ਜੀਹਦੇ ਸੀਨੇ ਫੱਟ ਕੋਈ ਨਹੀਂ ਉਹ ਫ਼ਨਕਾਰ ਕਹਾਵੇ ਨਾ ।
ਜੀਹਨੂੰ ਜਾਨ ਪਿਆਰੀ ਹੋਵੇ ਏਸ ਗਲੀ ਵੱਲ ਆਵੇ ਨਾ ।
ਅੱਧ ਵਿਚਾਲੇ ਛੱਡ ਗਿਆ ਏ ਕਾਤਿਲ ਸੀ ਯਾ ਦਰਦੀ ਸੀ,
ਧੁੱਪੇ ਜਿਹੜਾ ਜਰ ਨਾ ਸੱਕੇ, ਛਾਵੇਂ ਜੋ ਦਫ਼ਨਾਵੇ ਨਾ ।
ਇਹ ਤੇ ਮੰਨਣ ਦੇ ਵਿਚ ਆਵੇ ਡਾਰ ਕਦੀ ਵਿੱਛੜਦੀ ਨਹੀਂ,
ਹੋ ਨਹੀਂ ਸਕਦਾ ਡਾਰ ਵਿਛੁੰਨੀ ਕੂੰਜ ਕਦੇ ਕੁਰਲਾਵੇ ਨਾ ।
ਪੱਥਰ ਮਾਰਣ ਵਾਲਿਉ ਆਉ, ਆਉ ਤੇ ਸੰਗਸਾਰ ਕਰੋ,
ਮੁਜਰਮ ਦੇ ਲਈ ਸ਼ਿਬਲੀ ਵਾਂਗੂੰ ਕੋਈ ਵੀ ਫੁੱਲ ਲਿਆਵੇ ਨਾ ।
ਹਿੰਮਤ ਹਾਰੇ ਲੋਕਾਂ ਦੇ ਵਿਚ ਮੈਨੂੰ ਵੀ ਫ਼ਿਰ ਗਿਣਿਆ ਜੇ,
ਮੋਇਆਂ ਮਗਰੋਂ ਕਬਰ ਮੇਰੀ ਤੇ ਦੀਵਾ ਜੇ ਰੁਸ਼ਣਾਵੇ ਨਾ ।
ਫ਼ਿਰਦੋਸ਼ੀ, ਫ਼ਰਹਾਦ ਦੋਹਾਂ ਨੇ ਕਾਰ ਮੁਕੰਮਲ ਕੀਤੀ ਸੀ,
ਆਸ਼ਿਕ ਕੌਲ ਨਿਭਾਉਂਦੇ ਭਾਵੇਂ ਕੋਈ ‘ਸੁਲਤਾਨ’ ਨਿਭਾਵੇ ਨਾ ।
ਲੇਖਕ : ਸੁਲਤਾਨ ਖ਼ਾਰਵੀ