ਕੈਸਾ ਖੇਲ

 

ਲੱਗਦੈ ਸਾਡੇ ਪੀ ਐਮ ਜੀ ਨੇ, ਕਰੀ ਜਾਣ ਦੀ ਤਿਆਰੀ।
ਲੱਭਦਾ ਨਹੀਉਂ ਝੋਲ੍ਹਾ ਲਗਦੀ, ਜਿਸ ਕਰਕੇ ਦੇਰੀ ਸਾਰੀ।
ਕਿਹੋ ਜਿਹਾ ਉਹ ਕਿਹੜੇ ਰੰਗ ਦਾ,ਕਦੇ ਵੀ ਨਹੀਂ ਵਿਖਾਯਾ।
ਐਸਾ ਤਾਂ ਨਹੀ ਸੱਤ ਜਿੰਦਿਆ ਵਿੱਚ,ਹੋਣਾ ਕਿਤੇ ਲੁਕਾਯਾ।
ਏਹ ਝੋਲ੍ਹੇ ਚੋਂ ਨੋਟ ਬੰਦੀ ਦਾ, ਭੂਤ ਗਿਆ ਸੀ ਛੱਡਿਆ।
ਭੋਲੀ ਭਾਲੀ ਜੰਤਾ ਦਾ ਸੀ, ਜਿਸ ਕਚੂੰਮਰ ਕੱਢਿਆ।
ਅਗਲਾ ਭੂਤ ਕੋਰੋਨਾ ਨਾਉਂ ਦਾ,ਉਸ ਨੇ ਕਹਿਰ ਮਚਾਯਾ।
ਮੱਚੀ ਹਾਲ ਦੁਹਾਈ ਸਭ ਥਾਂ, ਏਹ ਕਾਬੂ ਨਾ ਆਇਆ।
ਲੱਖਾਂ ਜਾਨਾਂ ਸੀ ਜੋ ਕੀਮਤੀ, ਭੇਂਟ ਏਸ ਦੀ ਚੜ੍ਹੀਆਂ।
ਜਗਾ ਵੀ ਮਿਲਨੀ ਹੋਈ ਮੁਸ਼ਕਲ, ਲਾਸ਼ਾਂ ਨੂੰ ਵਿੱਚ ਮੜ੍ਹੀਆਂ
ਤੀਜਾ ਭੂਤ ਕਰੋਨਾ ਵੇਲੇ, ਝੋਲ੍ਹਿਉਂ ਬਾਹਰ ਆਇਆ।
ਅੰਨਦਾਤੇ ਨੂੰ ਪਾਈ ਬਿਪਤਾ, ਐਸਾ ਖੇਲ ਰਚਾਇਆ।
ਅੱਖ ਜ਼ਮੀਨਾਂ ਉੱਤੇ ਸੀ, ਉਦਯੋਗਪਤੀਆਂ ਦੀ ਗਹਿਰੀ।
ਟੱਸ ਤੋਂ ਮੱਸ ਸਰਕਾਰ ਨਾ ਹੋਵੇ,ਬਣ ਕੇ ਬਹਿ ਗਈ ਵੈਰੀ।
ਸਾਲ ਤੋਂ ਉਪਰ ਅੰਨਦਾਤੇ ਨੇ, ਕੀਤਾ ਪਿੱਟ ਸਿਆਪਾ।
ਨਹੀਂ ਦਿਆਂਗੇ ਖੋਹਣ ਜ਼ਮੀਨਾਂ, ਵਾਰ ਦਿਆਂਗੇ ਆਪਾ।
ਕਾਲੇ ਤਿੰਨ ਕਾਨੂੰਨ ਸੀ ਆਖਰ, ਵਾਪਸ ਲੈਣੇ ਪੈ ਗਏ।
ਜਿੰਨ੍ਹਾਂ ਪਿੱਛੇ ਸੱਤ ਸੋ ਯੋਧੇ, ਰੱਬ ਦੇ ਘਰ ਜਾ ਬਹਿ ਗਏ।
ਕੀ ਕੀ ਦੱਸੀਏ ਤੁਸੀਂ ਦੇਸ਼ ਦਾ, ਕਿਵੇਂ ਨਾਸ਼ ਹੈ ਕੀਤਾ।
ਅੱਖੀ ਵੇਖ ਲਉ ਮੰਹਿਗਾਈ ਨੇ, ਖੂਨ ਕਿਵੇਂ ਹੈ ਪੀਤਾ।
ਬਹੁਤ ਹੋ ਗਿਆ ਪੀ.ਐਮ ਜੀ ਹੁਣ, ਝੋਲ੍ਹਾ ਝੱਟ ਉਠਾਓ।
ਆਖੇ’ਬੁਜਰਕ’ ਸੁਖ ਸਾਂਦ ਨਾਲ,ਆਪਣੇ ਘਰ ਨੂੰ ਜਾਓ।
ਮਿਲੇ ਦੇਸ਼ ਨੂੰ ਚੰਗਾ ਲੀਡਰ, ਕਰੀਏ ਇਹੋ ਦੁਆਵਾਂ।
ਜੰਤਾ ਨੂੰ ਮੁੜ ਪਾਉਣ ਨਾ ਘੇਰਾ, ਉਪਰ ਜਿਹੀਆ ਬਲਾਵਾਂ।

ਲੇਖਕ : ਹਰਮੇਲ ਸਿੰਘ ਧੀਮਾਨ

 

Exit mobile version