ ਸਾਰੇ ਵਿਦਵਾਨ ਆਪਸੀ ਮਤਭੇਦਾਂ ਦੇ ਬਾਵਜੂਦ ਇਹ ਗੱਲ ਮੰਨਦੇ ਹਨ, ਹੈਰਾਨ ਵੀ ਹਨ ਅਤੇ ਇਸ ਸਵਾਲ ਦਾ ਜਵਾਬ ਵੀ ਲੱਭਦੇ ਹਨ ਕਿ ਆਖਰਕਾਰ ਕੌਮ ਸ਼ਬਦ ਨੇ ਸਾਰੀ ਦੁਨੀਆ ਨੂੰ ਆਪਣੀ ਬੁੱਕਲ ਵਿਚ ਕਿਵੇਂ ਅਤੇ ਕਿਉਂ ਲੈ ਲਿਆ ਹੈ? ਕੌਮ ਇੱਕ ਇਹੋ ਜਿਹਾ ਸ਼ਬਦ ਬਣ ਚੁੱਕਾ ਹੈ ਜਿਸ ਨੇ ਸਾਰੀਆਂ ਕੋਮਲ ਕਲਾਵਾਂ, ਬਰੀਕ ਤੋਂ ਬਰੀਕ ਜਜ਼ਬੇ, ਆਸਾਂ ਉਮੀਦਾਂ, ਮਾਣ, ਗੌਰਵ, ਅਣਖ, ਗ਼ੈਰਤ, ਨਾਦ, ਸੰਗੀਤ, ਅਹਿਸਾਸ, ਇੱਛਾਵਾਂ, ਵਫਾਦਾਰੀਆਂ, ਇਤਿਹਾਸ ਵਿਚ ਮਿਲੇ ਜ਼ਖ਼ਮ, ਹਸਰਤਾਂ ਤੇ ਪੀੜਾਂ ਨੂੰ ਆਪਣੇ ਵਿਚ ਸਮੋ ਲਿਆ ਹੈ। ਜਦੋਂ ਕੌਮ ਦੀ ਗੱਲ ਕਰਦੇ ਹਾਂ ਤਾਂ ਇਹ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਕਈ ਹਾਲਤਾਂ ਵਿਚ ਤਾਂ ਕੌਮ ਦਾ ਰੁਤਬਾ ਧਰਮ ਨਾਲ ਜੁੜੇ ਸੁੱਚੇ ਜਜ਼ਬਿਆਂ ਤੋਂ ਵੀ ਉੱਚਾ ਸਥਾਨ ਅਖਤਿਆਰ ਕਰ ਲੈਂਦਾ ਹੈ। ਪਰ ਫਿਰ ਤੁਸੀਂ ਪੁੱਛੋਗੇ ਕਿ ਆਖਰ ਕੌਮ ਹੈ ਕੀ? ਕੌਮਵਾਦ ਕਿਸ ਨੂੰ ਕਹਿੰਦੇ ਹਨ? ਨੇਸ਼ਨ-ਸਟੇਟ ਤੇ ਸਟੇਟ ਨੇਸ਼ਨ ਵਿਚ ਬਰੀਕ ਫਰਕ ਕਿਹੜਾ ਹੈ? ਫਿਰ ਤੁਸੀਂ ਇਹ ਸਵਾਲ ਵੀ ਕਰੋਗੇ ਕਿ ਭਾਰਤ ਦੀ ਨੇਸ਼ਨ-ਸਟੇਟ ਦਾ ਮੁਹਾਂਦਰਾ ਕਿਹੋ ਜਿਹਾ ਹੈ? ਕੀ ਇਹ ਅਣਦਿਸਦੀ ਹਿੰਦੂ ਸਟੇਟ ਹੈ ਜਿਸ ਨੇ ਅਜੇ ਸਾਹਮਣੇ ਆਉਣ ਦੀ ਗੱਲ ਅੱਗੇ ਪਾਈ ਹੋਈ ਹੈ? ਇਹੋ ਜਿਹੇ ਵੱਡੇ ਅਤੇ ਗੁੰਝਲਦਾਰ ਸਵਾਲਾਂ ਦੇ ਡੂੰਘੇ ਜਵਾਬਾਂ ਦਾ ਸਿਲਸਿਲਾ ਸਾਡੀ ਕੌਮ ਵਿਚ ਕਦੇ ਵੀ ਸ਼ੁਰੂ ਨਹੀਂ ਹੋਇਆ। ਤੁਹਾਨੂੰ ਇਹ ਜਾਣ ਕੇ ਦੁੱਖ ਵੀ ਲੱਗੇਗਾ ਤੇ ਗੁੱਸਾ ਵੀ ਆ ਸਕਦਾ ਹੈ ਕਿ ਸਾਡੀ ਕੌਮ ਦੇ ਵਿਦਵਾਨਾਂ ਵਿਚ ਕੌਮ ਬਾਰੇ ਜਾਨਣ ਦੀ ਰਾਜਨੀਤਕ ਪਿਆਸ ਕਿਉਂ ਨਹੀਂ ਪੈਦਾ ਹੋਈ? ਉਦੋਂ ਵੀ ਅਸੀਂ ਵਿਚਾਰਾਂ ਦੀ ਲਹਿਰ ਨਹੀਂ ਚਲਾਈ ਜਦੋਂ ਸਿਰਦਾਰ ਕਪੂਰ ਸਿੰਘ ਨੇ ਅਨੰਦਪੁਰ ਸਾਹਿਬ ਮਤੇ ਦੇ ਪਹਿਲੇ ਪਹਿਰੇ ਵਿਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਸਿੱਖ ਬਾਕਾਇਦਾ ਮਾਨਤਾ ਪ੍ਰਾਪਤ ਰਾਜਨੀਤਿਕ ਕੌਮ ਹੈ ਜਿਸ ਦਾ ਆਰੰਭ ਖਾਲਸਾ ਪੰਥ ਦੇ ਜਨਮ ਨਾਲ ਹੀ ਹੋ ਗਿਆ ਸੀ। ਸਿੱਖ ਪੰਥ ਦੇ ਇਸ ਮਹਾਨ ਦਾਨਸ਼ਵਰ ਵੱਲੋਂ ਸਿਰਜੇ ਇਸ ਇਤਿਹਾਸਕ ਮਤੇ ਤੋਂ ਪਿੱਛੋਂ ਵੀ ਕੌਮ ਸ਼ਬਦ ਦੇ ਡੂੰਘੇ ਅਰਥਾਂ ਦੀਆਂ ਡੂੰਘੀਆਂ ਗੱਲਾਂ ਕਿਸੇ ਵੀ ਉੱਚੇ ਪੱਧਰ ਦੀ ਰਾਜਨੀਤਕ ਮਹਿਫਲ ਵਿਚ ਨਹੀਂ ਹੋਈਆਂ। ਹਾਂ, ਕੋਈ ਟਾਵਾਂ ਟੱਲਾ ਲੇਖ ਜਾਂ ਕੌਮ ਨਾਲ ਜੁੜੀਆਂ ਜਜ਼ਬਾਤੀ ਕਿਸਮ ਦੀਆਂ ਹਮਦਰਦੀਆਂ ਤੇ ਕੱਚੇ ਪਿੱਲੇ ਬਿਆਨ ਤਾਂ ਜ਼ਰੂਰ ਮਿਲ ਜਾਣਗੇ ਪਰ ਨਿਠ ਕੇ ਵੱਡੀ ਡਿਬੇਟ ਕਦੇ ਵੀ ਨਹੀਂ ਹੋਈ। ਫਿਰ 1981 ਦਾ ਸਾਲ ਚੜ੍ਹਿਆ ਜਦੋਂ ਇੱਕ ਉੱਘੇ ਅਮਰੀਕਨ ਸਿੱਖ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਆਲ ਇੰਡੀਆ ਸਿੱਖ ਐਜੂਕੇਸ਼ਨਲ ਕਾਨਫਰਸ ਦੀ 54ਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ਵਿਚ ਹੋਏ ਇੱਕ ਸਮਾਗਮ ਦੌਰਾਨ ਪ੍ਰਧਾਨਗੀ ਭਾਸ਼ਨ ਦਿੰਦਿਆਂ ਐਲਾਨ ਕੀਤਾ ਕਿ ਸਿੱਖ ਵੱਖਰੀ ਕੌਮ ਹਨ। ਉਸ ਸਮੇਂ ਸਿੱਖਾਂ ਦੇ ਵੱਡੇ ਹਿੱਸੇ ਵਿਚ ਕੌਮ ਬਾਰੇ ਜਾਨਣ ਦਾ ਉਤਸ਼ਾਹ ਪੈਦਾ ਜ਼ਰੂਰ ਹੋਇਆ ਪਰ ਗੰਗਾ ਸਿੰਘ ਢਿੱਲੋਂ ਵਿਰੁੱਧ ਇੰਨਾ ਰੌਲਾ ਪਿਆ, ਇੰਨਾ ਸ਼ੋਰ ਸ਼ਰਾਬਾ ਹੋਇਆ ਕਿ ਇਹ ਸ਼ੋਰ ਅਸਮਾਨ ਦੀਆਂ ਕੰਧਾਂ ਨਾਲ ਜਾ ਲੱਗਾ ਅਤੇ ਵਿਚਾਰੇ ਗੰਗਾ ਸਿੰਘ ਢਿਲੋਂ ਨੂੰ ਵਾਪਸ ਅਮਰੀਕਾ ਵੱਲ ਤੋਰ ਦਿੱਤਾ ਗਿਆ, ਹਾਲਾਂਕਿ ਉਸ ਨੇ ਅਜੇ ਤਤਕਾਲੀਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਆਏ ਸੱਦਾ ਪੱਤਰ ਦੇ ਜਵਾਬ ਵਿਚ ਮਿਲਣਾ ਸੀ। ਪਰ ਸਾਰੇ ਜਣੇ ਮਿਲਣ ਤੋਂ ਜਵਾਬ ਦੇ ਗਏ। ਉਦੋਂ ਹੀ ਪਤਾ ਲੱਗਾ ਕਿ ਭਾਰਤ ਸਰਕਾਰ ਦੀਆਂ ਨਜ਼ਰਾਂ ਵਿਚ ਸਿੱਖ ਕੌਮ ਲਈ ‘ਕੌਮ’ ਦਾ ਸ਼ਬਦ ਵਰਤਣਾ ਕਿੰਨਾ ਖ਼ਤਰਨਾਕ ਹੈ। ਮੈਂ ਇਤਫਾਕ ਵਸ ਪੰਜਾਬੀ ਟ੍ਰਿਬਿਊਨ ਲਈ ਉਸ ਕਾਨਫਰੰਸ ਦੀ ਕਵਰੇਜ ਵੀ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਕੌਮ ਦੀ ਗੱਲ ਹੁਣ ਦੂਰ ਤੱਕ ਜਾਵੇਗੀ। ਅੱਜ ਭਾਵੇਂ ਹਰ ਕੋਈ ਕੌਮ-ਕੌਮ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕਰਦਾ ਹੈ ਤੇ ਸਰਕਾਰਾਂ ਨੂੰ ਵੀ ਬਹੁਤਾ ਫਰਕ ਨਹੀਂ ਪੈਂਦਾ, ਪਰ ਜਦੋਂ ਤੁਸੀਂ ਕੌਮ ਦੇ ਡੂੰਘੇ ਤੇ ਗਹਿਰ ਗੰਭੀਰ ਅਰਥਾਂ ਦੀ ਨਦੀ ਵਿਚ ਤਰਨ ਲੱਗ ਜਾਓਗੇ ਤਾਂ ‘ਬੇਗਾਨੇ’ ਤੁਹਾਨੂੰ ਉਸੇ ਨਦੀ ਵਿਚ ਡਬੋ ਕੇ ਹੀ ਸਾਹ ਲੈਣਗੇ। ਇੱਕ ਹੋਰ ਦੁੱਖ ਵੀ ਤੁਹਾਡੇ ਨਾਲ ਸਾਂਝਾ ਕਰਨ ਨੂੰ ਦਿਲ ਕਰ ਆਇਆ ਹੈ, ਜਿਸ ਦੁੱਖ ਵਿਚ ਰੋਸ, ਗਿਲੇ, ਮਿਹਣੇ ਤੇ ਨਿਹੋਰੇ ਵੀ ਸ਼ਾਮਿਲ ਹਨ। ਸਾਡੀ ਕੌਮ ਦੇ ਪਹਿਲੇ ਤੇ ਦੂਜੇ ਦਰਜੇ ਦੇ ਰਾਜਸੀ ਆਗੂ, ਪ੍ਰਚਾਰਕ, ਕਥਾਵਾਚਕ, ਵਿਦਵਾਨ ਅਤੇ ਡੂੰਘੀ ਵਿਦਵਤਾ ਵਿਚ ਰੰਗੇ ਬੁੱਧੀਜੀਵੀ ਵੀ ਅਤੇ ਸੁਲਝੇ ਹੋਏ ਪੱਤਰਕਾਰ ਵੀ ਧਾਰਮਿਕ ਤੇ ਰਾਜਨੀਤਕ ਜਲਸਿਆਂ ਅਤੇ ਸੈਮੀਨਾਰਾਂ ਵਿਚ ਕਦੇ ਹਲੇਮੀ ਰਾਜ, ਕਦੇ ਨਿਹਚਲ ਰਾਜ, ਕਦੇ ਬੇਗਮਪੁਰਾ, ਕਦੇ ਪੂਰਨ ਆਜ਼ਾਦੀ, ਕਨਫੈਡਰੇਸ਼ਨ, ਖਾਲਸਾ ਰਾਜ, ਅਤੇ ਕਦੇ ਸਿੱਖ ਹੋਮਲੈਂਡ ਵਰਗੀਆਂ ਗੱਲਾਂ ਕਰਦੇ ਹਨ ਤੇ ਇਹੋ ਜਿਹਾ ਰਾਜ ਕਾਇਮ ਕਰਨ ਦੀਆਂ ਇਛਾਵਾਂ ਦਾ ਪ੍ਰਗਟਾਵਾ ਤਾਂ ਕਰਦੇ ਹਨ ਤੇ ਲਗਾਤਾਰ ਕਰਦੇ ਜਾ ਵੀ ਰਹੇ ਹਨ। ਪਰ ਇਹ ਸਾਰਾ ਕਾਫਲਾ ਸਿੱਖ ਕੌਮ ਦੇ ਰਾਜਨੀਤਕ ਨਿਸ਼ਾਨੇ ਬਾਰੇ ਵੱਡਾ ਧੁੰਦਲਕਾ ਫੈਲਾਉਂਦਾ ਹੈ ਅਤੇ ਜੇਕਰ ਇਨ੍ਹਾਂ ਵੀਰਾਂ ਦੀ ਰਾਜਨੀਤਕ ਤੇ ਵਿਚਾਰਧਾਰਕ ਫੋਲਾਫਰੋਲੀ ਕੀਤੀ ਜਾਵੇ ਤਾਂ ਇਹ ਸਾਰੇ ਥੋੜ੍ਹੇ ਬਹੁਤੇ ਫਰਕ ਨਾਲ ਭਾਰਤ ਦੇ ਅੰਦਰ ਹੀ ਆਪਣੀ ਰਾਜਨੀਤਕ ਹੋਣੀ ਦੀ ਤਲਾਸ਼ ਕਰਦੇ ਹਨ। ਇਹ ਵੀਰ ਉਪਰੋਕਤ ਸ਼ਬਦਾਂ ਦਾ ਵਿਸ਼ਲੇਸ਼ਣ ਤੇ ਵਿਆਖਿਆ ਕਰਦਿਆਂ ਕਦੇ ਵੀ ਹਲੇਮੀ ਰਾਜ ਵਰਗੇ ਵਿਚਾਰਾਂ ਨੂੰ ਕੌਮ ਬਾਰੇ ਚੱਲ ਰਹੀਆਂ ਅੰਤਰਰਾਸ਼ਟਰੀ ਬਹਿਸਾਂ ਨਾਲ ਜੋੜ ਕੇ ਕੋਈ ਸਾਰਥਕ ਦਿਸ਼ਾ ਜਾਂ ਸੇਧ ਨਹੀਂ ਦਿੰਦੇ। ਕਿਉਂ ਸੇਧ ਨਹੀਂ ਦਿੰਦੇ? ਇਸ ਸਵਾਲ ਦੇ ਵੱਖਰੇ-ਵੱਖਰੇ ਜਵਾਬ ਲੱਭਣ ਦੀ ਜ਼ਿੰਮੇਵਾਰੀ ਤੁਸੀਂ ਖੁਦ ਹੀ ਆਪਣੇ ਰਾਜਨੀਤਕ ਮੋਢਿਆਂ ੱਤੇ ਕਿਉਂ ਨਹੀਂ ਚੁੱਕਦੇ? ਪਰ ਹੁਣ ਕੌਮ ਅਤੇ ਕੌਮਵਾਦ ਬਾਰੇ ਅਤੇ ਇਨ੍ਹਾਂ ਸ਼ਬਦਾਂ ਨਾਲ ਜੁੜੇ ਹੋਰ ਵਰਤਾਰਿਆਂ ਤੇ ਗੰਭੀਰ ਟਰਮਾਂ ਬਾਰੇ ਅੱਧ ਕੱਚੀਆਂ ਗੱਲਾਂ, ਵੇਲਾ ਵਿਹਾ ਚੁੱਕੀਆਂ ਗੱਲਾਂ ਤੇ ਬਹੀਆਂ ਤਰਬਈਆਂ ਗੱਲਾਂ ਦਾ ਦੌਰ ਖਤਮ ਹੋ ਗਿਆ ਹੈ ਅਤੇ ਅਸੀਂ ਨਵੇਂ ਦੌਰ ਵਿਚ ਦਾਖਲ ਹੋ ਰਹੇ ਹਾਂ, ਜਿਸ ਦੀ ਸ਼ੁਰੂਆਤ ਸਰਦਾਰ ਅਵਤਾਰ ਸਿੰਘ ਇੰਗਲੈਂਡ ਨੇ ਆਪਣੀ ਪਲੇਠੀ ਪੁਸਤਕ ‘ਸਿੱਖ ਕੌਮਵਾਦ ਦਾ ਸੰਕਲਪ’ ਵਿਚ ਕੀਤੀ ਹੈ ਤੇ ਇਸੇ ਕਿਤਾਬ ਦੇ ਸਬ-ਹੈਡਿੰਗ ਵਿਚ ਐਲਾਨ ਕੀਤਾ ਹੈ ਕਿ ‘ਨਾ ਹਮ ਹਿੰਦੂ ਨ ਮੁਸਲਮਾਨ’। ਛੋਟੇ ਜਿਹੇ ਇਸ ਸਿਰਲੇਖ ਵਿਚ ਲੇਖਕ ਯਾਦ ਕਰਾਉਂਦਾ ਹੈ ਕਿ ਕੌਮ ਨੂੰ ਇਹ ਅਹਿਸਾਸ ਪਲ-ਪਲ ਹੋਣਾ ਚਾਹੀਦਾ ਹੈ ਕਿ ਉਹ ਕੀ ਹਨ ਅਤੇ ਕੀ ਨਹੀਂ ਹਨ ਤਾਂ ਕਿ ਕੋਈ ਦੁਸ਼ਮਣ ਉਨ੍ਹਾਂ ਦੀ ਗਲਤ ਵਿਆਖਿਆ ਨਾ ਕਰੇ। ਕੌਮ ਆਪਣੇ ਆਪ ਵਿਚ ਇੱਕ ਸਵੈ-ਪਰਿਭਾਸ਼ਤ ਸਮੂਹ ਹੈ ਜਾਂ ਦੂਜੇ ਲਫਜ਼ਾਂ ਵਿਚ ਕੌਮ ਆਪਣੀ ਵਿਆਖਿਆ ਖੁਲ਼ਦ ਕਰਦੀ ਹੈ ਅਤੇ ਕਿਸੇ ਬੇਗਾਨੇ ਦੀਆਂ ਪਰੀ ਭਾਸ਼ਾਵਾਂ ਜਾਂ ਵਿਆਖਿਆਵਾਂ ਦੀ ਮੁਥਾਜ ਨਹੀਂ ਹੁੰਦੀ ਬਲਕਿ ਆਪਣੇ ਆਪ ਬਾਰੇ ਖੁਦ ਫੈਸਲੇ ਕਰਦੀ ਹੈ। 413 ਪੰਨਿਆਂ ਵਿਚ ਫੈਲੀ ਇਸ ਪੁਸਤਕ ਦੇ 17 ਕਾਂਡ ਹਨ ਅਤੇ ਗੰਭੀਰ ਪੁਸਤਕਾਂ ਨੂੰ ਪਾਠਕਾਂ ਦੇ ਵਿਹੜੇ ਵਿਚ ਲਿਆਉਣ ਵਾਲੀ ਸੰਸਥਾ ‘ਰੀਥਿੰਕ ਬੁਕਸ’ ਵੱਲੋਂ ਇਹੋ ਪੁਸਤਕ ਛਾਪੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪੁਸਤਕ ਦੀ ਭੂਮਿਕਾ ਡੈੱਨਮਾਰਕ ਸਥਿਤ ਵਿਦਵਾਨ ਡਾਕਟਰ ਜਸਵੀਰ ਸਿੰਘ ਨੇ ਲਿਖੀ ਹੈ ਜਿਨ੍ਹਾਂ ਨੂੰ ਕੌਮਾਂ ਅਤੇ ਰਾਜ ਵਿਹੂਣੀਆਂ ਕੌਮਾਂ ਅਤੇ ਮੁਲਕਾਂ ਦੀਆਂ ਵੱਖ-ਵੱਖ ਨੇਸ਼ਨ-ਸਟੇਟਸ ਦੇ ਮੂੰਹ ਮੁਹਾਂਦਰੇ, ਰੂਪਾਂ, ਕਿਸਮਾਂ ਤੇ ਉਨ੍ਹਾਂ ਵਿਚ ਵੱਖ-ਵੱਖ ਫਰਕਾਂ ਬਾਰੇ ਡੂੰਘੀ ਸਮਝ ਹੈ। ਇਸ ਦਿਸ਼ਾ ਵਿਚ ਉਨ੍ਹਾਂ ਦੀ ਕਿਤਾਬ ਵੀ ਛੇਤੀ ਹੀ ਦਸਤਕ ਦੇ ਰਹੀ ਹੈ। ਪਹਿਲੇ ਦੋ ਕਾਂਡਾਂ ਨੂੰ ਜੇ ਤੁਸੀਂ ਨਿੱਠ ਕੇ ਅਤੇ ਦੋ ਤਿੰਨ ਵਾਰ ਪੜ੍ਹਨ ਦੀ ਵਿਹਲ ਕੱਢੋਗੇ ਤਾਂ ਤੁਸੀਂ ਕੌਮ ਤੇ ਕੌਮਵਾਦ, ਕੌਮ ਦੀ ਪਰਿਭਾਸ਼ਾ ਤੇ ਕੌਮਾਂ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਕੌਮਾਂ ਦੀ ਸਥਿਤੀ ਬਾਰੇ ਅਤੇ ਇਸ ਪੱਖ ਤੋਂ ਸੰਸਾਰ ਭਰ ਦੇ ਵਿਦਵਾਨਾਂ ਵਿਚ ਕੌਮ ਬਾਰੇ ਟਕਰਾਉਂਦੇ ਤੇ ਮਿਲਦੇ-ਜੁਲਦੇ ਵਿਚਾਰਾਂ ਨਾਲ ਲੈਸ ਹੋ ਜਾਓਗੇ। ਤੁਸੀਂ ਕਿਸੇ ਵੀ ਮਹਿਫਲ ਵਿਚ ਸੰਜੀਦਾ ਬਹਿਸ ਕਰਨ ਦੇ ਵੀ ਕਾਬਲ ਹੋਵੋਗੇ ਤੇ ਹੋਰਨਾਂ ਦੇ ਅੰਦਰ ਵੀ ਕੌਮਾਂ ਬਾਰੇ ਜਾਨਣ ਦੀ ਜਗਿਆਸਾ ਪੈਦਾ ਕਰੋਗੇ। ਉਚਾ ਉਡਣ ਦੇ ਖੰਭ ਦੇ ਰਹੀ ਹੈ ਇਹ ਕਿਤਾਬ। ਇਹ ਕਾਂਡ ਪੜ੍ਹਦਿਆਂ ਤੁਹਾਨੂੰ ਸਿੱਖ ਕੌਮ ਦੀ ਵਰਤਮਾਨ ਸਥਿਤੀ ਬਾਰੇ ਆਪਣੇ ਆਪ ਹੀ ਸਮਝ ਆ ਜਾਵੇਗੀ। ਮੈਂ ਇਸ ਪੁਸਤਕ ਦਾ ਕੋਈ ਅਕਾਦਮਕ ਕਿਸਮ ਦਾ ਰਿਵਿਊ ਨਹੀਂ ਕਰ ਰਿਹਾ ਅਤੇ ਨਾ ਹੀ ਇਸ ਪੁਸਤਕ ਨੂੰ ਗੰਭੀਰ ਊਣਤਾਈਆਂ ਅਤੇ ਕਮਜ਼ੋਰੀਆਂ ਤੋਂ ਸੱਖਣਾ ਦੱਸ ਰਿਹਾ ਹਾਂ। ਇਸ ਕਿਤਾਬ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਕਿਤਾਬ ਤੁਹਾਡੇ ਅੰਦਰ ‘ਪ੍ਰਭੂ ਸੰਪੰਨ ਸਿੱਖ ਸਟੇਟ’ ਦਾ ਇੱਕ ਠੋਸ ਆਧਾਰ ਜ਼ਰੂਰ ਸਥਾਪਿਤ ਕਰ ਦੇਵੇਗੀ ਅਤੇ ਨਾਲ ਹੀ ਕੌਮ ਬਾਰੇ ਅਹਿਸਾਸ ਦਾ ਇੱਕ ਆਲਮ ਵੀ ਸਿਰਜ ਦੇਵੇਗੀ। ਇਹ ਪੁਸਤਕ ਬਹੁਤ ਸਾਰੇ ਉਨ੍ਹਾਂ ਭੁਲੇਖਿਆਂ ਨੂੰ ਵੀ ਦੂਰ ਕਰ ਦੇਵੇਗੀ ਜੋ ਸਰਕਾਰਾਂ ਜਾਂ ਸਰਕਾਰ-ਪ੍ਰਸਤ ਵਿਦਵਾਨਾਂ ਜਾਂ ਖੱਬੇ ਪੱਖੀ ਵਿਦਵਾਨਾਂ ਦੇ ਬਿਰਤਾਂਤਾਂ ਵਿਚ ਅਕਸਰ ਹੀ ਅਤੇ ਆਸਾਨੀ ਨਾਲ ਲੱਭੇ ਜਾ ਸਕਦੇ ਹਨ। ਇਹ ਕਿਤਾਬ ਉਨ੍ਹਾਂ ਵੀਰਾਂ ਨੂੰ ਵੀ ਸਿਧਮ ਸਿੱਧੀ ਚੁਣੌਤੀ ਹੈ ਜੋ ਅਸਲ ਵਿਚ ਪ੍ਰਭੂ ਸੰਪੰਨ ਸਿੱਖ ਸਟੇਟ ਦੇ ਸੰਕਲਪ ਵੱਲ ਪਿੱਠ ਕਰ ਕੇ ਬੈਠੇ ਹਨ ਅਤੇ ਉੱਪਰੋਂ-ਉੱਪਰੋਂ ਭਾਵੇਂ ਖਾਲਿਸਤਾਨ ਦੇ ਹੱਕ ਵਿਚ ਬੋਲਦੇ ਹਨ ਪਰ ਢਿੱਡੋਂ ਜਾਂ ਲੁਕ-ਛਿਪ ਕੇ ਜਾਂ ‘ਆਫ ਦੀ ਰਿਕਾਰਡ’ ਇਹੋ ਕਹਿੰਦੇ ਹਨ ਕਿ ਸਿੱਖ ਇੱਕ ਕੌਮ ਨਹੀਂ ਹਨ ਪਰ ਕੌਮ ਤੋਂ ਪਾਰ ਦੀ ਕੋਈ ਗੱਲ ਹੈ। ਜਾਂ ਇਹ ਕਹਿਣਗੇ ਪਈ ਸਿੱਖ ਤਾਂ ਸਮੁੱਚੇ ਬ੍ਰਹਿਮੰਡ ਦੇ ਹਾਣੀ ਹਨ ਅਤੇ ਹੁਣ ਉਹ ਵੀਰ ਆਪਣੀਆਂ ਸਰਗਰਮੀਆਂ ਕਰਦਿਆਂ ਇਥੋਂ ਤੱਕ ਚਲੇ ਗਏ ਹਨ ਕਿ ਸਿੱਖਾਂ ਦੇ ਮੁਲਕ ਦੀਆਂ ਕੋਈ ਹੱਦਾਂ ਹੀ ਨਹੀਂ ਹੋ ਸਕਦੀਆਂ। ਇਨ੍ਹਾਂ ਵੀਰਾਂ ਦੀ ਵਿਹਾਰਕ ਸਿਆਸਤ ਤੋਂ ਸੱਖਣੀ ‘ਬ੍ਰਹਿਮੰਡੀ ਗਲਵੱਕੜੀ’ ਨੂੰ ਵੀ ਲੇਖਕ ਨੇ ਆਲੋਚਨਾ ਦੇ ਘੇਰੇ ਵਿਚ ਰੱਖਿਆ ਹੈ। ਇਉਂ ਲੱਗਦਾ ਹੈ ਕਿ ਇਹ ਬ੍ਰਹਿਮੰਡੀ ਗਲਵੱਕੜੀ ਦੀ ਸਰਗਰਮੀ ਓੜਕ ਨੂੰ ਭਾਰਤੀ ਸਟੇਟ ਵਿਚ ਹੀ ਆਪਣੀ ਥਾਂ ਤਲਾਸ਼ ਕਰ ਰਹੀ ਹੈ ਜੋ ਕਈ ਕਾਰਨਾਂ ਕਰਕੇ ਅਜੇ ਅਣਦਿਸਦੀ ਰੱਖੀ ਗਈ ਹੈ। ਹੋਰ ਗੱਲ। ਇਹ ਪੁਸਤਕ ਸੁਣੀਆਂ-ਸੁਣਾਈਆਂ ਗੱਲਾਂ ਉੱਤੇ ਅਧਾਰਤ ਨਹੀਂ, ਸਗੋਂ ਠੋਸ ਦਲੀਲਾਂ ਅਤੇ ਹਵਾਲਿਆਂ ਨਾਲ ਸਿੱਧ ਕਰਦੀ ਹੈ ਕਿ ਸਿੱਖ ਪੰਥ ਨੇ ਜੇ ਇੱਕ ਸੰਪੂਰਨ ਕੌਮ ਬਣਨਾ ਹੈ ਤਾਂ ਉਸ ਲਈ ਪ੍ਰਭੂ ਸੰਪੰਨ ਸਟੇਟ ਕਾਇਮ ਕਰਨੀ ਜ਼ਰੂਰੀ ਹੈ। ਜਦੋਂ ਕੌਮ ਸੰਪੂਰਨ ਹੋ ਜਾਂਦੀ ਹੈ ਤਾਂ ਸਟੇਟ ਅਤੇ ਕੌਮ ਦਾ ਫਰਕ ਮਿਟ ਜਾਂਦਾ ਹੈ ਅਤੇ ਕੌਮ ਪੂਰੀ ਤਰ੍ਹਾਂ ਰੂਹਾਨੀ ਵਰਤਾਰਾ ਬਣ ਜਾਂਦੀ ਹੈ। ਲੇਖਕ ਸਿੱਖ ਸਟੇਟ ਦੀ ਰੂਪਰੇਖਾ ਨੂੰ ਵੀ ਕੁਝ ਇਸ ਤਰ੍ਹਾਂ ਹੀ ਦੇਖਦਾ ਹੈ। ਲੇਖਕ ਸ਼ਾਇਦ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੌਮ ਇੱਕ ਰੂਹਾਨੀ ਵਰਤਾਰਾ ਬਣ ਕੇ ਉਸਰਦੀ ਹੈ ਤਾਂ ਉਸ ਵੱਲੋਂ ਉਸਾਰੀ ਸਟੇਟ ਵਿਚ ਕਿਸੇ ਵੀ ਤਸ਼ੱਦਦ, ਕਤਲੇਆਮ ਜਾਂ ਅਣਮਨੁੱਖੀ ਸਰਗਰਮੀ ਦਾ ਕੋਈ ਤਰਕ ਹੀ ਨਹੀਂ ਰਹਿ ਜਾਂਦਾ। ਵੈਸੇ ਸਾਡੇ ਸੁਪਨਿਆਂ ਦੀ ਸਿੱਖ ਸਟੇਟ ਵਿਚ ਇਹੋ ਜਿਹੇ ਤੱਤ ਜ਼ਰੂਰ ਹੋਣੇ ਚਾਹੀਦੇ ਹਨ। 1984 ਦੇ ਦਰਬਾਰ ਸਾਹਿਬ ਦੇ ਸਾਕੇ ਪਿੱਛੋਂ ਜਿਨ੍ਹਾਂ ਨੇ ਪੰਜਾਬੀ ਕੌਮ ਦਾ ਸੰਕਲਪ ਠੇਲਿਆ, ਲੇਖਕ ਉਨ੍ਹਾਂ ਨੂੰ ਵੀ ਭਟਕੇ ਹੋਏ ਇਤਿਹਾਸਕਾਰ ਅਤੇ ਮੌਕਾਪ੍ਰਸਤ ਖ਼ੁਦਗਰਜ਼ ਵਿਦਵਾਨ ਆਖਦਾ ਹੈ ਜੋ ਕਈ ਕਿਸਮ ਦੀਆਂ ਵਿਆਖਿਆਵਾਂ ਪਰਨਾਲੀਆਂ ਰਾਹੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਿੱਖ ਇੱਕ ਕੌਮ ਨਹੀਂ ਹਨ, ਮਹਿਜ਼ ਇੱਕ ਭਾਈਚਾਰਾ ਹੀ ਹੈ। ਲੇਖਕ ਪ੍ਰਸਿੱਧ ਯਹੂਦੀ ਵਿਦਵਾਨ ਸਾਈਮਨ ਡੁਬਨਾਓ ਦੇ ਸਿਧਾਂਤ ਨੂੰ ਸਿੱਖ ਪ੍ਰਸੰਗ ਵਿਚ ਰੱਖ ਕੇ ਇਹ ਐਲਾਨ ਕਰ ਰਿਹਾ ਹੈ ਕਿ ਸਿੱਖਾਂ ਦੀ ਕੌਮੀਅਤ ਧਰਮ ਦੇ ਗਿਲਾਫ ਵਿਚ ਲਪੇਟੀ ਹੋਈ ਹੈ ਅਤੇ ਧਰਮ ਤੋਂ ਬਿਨਾਂ ਸਿੱਖ ਕੌਮ ਦਾ ਤਸਵਰ ਵੀ ਨਹੀਂ ਕੀਤਾ ਜਾ ਸਕਦਾ। ਜਿਹੜੇ ਅਜਿਹਾ ਕਰਨ ਦੀ ਹਿਮਾਕਤ ਕਰ ਰਹੇ ਹਨ, ਉਹ ਡੁਬਨਾਓ ਦੇ ਸ਼ਬਦਾਂ ਵਿਚ ਸਿੱਖ ਧਰਮ ਦੀ ਸਰਬਉੱਚਤਾ ‘ਤੇ ਸਵਾਲ ਚੁੱਕ ਰਹੇ ਹਨ। ਕੀ ਕੋਈ ਕੌਮ ‘ਸਟੇਟ’ ਤੋਂ ਬਿਨਾਂ ਵੀ ਬਚ ਸਕਦੀ ਹੈ? ਅਵਤਾਰ ਸਿੰਘ ਮੁਤਾਬਕ ਬਚ ਸਕਦੀ ਹੈ ਬਸ਼ਰਤੇ ਉਹ ਕੌਮ ਆਪਣੇ ਅੰਦਰੂਨੀ ਖੋਰੇ ਨੂੰ ਖਤਮ ਕਰੇ ਤੇ ਜਾਂਬਾਜ਼ ਸੂਰਮਿਆਂ ਅਤੇ ਆਪਣੇ ਗੁਰੂਆਂ, ਪਵਿੱਤਰ ਸੰਤ ਪੁਰਸ਼ਾਂ ਦੀ ਰਹਿਨੁਮਾਈ ਥੱਲੇ ਕੰਮ ਕਰੇ। ਇਸ ਦਿਸ਼ਾ ਵਿਚ ਉਸ ਨੂੰ ਆਪਣੇ ਨਿਆਰੇ ਕੌਮੀ ਮਿਥਾਂ ਦੀ ਯਾਦ ਨੂੰ ਹਰ ਸਮੇਂ ਆਪਣੇ ਦਿਲ ਵਿਚ ਸਾਂਭ ਕੇ ਰੱਖਣਾ ਚਾਹੀਦਾ ਹੈ। ਇਹ ਨਿਸ਼ਾਨ ਉਸ ਕੌਮ ਨੂੰ ਬਾਕੀ ਕੌਮਾਂ ਨਾਲੋਂ ਵੱਖਰਾ ਦਰਸਾਉਂਦੇ ਹਨ। ਇਸ ਸਬੰਧ ਵਿਚ ਨਿਆਰੇ ਬੋਲ ਬਾਲੇ, ਇਸ ਦੇ ਨਿਸ਼ਾਨ, ਭਾਸ਼ਾ, ਪਹਿਰਾਵਾ, ਅਤੇ ਇਥੋਂ ਤੱਕ ਲਹਿਲਹਾਉਂਦੇ ਖੇਤ, ਝਰਨੇ, ਨਦੀਆਂ, ਟੋਭੇ, ਪਹਾੜ, ਪੱਗਡੰਡੀਆਂ, ਸੂਏ, ਨਹਿਰਾਂ, ਕਸੀਆਂ, ਕਿਲੇ, ਬੁੰਗੇ, ਹਵੇਲੀਆਂ, ਢੱਠੀਆਂ ਹੋਈਆਂ ਇਮਾਰਤਾਂ, ਖੰਡਰ, ਯਾਦਾਂ ਵਿਚ ਇੱਕ ਤਰ੍ਹਾਂ ਨਾਲ ਇਲਾਹੀ ਚਿੰਨ੍ਹ ਬਣ ਜਾਂਦੇ ਹਨ। ਕਈ ਵਾਰ ਕੌਮਾਂ ਲੰਮੇ ਸਮੇਂ ਲਈ ਕੌਮੀ ਜਜ਼ਬੇ ਦੀ ਇਹੋ ਜਿਹੀ ਉਦਾਸ ਹਾਲਤ ਵਿਚੋਂ ਵੀ ਲੰਘਦੀਆਂ ਹਨ ਜਿਸ ਨੂੰ ਇੱਕ ਵਿਦਵਾਨ ਡੌਰਨ ਮੈਂਡਰਜ਼ ਅਧਸੁਤੀ ਭਾਵਨਾ ਜਾਂ ਪੈਸਿਵ ਨੈਸ਼ਨਲਿਜ਼ਮ ਵੀ ਕਹਿੰਦਾ ਹੈ। ਕਈ ਵਾਰ ਕੌਮ ਜਾਂ ਕੌਮਵਾਦ ਇਤਿਹਾਸਕ ਝਟਕਿਆਂ ਨਾਲ ਵੀ ਜਾਗਦਾ ਹੈ। ਮਿਸਾਲ ਵਜੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਇਹੋ ਜਿਹਾ ਹੀ ਇਕ ਇਤਿਹਾਸਕ ਝਟਕਾ ਸੀ। ਅਵਤਾਰ ਸਿੰਘ ਕੌਮਵਾਦੀ ਜਜ਼ਬੇ ਬਾਰੇ ਅਰਥ ਭਰਪੂਰ ਟਿੱਪਣੀ ਕਰਦੇ ਹਨ ਕਿ ਕੌਮਾਂ ਵਿਚ ਕੌਮਵਾਦੀ ਜਜ਼ਬਾ ਬੇਸ਼ਕ ਕੁਝ ਸਮੇਂ ਲਈ ਮੱਠਾ ਪੈ ਜਾਵੇ, ਪਰ ਉਸ ਦੀ ਮੌਤ ਕਦੇ ਵੀ ਨਹੀਂ ਹੁੰਦੀ। ਜਦੋਂ ਵੀ ਕੌਮ ਉੱਤੇ ਕੋਈ ਵੱਡਾ ਬਾਹਰੀ ਹਮਲਾ ਜਾਂ ਸਿਧਾਂਤਕ ਹਮਲਾ ਹੁੰਦਾ ਹੈ ਤਾਂ ਕੌਮ ਫਿਰ ਆਪਣੇ ਪੁਰਖਿਆਂ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਦਾ ਸੰਘਰਸ਼ ਸ਼ੁਰੂ ਕਰ ਦਿੰਦੀ ਹੈ। ਅਸਲ ਵਿਚ ਸਿੱਖ ਕੌਮ ਵੀ ਅੱਜ ਕੱਲ੍ਹ ਕੁਝ ਇਸ ਤਰ੍ਹਾਂ ਦੀ ਹੀ ਹਾਲਤ ਵਿਚੋਂ ਲੰਘ ਰਹੀ ਹੈ। ਜੇ ਕਿਸੇ ਕੌਮ ਨੇ ਸਦ-ਜਾਗਤ ਅਵਸਥਾ ਵਿਚ ਰਹਿਣਾ ਹੈ ਤਾਂ ਉਸ ਨੂੰ ਅੰਦਰੂਨੀ ਤੇ ਬਾਹਰੀ ਸੁਰੱਖਿਆ ਕਵਚ ਮਜ਼ਬੂਤ ਰੱਖਣੇ ਚਾਹੀਦੇ ਹਨ। ਇਨ੍ਹਾਂ ਕਵਚਾਂ ਦੀ ਪੁਸਤਕ ਵਿਚ ਵਿਆਖਿਆ ਕੀਤੀ ਗਈ ਹੈ। ਕਾਮਰੇਡ ਭਰਾ ਕੌਮਾਂ ਨੂੰ ਕਿਵੇਂ ਵੇਖਦੇ ਹਨ? ਕਿਤਾਬ ਦੇ 32 ਪੰਨੇ ਇਸੇ ਵਿਸ਼ੇ ‘ਤੇ ਨਿਠ ਕੇ ਬਹਿਸ ਕਰਦੇ ਹਨ। ਮੈਨੂੰ ਲੱਗਦਾ ਕਿ ਇਹ ਕਾਂਡ ਪੰਜਾਬ ਦੇ ਕਮਿਊਨਿਸਟ ਭਰਾਵਾਂ ਵਿਚ ਦਿਲਚਸਪ ਬਹਿਸ ਦਾ ਕੇਂਦਰ ਬਣੇਗਾ ਕਿਉਂਕਿ ਅਵਤਾਰ ਸਿੰਘ ਨੇ ਮਾਰਕਸ, ਏਂਗਲਜ਼, ਮਾਓ ਜ਼ੇ ਤੁੰਗ ਅਤੇ ਸਟਾਲਨ ਦੇ ਹਵਾਲਿਆਂ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਰਾਜਸੀ ਵਿਦਵਾਨਾਂ ਨੇ ਅਜਿਹਾ ਕੋਈ ਬਝਵਾਂ ਯਤਨ ਨਹੀਂ ਕੀਤਾ ਜਿਸ ਤੋਂ ਇਨ੍ਹਾਂ ਸਿਧਾਂਤਕਾਰਾਂ ਦੀ ਕੌਮੀ ਸਵਾਲ ਬਾਰੇ ਕਿਸੇ ਸਿਆਣਪ ਦਾ ਮੁਜ਼ਾਹਰਾ ਹੁੰਦਾ ਹੋਵੇ। ਲੇਖਕ ਵਿਅੰਗ ਕਰਦਾ ਹੈ ਕਿ ਕਮਿਊਨਿਸਟ ਕੌਮ ਤੇ ਕੌਮਵਾਦ ਨੂੰ ਆਪਣੇ ਮਾਰਕਸਵਾਦੀ ਹਿੱਤਾਂ ਲਈ ਅਤੇ ਸੇਵਾ ਲਈ ਵਰਤਣ ਦੀ ਸਿਆਸੀ ਜਾਚ ਤੇ ਜੁਗਤ ਬਹੁਤ ਜਲਦੀ ਸਿੱਖ ਗਏ ਹਨ, ਜਦਕਿ ਲੇਖਕ ਇਸ ਕਾਂਡ ਦੇ ਸ਼ੁਰੂ ਵਿਚ ਹੀ ਇਹ ਫੈਸਲਾ ਸੁਣਾ ਦਿੰਦਾ ਹੈ ਕਿ ਕੌਮਵਾਦ ਅਤੇ ਮਾਰਕਸਵਾਦ ਸਿਧਾਂਤਕ ਅਤੇ ਫਲਸਫੇ ਦੇ ਤੌਰ ੱਤੇ ਬੇਮੇਲ ਹਨ। ਇਸ ਲੇਖ ਵਿਚ ਲੇਖਕ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ 60 ਹਵਾਲੇ ਦਿੱਤੇ ਹਨ ਤੇ ਕਰੀਬ 18 ਵਿਦਵਾਨਾਂ ਦੀਆਂ ਲਿਖਤਾਂ ਨੂੰ ਚੰਗੀ ਤਰ੍ਹਾਂ ਘੋਖਿਆ ਹੈ, ਏਂਗਲਜ਼ ਦੀਆਂ ਕੁਝ ਚਿੱਠੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਵੈਸੇ ਕਿਤਾਬ ਦੇ 17 ਕਾਂਡਾਂ ਵਿਚ ਵੀ ਹਰ ਕਾਂਡ ਵਿਚ ਜਿਨ੍ਹਾਂ ਕਿਤਾਬਾਂ ਦੇ ਹਵਾਲੇ ਦਿੱਤੇ ਗਏ ਹਨ, ਉਹ ਕਿਤਾਬਾਂ ਲੇਖਕ ਨੇ ਨਾ ਕੇਵਲ ਪੜ੍ਹੀਆਂ ਹਨ ਸਗੋਂ ਉਨ੍ਹ0ਾਂ ਦੇ ਵਿਚਾਰਾਂ ਨੂੰ ਆਪਣੇ ਅੰਦਰ ਵਸਾਉਣ ਅਤੇ ਰਚਾਉਣ ਪਿੱਛੋਂ ਹੀ ਆਪਣੇ ਵਿਚਾਰਾਂ ਨੂੰ ਉਸਨੇ ਮੌਲਿਕ ਸ਼ਕਲ ਦਿੱਤੀ। ਅਸੀਂ ਹੋਰਨਾਂ ਧਰਮਾਂ, ਕੌਮਾਂ ਤੇ ਸੱਭਿਆਚਾਰਾਂ ਨਾਲੋਂ ਵੱਖਰੇ ਕਿਵੇਂ ਹਾਂ, ਇਸ ਸਬੰਧ ਵਿਚ ਵੀ ਲੇਖਕ ਨੇ ਇੱਕ ਵਿਸ਼ੇਸ਼ ਕਾਂਡ ਪੇਸ਼ ਕੀਤਾ ਹੈ। ਹਰ ਕਾਂਡ ਵਿਚ ਕੌਮ ਤੇ ਕੌਮਵਾਦ ਬਾਰੇ ਵਿਚਾਰ ਪੇਸ਼ ਕਰਦਿਆਂ ਲੇਖਕ ਬਹੁਤ ਦੁਹਰਾਓ ਕਰਦਾ ਹੈ, ਪਰ ਸ਼ਾਇਦ ਇਸ ਲਈ ਕਿ ਯੂਨੀਵਰਸਿਟੀਆਂ ਦੇ ਵਿਦਿਆਰਥੀ ਤੇ ਹੋਰ ਸਿੱਖ ਵਿਦਵਾਨਾਂ ਅੰਦਰ ਇਸ ਅਹਿਮ ਤੇ ਅਣਗੌਲੇ ਵਿਸ਼ੇ ਬਾਰੇ ਹੋਰ ਕਿਤਾਬਾਂ ਪੜ੍ਹਨ, ਸੋਚਣ ਤੇ ਮਹਿਸੂਸ ਕਰਨ ਦਾ ਮਾਹੌਲ ਪੈਦਾ ਹੋਵੇ। ਲੇਖਕ ਅੰਦਰ ਇਹ ਕਹਿਣ ਦੀ ਝਿਜਕ ਨਹੀਂ ਕਿ ਕੌਮ ਬਾਰੇ ਜੋ ਗੱਲਾਂ ਕਿਤਾਬ ਵਿਚ ਕੀਤੀਆਂ ਗਈਆਂ ਹਨ ਉਹ ਅੰਤਿਮ ਨਹੀਂ, ਪਰ ਇਹ ਕਿਤਾਬ ਹੋਰ ਕਿਤਾਬਾਂ ਦੀ ਸਿਰਜਣਾ ਕਰਨ ਲਈ ਰਾਹ ਜ਼ਰੂਰ ਪੱਧਰਾ ਕਰੇਗੀ। ਇਸ ਕਿਤਾਬ ਦੀ ਪ੍ਰੇਰਨਾ ਤੇ ਸਹਾਇਤਾ ਲਈ ਯੂ.ਕੇ. ਸਥਿਤ ਇੱਕ ਉੱਘੀ ਸੰਸਥਾ ਸਿੱਖ ਐਜੂਕੇਸ਼ਨਲ ਕੌਂਸਲ ਅਤੇ ਅਮਰੀਕਾ ਸਥਿਤ ਪੰਜਾਬੀ ਰੇਡੀਓ ਨੇ ਵੱਡਾ ਰੋਲ ਅਦਾ ਕੀਤਾ। ਕਿਤਾਬ ਦੇ ਆਖਰੀ ਕਾਂਡ ਦੇ ਆਖਰੀ ਪਹਿਰੇ ਵਿਚ ਹਿੰਸਾ ਦੀ ਵਰਤੋਂ ਬਾਰੇ ਖਾਲਸਾ -ਪ੍ਰਸੰਗ ਤੇ ਖਾਲਸਾ- ਰੌਸ਼ਨੀ ਦਾ ਆਸਰਾ ਲੈ ਕੇ ਲੇਖਕ ਇਤਿਹਾਸਕ ਟਿੱਪਣੀ ਕਰ ਰਿਹਾ ਹੈ ਕਿ ਸਿੱਖਾਂ ਦੀ ਧਾਰਮਿਕ ਪਰੰਪਰਾ ਵਿਚ ਉਹ ਹਿੰਸਾ ਜਾਇਜ਼ ਹੈ ਜੋ ਮਨੁੱਖਤਾ ਦੇ ਉਧਾਰ ਅਤੇ ਜ਼ੁਲਮ ਦੇ ਖਾਤਮੇ ਲਈ ਕੀਤੀ ਜਾਂਦੀ ਹੈ। ਜੁਝਾਰੂ ਲਹਿਰ, ਨਾਮਧਾਰੀ ਲਹਿਰ ਅਤੇ ਗਦਰ ਲਹਿਰ ਦਾ ਹਵਾਲਾ ਦਿੰਦਿਆਂ ਲੇਖਕ ਇਹ ਆਖ ਰਿਹਾ ਹੈ ਕਿ ਸਿੱਖਾਂ ਦੇ ‘ਮਨੁੱਖੀ ਜੁਝਾਰੂਪਣ’ ਨੂੰ ‘ਫੌਜੀ ਜੁਝਾਰੂਪਣ’ ਵਿਚ ਬਦਲਣ ਦੀਆਂ ਅਣਗਿਣਤ ਮਿਸਾਲਾਂ ਇਤਿਹਾਸ ਵਿਚ ਮਿਲਦੀਆਂ ਹਨ। ਕਿਨਾਂ ਕਿਨਾਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਜਾਂ ਪੜ੍ਹਨੀ ਪੈਣੀ ਹੈ? ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਰੇ ਧੜਿਆਂ ਦੇ ਜਾਗਦੇ ਵਿਦਿਆਰਥੀਆਂ ਨੂੰ, ਆਜ਼ਾਦੀ ਲਈ ਲੜ ਰਹੀਆਂ ਜਥੇਬੰਦੀਆਂ ਤੇ ਪਾਰਟੀਆਂ ਦੇ ਪੜ੍ਹੇ-ਲਿਖੇ ਆਗੂਆਂ ਨੂੰ, ਰਾਜਨੀਤਕ ਵਿਦਵਤਾ ਵਿਚ ਨਿਪੁੰਨ ਪੰਜਾਬ ਦੀਆਂ ਤਮਾਮ ਰਾਜਨੀਤਕ ਪਾਰਟੀਆਂ ਨੂੰ, ਵਿਸ਼ੇਸ਼ ਕਰਕੇ ਅਕਾਲੀ ਦਲ ਦੇ ਉਨ੍ਹਾਂ ਆਗੂਆਂ ਨੂੰ ਜੋ ਬਹੁਤੀ ਵਾਰ ਕੌਮ ਤੇ ਕੌਮਵਾਦ ਬਾਰੇ ਨਿਆਣਿਆਂ ਵਾਲੀਆਂ ਗੱਲਾਂ ਕਰਦੇ ਹਨ, ਸੋਸ਼ਲ ਮੀਡੀਏ ਉੱਤੇ ਗੰਭੀਰ ਟਿੱਪਣੀਆਂ ਕਰਨ ਵਾਲਿਆਂ ਨੂੰ, ਪੰਜਾਬ ਦੇ ਇਤਿਹਾਸਕਾਰਾਂ ਨੂੰ, ਪੰਜਾਬ ਦੇ ਮਸਲਿਆਂ ਨਾਲ ਜੁੜੇ ਗੰਭੀਰ ਪੱਤਰਕਾਰਾਂ ਅਤੇ ਲੇਖਕਾਂ ਨੂੰ ਵਿਹਲ ਕੱਢ ਕੇ ਪੜ੍ਹਨ ਦੀ ਲੋੜ ਹੈ ਤਾਂ ਜੋ ਪੰਜਾਬ ਵਿਚ ਮਿਲਦੇ-ਜੁਲਦੇ ਤੇ ਇੱਕ ਦੂਜੇ ਨਾਲ ਟਕਰਾਉਂਦੇ ਵਿਚਾਰਾਂ ਦਾ ਇੱਕ ਭਰਪੂਰ ਮੇਲਾ ਲੱਗ ਸਕੇ। ਕਿਤਾਬ ਉਨ੍ਹਾਂ ਰਾਜਨੀਤਕ ਅੱਖਾਂ ਵਿਚ ਵੀ ਝਾਕਣਾ ਚਾਹੁੰਦੀ ਹੈ ਜੋ ਇਕ ਕਤਰੇ ਵਿਚ ਸਮੁੰਦਰ ਦੇਖ ਸਕਣ ਦੀ ਯੋਗਤਾ ਤੇ ਕਾਬਲੀਅਤ ਰੱਖਦੇ ਹਨ।

Exit mobile version