ਵੈਨਕੂਵਰ, (ਪਰਮਜੀਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪੇਸ਼ ਕੀਤੀ ਗਈ ਨਵੀਂ ‘ਗੋਲਡਨ ਡੋਮ’ ਮਿਸਾਈਲ ਡਿਫੈਂਸ ਯੋਜਨਾ ਲਈ ਕੈਨੇਡਾ ਤੋਂ 61 ਅਰਬ ਡਾਲਰ ਦੀ ਮੰਗ ਨੇ ਰੱਖਿਆ ਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੁੱਧਵਾਰ ਨੂੰ ਕਿਹਾ, ”ਮੈਂ ਇਸ ਵੇਲੇ ਇਹ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਯੋਜਨਾ ਸਾਨੂੰ ਕਿੰਨੀ ਮਹਿੰਗੀ ਪਵੇਗੀ। ਅਸੀਂ ਸਰਦੀ ਵਿੱਚ ਬਜਟ ਲਿਆਂਦੇ ਸਮੇਂ ਹੋਰ ਜਾਣਕਾਰੀ ਸਾਂਝੀ ਕਰਾਂਗੇ।”
ਟਰੰਪ ਨੇ ਮੰਗਲਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਕਿ ਜੇਕਰ ਕੈਨੇਡਾ ਇਹ ਯੋਜਨਾ ਆਪਣੀ ਆਜ਼ਾਦ ਦੇਸ਼ ਵਜੋਂ ਅਪਣਾਉਂਦਾ ਹੈ, ਤਾਂ ਇਹਦੀ ਲਾਗਤ 61 ਅਰਬ ਡਾਲਰ ਹੋਵੇਗੀ, ਪਰ ਜੇਕਰ ਕੈਨੇਡਾ ਅਮਰੀਕਾ ਦਾ ਰਾਜ ਬਣ ਜਾਂਦਾ ਹੈ ਤਾਂ ਇਹ ਮੁਫ਼ਤ ਹੋਵੇਗੀ।
ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਬਿਆਨਾਂ ‘ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਜਨਤਕ ਤੌਰ ‘ਤੇ ਕੋਈ ਰਾਏ ਜਾਂ ਗੱਲਬਾਤ ਨਹੀਂ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਕੈਨੇਡਾ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਿਹਾ ਹੈ।
ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਰਾਜਦੂਤ ਨੇ ਟਰੰਪ ਦੀ ਇਸ ਪੇਸ਼ਕਸ਼ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ, ”ਕਿਸੇ ਹੋਰ ਸੰਦਰਭ ਵਿੱਚ ਇਹ ਪੇਸ਼ਕਸ਼ ਇਕ ‘ਪ੍ਰੋਟੈਕਸ਼ਨ ਰੈਕਟ’ ਲੱਗਦੀ ਹੈ।”
ਦੂਜੇ ਪਾਸੇ, ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਰਹੇ ਮਾਈਕ ਪੰਪਿਓ ਨੇ ਕਿਹਾ ਕਿ ਇਹ ਗਲਤ ਦਰਸਾਇਆ ਜਾ ਰਿਹਾ ਹੈ ਅਤੇ ਕੈਨੇਡਾ-ਅਮਰੀਕਾ ਵਿਚਕਾਰ ਰੱਖਿਆ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, ”ਇਹ ਪ੍ਰੋਜੈਕਟ ਸਹੀ ਢੰਗ ਨਾਲ ਲਾਗੂ ਕਰਨ ਲਈ ਕੈਨੇਡਾ ਦੀ ਰੱਖਿਆ ਸੰਸਥਾਵਾਂ ਅਤੇ ਉੱਨਤ ਤਕਨੀਕ ਨਾਲ ਸਾਂਝਾ ਸਹਿਯੋਗ ਜ਼ਰੂਰੀ ਹੋਵੇਗਾ।”
ਪੰਪਿਓ ਨੇ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਟਰੰਪ ਨੇ 61 ਅਰਬ ਡਾਲਰ ਦੀ ਲਾਗਤ ਕਿਵੇਂ ਨਿਕਾਲੀ, ਪਰ ਇਹ ਯਕੀਨੀ ਹੈ ਕਿ ”ਗੋਲਡਨ ਡੋਮ” ਇਕ ਮਹਿੰਗਾ ਪ੍ਰੋਜੈਕਟ ਹੋਵੇਗਾ।
2022 ਵਿੱਚ, ਕੈਨੇਡਾ ਨੇ NORAD ਦੀ ਅਧੁਨੀਕਤਾ ਲਈ 38.6 ਅਰਬ ਡਾਲਰ ਦੀ ਯੋਜਨਾ ਦਾ ਐਲਾਨ ਕੀਤਾ ਸੀ ਜੋ ਅਗਲੇ 20 ਸਾਲਾਂ ਵਿੱਚ ਲਾਗੂ ਹੋਵੇਗੀ।