ਜਲਵਾਯੂ ਵਿਗਾੜ ਭੁੱਖਮਰੀ ਵਿਚ ਕਈ ਗੁਣਾ ਵਾਧਾ ਕਰੇਗਾ

ਲੇਖਕ : ਡਾਕਟਰ ਕੇਸਰ ਸਿੰਘ ਭੰਗੂ
ਅੱਜਕੱਲ੍ਹ ਦੁਨੀਆ ਦੇ ਲਗਭਗ ਸਾਰੇ ਦੇਸ਼ ਅਤੇ ਦੁਨੀਆ ਭਰ ਦੀਆਂ ਅਨੇਕਾਂ ਸੰਸਥਾਵਾਂ ਜਲਵਾਯੂ ਤਬਦੀਲੀਆਂ,ਇਨ੍ਹਾਂ ਤਬਦੀਲੀਆਂ ਕਾਰਨ ਹੋਏ ਵਿਗਾੜਾਂ ਅਤੇ ਪਲੀਤ ਹੋਏ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਉਪਰਾਲੇ ਅਤੇ ਜੱਦੋ-ਜਹਿਦ ਕਰ ਰਹੀਆਂ ਹਨ ਪਰ ਜਲਵਾਯੂ ਅਤੇ ਵਾਤਾਵਰਨ ਨੂੰ ਸੰਭਾਲਣ ਅਤੇ ਬਚਾਉਣ ਦੇ ਇਨ੍ਹਾਂ ਉਪਰਾਲਿਆਂ ਨੂੰ ਹੁਣ ਤੱਕ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਕਿਸੇ ਕਿਸਮ ਦੇ ਕਾਰਗਰ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ। ਇਹ ਜ਼ਰੂਰ ਵੇਖਣ ‘ਚ ਆਇਆ ਹੈ ਕਿ ਸੰਸਾਰ ਪੱਧਰ ‘ਤੇ ਵਾਤਾਵਰਨ ਅਤੇ ਜਲਵਾਯੂ ‘ਚ ਵਿਗਾੜ ਅਤੇ ਤਬਦੀਲੀਆਂ ਲਗਭਗ ਹਰ ਦੇਸ਼ ‘ਚ ਹਰ ਚੀਜ਼ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਖ਼ਾਸ ਕਰਕੇ ਇਹ ਵਿਗਾੜ ਸਾਡੀਆਂ ਭੋਜਨ ਪ੍ਰਣਾਲੀਆਂ, ਭਾਵ ਭੋਜਨ ਪੈਦਾ ਕਰਨ ਦੇ ਤਰੀਕਿਆਂ ਤੋਂ ਲੈ ਕੇ ਖਪਤ ਤੱਕ ਉੱਪਰ ਬਹੁਤ ਮਾੜੇ ਪ੍ਰਭਾਵ ਪਾਉਂਦੇ ਸਾਫ਼ ਦਿਖਾਈ ਦੇ ਰਹੇ ਹਨ। ਇਸ ਦਾ ਸਿੱਧਾ ਅਤੇ ਸਪੱਸ਼ਟ ਮਤਲਬ ਹੈ ਕਿ ਜਿਹੜੇ ਦੇਸ਼ ਮੁੱਖ ਤੌਰ ‘ਤੇ ਖੇਤੀਬਾੜੀ ਅਤੇ ਭੋਜਨ ਪੈਦਾ ਕਰਨ ਵਾਲੇ ਕੰਮਾਂਕਾਰਾਂ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਨਿਰਭਰ ਹਨ, ਉਹ ਦੇਸ਼ ਇਨ੍ਹਾਂ ਵਿਗਾੜਾਂ ਦੇ ਵਧੇਰੇ ਮਾੜੇ ਪ੍ਰਭਾਵ ਝੱਲ ਰਹੇ ਹਨ ਅਤੇ ਉਨ੍ਹਾਂ ਨੂੰ ਭਵਿੱਖ ‘ਚ ਹੋਰ ਵੀ ਵਧੇਰੇ ਪ੍ਰਭਾਵ ਝੱਲਣੇ ਪੈਣਗੇ। ਇਹ ਇਕ ਮਹੱਤਵਪੂਰਨ ਗੱਲ ਹੈ ਕਿ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਨੂੰ ਗਹਿਰਾ ਕਰਨ ‘ਚ ਅਮੀਰ ਦੇਸ਼ਾਂ ਅਤੇ ਅਮੀਰ ਲੋਕਾਂ ਦਾ ਵਧੇਰੇ ਹਿੱਸਾ ਹੈ, ਪਰ ਇਸ ਦਾ ਖਮਿਆਜ਼ਾ ਦੁਨੀਆ ਦੇ ਗ਼ਰੀਬ ਦੇਸ਼ਾਂ ਅਤੇ ਗ਼ਰੀਬ ਲੋਕਾਂ ਨੂੰ ਵਧੇਰੇ ਭੁਗਤਣਾ ਪੈ ਰਿਹਾ ਹੈ। ਭਵਿੱਖ ‘ਚ ਇਹ ਹੋਰ ਵੀ ਭੁਗਤਣਾ ਪਵੇਗਾ, ਕਿਉਂਕਿ ਜਿਸ ਕਿਸਮ ਦੇ ਤਰੀਕੇ ਅਪਣਾ ਕੇ ਦੁਨੀਆ ਭਰ ‘ਚ ਪਿਛਲੇ ਸਮਿਆਂ ‘ਚ ਵਿਕਾਸ ਕੀਤਾ ਗਿਆ ਹੈ, ਉਸ ਨੇ ਸਿੱਧਮ-ਸਿੱਧਾ ਜਲਵਾਯੂ ‘ਚ ਬਹੁਤ ਸਾਰੇ ਵਿਗਾੜ ਪੈਦਾ ਕੀਤੇ ਹਨ। ਵਿਕਾਸ ਲਈ ਦੁਨੀਆ ਭਰ ‘ਚ ਕੁਦਰਤੀ ਸੋਮਿਆਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ ਹੈ ਅਤੇ ਕੀਤੀ ਜਾ ਰਹੀ ਹੈ, ਜਿਸ ਨਾਲ ਦਰਿਆਵਾਂ, ਸਮੁੰਦਰਾਂ, ਪਾਣੀ ਦੇ ਹੋਰ ਸੋਮੇਂ ਤੇ ਹਵਾ ਦੂਸ਼ਿਤ ਹੋਈ ਹੈ, ਨਾਲ ਹੀ ਜੰਗਲਾਂ ਦੀ ਵੱਡੇ ਪੱਧਰ ‘ਤੇ ਕਟਾਈ ਅਤੇ ਖੇਤੀਬਾੜੀ ਕਰਨ ਦੇ ਢੰਗ-ਤਰੀਕਿਆਂ ਨੇ ਵੀ ਵਾਤਾਵਰਨ ਨੂੰ ਖ਼ਰਾਬ ਕੀਤਾ ਹੈ। ਵਾਤਾਵਰਨ ਦੀ ਸੰਭਾਲ ਦੀ ਅਣਹੋਂਦ ਅਤੇ ਘਾਟ ਨੇ ਵੀ ਇਸ ਨੂੰ ਹੋਰ ਗਹਿਰਾਇਆ ਹੈ। ਭਾਰਤ ਵੀ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਤੋਂ ਬਚ ਨਹੀਂ ਸਕਿਆ ਅਤੇ ਇਨ੍ਹਾਂ ਤਬਦੀਲੀਆਂ ਨੇ ਪਾਣੀ, ਹਵਾ ਅਤੇ ਕੁਦਰਤ ਦੇ ਹੋਰ ਸੋਮਿਆਂ ਨੂੰ ਬਹੁਤ ਪਲੀਤ ਕੀਤਾ ਹੈ।
ਭਾਰਤ ਦੁਨੀਆ ਦਾ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਇਹ ਵੱਡੀ ਅਤੇ ਵਧ ਰਹੀ ਅਰਥਵਿਵਸਥਾ ਹੈ, ਜਿਸ ਕੋਲ ਦੁਨੀਆ ਦਾ ਸਭ ਤੋਂ ਵੱਡਾ ਵਾਹੀਯੋਗ/ਖੇਤੀਯੋਗ ਜ਼ਮੀਨੀ ਖੇਤਰ ਹੈ। ਖੇਤੀਬਾੜੀ ਭਾਰਤੀ ਲੋਕਾਂ ਦੀ ਰੋਜ਼ੀ-ਰੋਟੀ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਖੇਤੀਬਾੜੀ ਖੇਤਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ‘ਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਵੇਲੇ ਦੇਸ਼ ਭੋਜਨ ਦੀ ਅਤਿਅੰਤ ਘਾਟ ਵਾਲੇ ਦੇਸ਼ਾਂ ‘ਚ ਸ਼ਾਮਿਲ ਸੀ, ਪਰ ਹੌਲੀ-ਹੌਲੀ ਖੇਤੀ ਖੇਤਰ ‘ਚ ਸੁਧਾਰਾਂ ਨਾਲ ਖੇਤੀ ਉਤਪਾਦਨ ਅਤੇ ਉਤਪਾਦਕਤਾ ‘ਚ ਵਾਧਾ ਹੋਣ ਨਾਲ ਦੇਸ਼ ਖੁਰਾਕ ਸੁਰੱਖਿਆ ਪ੍ਰਦਾਨ ਕਰਨ ਵਾਲੇ ਦੇਸ਼ਾਂ ‘ਚ ਸ਼ਾਮਿਲ ਹੋ ਗਿਆ। ਇਸ ਦੇ ਬਾਵਜੂਦ ਵੀ ਦੇਸ਼ ‘ਚ ਬੱਚਿਆਂ, ਔਰਤਾਂ ਅਤੇ ਗ਼ਰੀਬਾਂ ਦੀ ਪੌਸ਼ਟਿਕ ਅਤੇ ਸਹੀ ਗੁਣਵੱਤਾ ਵਾਲੇ ਭੋਜਨ ਤੱਕ ਵਿਆਪਕ ਪਹੁੰਚ ਦੀ ਘਾਟ ਨੇ ਸਿਹਤ-ਸੰਬੰਧਿਤ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਜਨਮ ਦਿੱਤਾ ਹੈ। ਜਿਵੇਂ ਕਿ ਭਾਰਤ ‘ਚ ਦੁਨੀਆ ਦੇ ਸਭ ਤੋਂ ਵੱਧ ਕੁਪੋਸ਼ਿਤ ਬੱਚੇ ਵੇਖਣ ਨੂੰ ਮਿਲਦੇ ਹਨ, ਨਾਲ ਹੀ ਵੱਡੀ ਗਿਣਤੀ ‘ਚ ਅਤਿ ਗ਼ਰੀਬ ਆਬਾਦੀ ਲਈ ਖੁਰਾਕ ਸੁਰੱਖਿਆ ਵੀ ਯਕੀਨੀ ਨਹੀਂ ਹੈ। ਇਨ੍ਹਾਂ ਸਭ ਦੇ ਵਿਚਕਾਰ, ਜਲਵਾਯੂ ਪਰਿਵਰਤਨ ਦੇ ਵਿਆਪਕ ਮਾੜੇ ਪ੍ਰਭਾਵ ਇਨ੍ਹਾਂ ਅਲਾਮਤਾਂ ਨੂੰ ਹੋਰ ਗਹਿਰਾ ਕਰ ਰਹੇ ਹਨ ਅਤੇ ਵਧੇਰੇ ਟਿਕਾਊ ਅਤੇ ਬਰਾਬਰ ਭੋਜਨ ਵੰਡ ਪ੍ਰਣਾਲੀਆਂ ‘ਚ ਰੁਕਾਵਟਾਂ ਵੀ ਖੜ੍ਹੀਆਂ ਕਰ ਰਹੇ ਹਨ। ਇਸ ਸੰਦਰਭ ‘ਚ ਦੇਸ਼ ‘ਚ ਵਾਤਾਵਰਨ ਤਬਦੀਲੀਆਂ ਦੇ ਵਿਗਾੜਾਂ ਖ਼ਾਸ ਕਰਕੇ ਖੇਤੀ ਜਿਣਸਾਂ ਦੇ ਉਤਪਾਦਨ ‘ਚ ਘਾਟ, ਭੁੱਖਮਰੀ ਦੀ ਸਥਿਤੀ ਨੂੰ ਜਾਣਨ ਲਈ ਅਤੇ ਇਨ੍ਹਾਂ ਪ੍ਰਭਾਵਾਂ ਨੂੰ ਘਟਾਉਣ ਲਈ, ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ (96ਫ੍ਰ9) ਦੀਆਂ ਰਿਪੋਰਟਾਂ ਅਤੇ ਇਸ ਸੰਬੰਧੀ ਹੋਰ ਰਿਪੋਰਟਾਂ ਉੱਤੇ ਨਿਗ੍ਹਾ ਮਾਰਨੀ ਚਾਹੀਦੀ ਹੈ ਤਾਂ ਕਿ ਜਲਵਾਯੂ ਤਬਦੀਲੀਆਂ, ਖੇਤੀ ਉਤਪਾਦਨ ਅਤੇ ਭੁੱਖਮਰੀ ਸੰਬੰਧੀ ਬਦਲ ਰਹੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ।
ਹਥਲੇ ਲੇਖ ‘ਚ ਇਨ੍ਹਾਂ ਰਿਪੋਰਟਾਂ ‘ਚ ਜਲਵਾਯੂ ਅਤੇ ਵਾਤਾਵਰਨ ਤਬਦੀਲੀਆਂ ਅਤੇ ਵਿਗਾੜਾਂ ਦੇ ਖੇਤੀ ਖੇਤਰ ਅਤੇ ਅੰਨ ਸੁਰੱਖਿਆ ਤੇ ਭੁੱਖਮਰੀ ‘ਤੇ ਕੀ ਪ੍ਰਭਾਵ ਪੈਣ ਦੀਆਂ ਪੇਸ਼ੀਨਗੋਈਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਵਿਗਾੜਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਕੀ ਕੀਤਾ ਜਾਵੇ ਦੇ ਵਿਸ਼ੇ ‘ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਖੇਤੀਬਾੜੀ ਖੇਤਰ ਅਤੇ ਖੇਤੀ ਜਿਣਸਾਂ ਦੇ ਉਤਪਾਦਨ ਉੱਤੇ ਜਲਵਾਯੂ ਪਰਿਵਰਤਨ ਸਭ ਤੋਂ ਵੱਧ ਮਾੜੇ ਪ੍ਰਭਾਵ ਪਾਉਂਦੇ ਨਜ਼ਰ ਆਉਂਦੇ ਹਨ। ਇਨ੍ਹਾਂ ਮਾੜੇ ਪ੍ਰਭਾਵਾਂ ‘ਚ ਮੁੱਖ ਤੌਰ ‘ਤੇ, ਮਿੱਟੀ ਦੀ ਉਪਜਾਊ ਸ਼ਕਤੀ ਦਾ ਘਟਣਾ, ਖੇਤੀ ਉਪਜ ਦੀ ਉਤਪਾਦਕਤਾ ਘਟਣਾ ਤੇ ਕੀੜਿਆਂ ਅਤੇ ਹੋਰ ਚੁਣੌਤੀਆਂ ਦੇ ਵਧਦੇ ਹੋਏ ਖ਼ਤਰੇ, ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋਣਾ ਅਤੇ ਖ਼ਤਮ ਹੋ ਜਾਣਾ ਅਤੇ ਵਪਾਰਕ ਅਤੇ ਹੋਰ ਕੰਮਾਂ ਲਈ ਖੇਤੀਬਾੜੀ ਹੇਠਲੀ ਜ਼ਮੀਨ ਦਾ ਵੱਡੇ ਪੱਧਰ ‘ਤੇ ਤਬਦੀਲ ਹੋਣਾ ਆਦਿ ਹਨ। ਗਲੋਬਲ ਫੂਡ ਪਾਲਿਸੀ ਦੇ ਅੰਦਾਜ਼ਿਆਂ ਅਨੁਸਾਰ ਵਿਸ਼ਵ ਪੱਧਰ ‘ਤੇ 2050 ਤੱਕ ਭੋਜਨ ਉਤਪਾਦਨ 8 ਪ੍ਰਤੀਸ਼ਤ ਘਟਣ ਦੇ ਖ਼ਦਸ਼ੇ ਪ੍ਰਗਟਾਏ ਗਏ ਹਨ। ਭਾਰਤ ‘ਚ ਕੁੱਲ ਭੋਜਨ ਉਤਪਾਦਨ ‘ਚ 16 ਪ੍ਰਤੀਸ਼ਤ ਦੀ ਕਮੀ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਕਿ ਦੱਖਣੀ ਏਸ਼ਿਆਈ ਖੇਤਰ ‘ਚ ਸਭ ਤੋਂ ਵੱਧ ਹੈ। ਦੂਜੇ ਦੇਸ਼ਾਂ ‘ਚ, ਸੰਯੁਕਤ ਰਾਜ ਅਮਰੀਕਾ ਲਈ ਅਨੁਮਾਨ 34 ਪ੍ਰਤੀਸ਼ਤ, ਆਸਟ੍ਰੇਲੀਆ ਲਈ 18 ਪ੍ਰਤੀਸ਼ਤ, ਜਾਪਾਨ ਲਈ 17 ਪ੍ਰਤੀਸ਼ਤ, ਬਰਤਾਨੀਆ ਲਈ 7 ਪ੍ਰਤੀਸ਼ਤ ਅਤੇ ਚੀਨ ਲਈ 5 ਪ੍ਰਤੀਸ਼ਤ ਉਤਪਾਦਨ ਘਟਣ ਦਾ ਅਨੁਮਾਨ ਹੈ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਖੇਤੀ ਜਿਣਸਾਂ ਦੀ ਪੈਦਾਵਾਰ ਘੱਟਣ ਕਾਰਨ ਦੁਨੀਆ ‘ਚ ਖ਼ੁਰਾਕ ਸੁਰੱਖਿਆ ਨੂੰ ਢਾਹ ਲੱਗੇਗੀ, ਖ਼ਾਸ ਕਰਕੇ ਗ਼ਰੀਬ ਲੋਕਾਂ ਅਤੇ ਗ਼ਰੀਬ ਦੇਸ਼ਾਂ ‘ਚ ਪੌਸ਼ਟਿਕ ਭੋਜਨ ਅਤੇ ਲੋੜੀਂਦਾ ਭੋਜਨ ਪਹੁੰਚ ਤੋਂ ਬਾਹਰ ਹੋ ਜਾਵੇਗਾ। ਅਜਿਹੀ ਸਥਿਤੀ ‘ਚ ਇਹ ਸੁਭਾਵਿਕ ਹੈ ਕਿ ਵਪਾਰੀ ਅਤੇ ਕਾਰਪੋਰੇਟ ਘਰਾਣੇ ਆਪਣੇ ਮੁਨਾਫ਼ੇ ਲਈ ਖੇਤੀ ਜਿਣਸਾਂ ਦੀ ਜ਼ਖੀਰੇਬਾਜ਼ੀ ਅਤੇ ਕਾਲਾਬਾਜ਼ਾਰੀ ਕਰਨ ਤੋਂ ਸੰਕੋਚ ਨਹੀਂ ਕਰਨਗੇ। ਨਤੀਜੇ ਵਜੋਂ ਸੰਸਾਰ ਪੱਧਰ ‘ਤੇ ਭੁੱਖਮਰੀ ਦੀ ਕਗਾਰ ‘ਤੇ ਖੜ੍ਹੇ ਲੋਕਾਂ ਦੀ ਗਿਣਤੀ ‘ਚ ਵਾਧਾ ਹੋਵੇਗਾ।
ਅੰਦਾਜ਼ਿਆਂ ਮੁਤਾਬਿਕ 2030 ਤੱਕ ਵਿਸ਼ਵ ਪੱਧਰ ‘ਤੇ, ਲਗਭਗ 6.5 ਕਰੋੜ ਹੋਰ ਲੋਕ ਜਲਵਾਯੂ ਪਰਿਵਰਤਨ ਦੇ ਵਿਗਾੜਾਂ ਕਾਰਨ ਭੁੱਖਮਰੀ ਦੇ ਖ਼ਤਰੇ ‘ਚ ਚਲੇ ਜਾਣਗੇ। ਆਲਮੀ ਜਲਵਾਯੂ ਤਬਦੀਲੀ-ਪ੍ਰੇਰਿਤ ਭੁੱਖਮਰੀ ਦੇ ਜੋਖ਼ਮ ‘ਚ ਪਹੁੰਚਣ ਵਾਲੇ ਦੇਸ਼ਾਂ ਦੀ ਗਿਣਤੀ ‘ਚ ਦੱਖਣੀ ਏਸ਼ੀਆ, ਭਾਰਤ ਸਮੇਤ, ਸਭ ਤੋਂ ਉੱਪਰ ਹੈ। ਸਾਡੇ ਦੇਸ਼ ‘ਚ ਸਾਰੀ ਦੁਨੀਆ ਤੋਂ ਵੱਧ ਲਗਭਗ 1.7 ਕਰੋੜ ਹੋਰ ਲੋਕ ਭੁੱਖਮਰੀ ਦੀ ਕਗਾਰ ‘ਤੇ ਪਹੁੰਚ ਜਾਣਗੇ, ਦੂਜੇ ਸਥਾਨ ‘ਤੇ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ‘ਚ 48 ਲੱਖ ਵਾਧੂ ਲੋਕ ਭੁੱਖਮਰੀ ਦੇ ਖ਼ਤਰੇ ‘ਚ ਚਲੇ ਜਾਣਗੇ। ਇੱਥੇ ਹੀ ਬਸ ਨਹੀਂ ਇਹ ਵੀ ਅੰਦਾਜ਼ੇ ਲਗਾਏ ਗਏ ਹਨ ਕਿ ਜੇਕਰ ਜਲਵਾਯੂ ਤਬਦੀਲੀਆਂ ਅਤੇ ਵਿਗਾੜ ਪੈਦਾ ਤਾਂ ਭਾਰਤ ‘ਚ 2030 ਤੱਕ ਭੁੱਖਮਰੀ ਦੀ ਕਗਾਰ ‘ਤੇ ਖੜ੍ਹੇ ਲੋਕਾਂ ਦੀ ਗਿਣਤੀ 7.39 ਕਰੋੜ ਰਹਿਣੀ ਸੀ, ਪਰ 2050 ਤੱਕ ਘਟ ਕੇ 4.5 ਕਰੋੜ ਰਹਿ ਜਾਣੀ ਸੀ। ਜੇਕਰ ਜਲਵਾਯੂ ਤਬਦੀਲੀਆਂ ਅਤੇ ਵਿਗਾੜ ਇਵੇਂ ਹੀ ਜਾਰੀ ਰਹਿਦੇ ਹਨ ਤਾਂ 2030 ‘ਚ ਭਾਰਤ ‘ਚ ਭੁੱਖਮਰੀ ਦੀ ਕਗਾਰ ‘ਤੇ ਖੜ੍ਹੇ ਲੋਕਾਂ ਦੀ ਗਿਣਤੀ 9.06 ਕਰੋੜ ਹੋ ਜਾਵੇਗੀ। ਇਹ ਸਪੱਸ਼ਟ ਹੈ ਕਿ ਜਲਵਾਯੂ ਪਰਿਵਰਤਨ ਅਤੇ ਵਿਗਾੜ ਵਿਸ਼ਵ ਪੱਧਰ ‘ਤੇ ਕੁੱਲ ਭੋਜਨ ਉਤਪਾਦਨ ‘ਚ ਬਦਲਾਅ ਲਿਆ ਸਕਦੇ ਹਨ। ਨਾਲ ਹੀ ਇਹ ਵਰਨਣਯੋਗ ਹੈ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਲੰਬੇ ਸਮੇਂ ਤੱਕ ਚੱਲਣ ਵਾਲੇ ਹਨ। ਜੇਕਰ ਜਲਵਾਯੂ ਤਬਦੀਲੀਆਂ ਦੇ ਮਾੜੇ ਪ੍ਰਭਾਵਾਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਕਰੋੜਾਂ ਲੋਕ ਖ਼ਾਸ ਕਰਕੇ ਗ਼ਰੀਬ ਭੁੱਖਮਰੀ ਅਤੇ ਮੌਤ ਦੇ ਖ਼ਤਰੇ ‘ਚ ਪੈ ਜਾਣਗੇ ।
ਹੁਣ ਅੰਤ ‘ਚ ਜੇ ਗੱਲ ਕਰੀਏ ਤਾਂ ਰਿਪੋਰਟਾਂ ਨੇ ਜਲਵਾਯੂ ਤਬਦੀਲੀਆਂ ਅਤੇ ਵਿਗਾੜਾਂ ਦੇ ਕੁਝ ਪ੍ਰਮੁੱਖ ਕਾਰਨ ਦੱਸੇ ਹਨ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਕੁਝ ਸੁਝਾਅ ਵੀ ਦਿੱਤੇ ਹਨ। ਜਲਵਾਯੂ ਪਰਿਵਰਤਨ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਕਾਰਨਾਂ ‘ਚ ਮੱਧਮ ਅਤੇ ਅਤਿਅੰਤ ਤਾਪਮਾਨਾਂ ‘ਚ ਵਾਧਾ ਅਤੇ ਇਸ ਰੁਝਾਨ ਦੇ ਜਾਰੀ ਰਹਿਣ ਦੀ ਉੱਚੀਆਂ ਸੰਭਾਵਨਾਵਾਂ ਹਨ। ਹਿਮਾਲਿਅਨ ਗਲੇਸ਼ੀਅਰਾਂ ਪਿਘਲਣ ਦੀ ਬੇਮਿਸਾਲ ਦਰ ਅਤੇ ਗਰਮੀ ਵਧਣ ਅਤੇ ਵਧੀ ਹੋਈ ਔਸਤ ਵਰਖਾ ਕਾਰਨ ਮੌਨਸੂਨ ਦੀਆਂ ਤਬਾਹੀ ਵਾਲੀਆਂ ਬਾਰਿਸ਼ਾਂ ਵਿਚ ਵਾਧਾ ਹੋ ਰਿਹਾ ਹੈ। ਜਲਵਾਯੂ ਪਰਿਵਰਤਨ ਅਤੇ ਵਿਗਾੜਾਂ ਦੇ ਇਨ੍ਹਾਂ ਖ਼ਤਰਿਆਂ ਦੇ ਭਵਿੱਖ ‘ਚ ਹੋਰ ਵਧਣ ਅਤੇ ਗਹਿਰੇ ਹੋਣ ਦਾ ਅਨੁਮਾਨ ਹੈ। ਰਿਪੋਰਟਾਂ ਦੇ ਅਨੁਸਾਰ, 2100 ਤੱਕ ਪੂਰੇ ਭਾਰਤ ‘ਚ ਔਸਤ ਤਾਪਮਾਨ 2.4 ਡਿਗਰੀ ਸੈਲਸੀਅਸ ਅਤੇ 4.4 ਡਿਗਰੀ ਸੈਲਸੀਅਸ ਦੇ ਵਿਚਕਾਰ ਵਧਣ ਦਾ ਅਨੁਮਾਨ ਹੈ। ਇਸੇ ਤਰ੍ਹਾਂ, ਭਾਰਤ ‘ਚ 2100 ਤੱਕ ਗਰਮੀ ਦੀਆਂ ਲਹਿਰਾਂ ‘ਚ ਤਿੰਨ ਗੁਣਾ ਜਾਂ ਚਾਰ ਗੁਣਾ ਵਾਧਾ ਹੋਣ ਦਾ ਵੀ ਅਨੁਮਾਨ ਹੈ। ਜਲਵਾਯੂ ਪਰਿਵਰਤਨ ਅਤੇ ਵਿਗਾੜਾਂ ਦੇ ਇਨ੍ਹਾਂ ਪ੍ਰਭਾਵਾਂ ਦਾ ਅਧਿਐਨ ਕਰਨ ਤੋਂ ਬਾਅਦ, ਰਿਪੋਰਟਾਂ ਇਨ੍ਹਾਂ ਪ੍ਰਭਾਵਾਂ ਨੂੰ ਕੁਝ ਘਟਾਉਣ ਵਾਲੇ ਉਪਾਵਾਂ ਦਾ ਪ੍ਰਸਤਾਵ ਵੀ ਕਰਦੀਆਂ ਹਨ। ਫ਼ਸਲੀ ਵੰਨ-ਸੁਵੰਨਤਾ ਨੂੰ ਅਪਣਾਉਣਾ ਸਭ ਤੋਂ ਮਹੱਤਵਪੂਰਨ ਹੱਲ ਸੁਝਾਇਆ ਗਿਆ ਹੈ। ਖੇਤੀਬਾੜੀ ‘ਚ ਉਹ ਫ਼ਸਲਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ, ਜੋ ਜਲਵਾਯੂ ਉੱਤੇ ਮਾੜਾ ਪ੍ਰਭਾਵ ਨਾ ਪਾਉਂਦੀਆਂ ਹੋਣ। ਨਾਲ ਹੀ ਖੇਤੀਬਾੜੀ ਖੋਜ ਅਤੇ ਵਿਕਾਸ ‘ਚ ਜਨਤਕ ਨਿਵੇਸ਼ ਵਧਾਉਣਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਭਾਰਤ ‘ਚ ਖੇਤੀਬਾੜੀ ‘ਚ ਜਨਤਕ ਨਿਵੇਸ਼ ਨਿਗੂਣਾ ਹੈ, ਇਸ ਨੂੰ ਵਧਾਉਣਾ ਸਮੇਂ ਦੀ ਲੋੜ ਹੈ।
ਖੇਤੀ ਮਸ਼ੀਨੀਕਰਨ ਅਤੇ ਮਿੱਟੀ ਦੀ ਨਮੀ ਦੀ ਸੰਭਾਲ ਨੂੰ ਫੌਰੀ ਅਤੇ ਤਰਜੀਹੀ ਆਧਾਰ ‘ਤੇ ਅਪਣਾਉਣਾ ਚਾਹੀਦਾ ਹੈ। ਖਾਦ ਸਬਸਿਡੀਆਂ, ਊਰਜਾ ਨੀਤੀ ਅਤੇ ਖੇਤੀਬਾੜੀ ਸਹਾਇਤਾ ਵਿਧੀਆਂ ‘ਚ ਸੁਧਾਰਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਭੋਜਨ ਪ੍ਰਣਾਲੀ ਦੇ ਸਹੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਨਵੀਆਂ ਸੰਸਥਾਵਾਂ ਦੀ ਸਥਾਪਨਾ ਸਮੇਂ ਦੀ ਲੋੜ ਹੈ ਅਤੇ ਮਹਾਂਮਾਰੀਆਂ ਦੌਰਾਨ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੁਆਰਾ ਪ੍ਰਦਰਸ਼ਿਤ ਲਚਕਤਾ ਦਾ ਲਾਭ ਉਠਾਉਣਾ ਅਤੇ ਇਸ ਸੈਕਟਰ ਨੂੰ ਵਧੇਰੇ ਸੰਮਿਲਤ, ਟਿਕਾਊ ਅਤੇ ਲਚਕੀਲਾ ਬਣਾਉਣਾ ਬਹੁਤ ਮਹੱਤਵਪੂਰਨ ਹੈ।

 

Exit mobile version