ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਇਨਫਲੂਐਂਜ਼ਾ ਏ (H3N2) ਦਾ ਨਵਾਂ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਹੈਲਥ ਕੈਨੇਡਾ ਮੁਤਾਬਕ ਦੇਸ਼ ਭਰ ਵਿੱਚ ਫਲੂ ਗਤੀਵਿਧੀਆਂ ਦੇ ਸਾਰੇ ਰਿਕਾਰਡ ਤੇਜ਼ੀ ਨਾਲ ਵਧ ਰਹੇ ਹਨ। ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਹੀ 6,799 ਫਲੂ ਮਾਮਲੇ ਸਾਹਮਣੇ ਆਏ ਤੇ ਦੇਸ਼ ਭਰ ਵਿੱਚ 91 ਆਊਟਬ੍ਰੇਕ ਹੋਏ। ਪੌਜ਼ੀਟਿਵ ਟੈਸਟਾਂ ਵਿੱਚ ਪਿਛਲੇ ਹਫ਼ਤੇ ਨਾਲੋਂ 20.2 ਫੀਸਦੀ ਵਾਧਾ ਹੋਇਆ। ਹਸਪਤਾਲਾਂ ਵਿੱਚ ਦਾਖਲੇ ਵੀ ਵਧੇ ਹਨ ਜੋ ਕਿ ਪ੍ਰਤੀ ਲੱਖ ਵਿੱਚ 3.6 ਮਰੀਜ਼ ਦੇ ਕਰੀਬ ਪਹੁੰਚ ਗਏ ਹਨ। ਪ੍ਰਮੁੱਖ ਸਟ੍ਰੇਨ H3N2 ਹੈ, ਜਿਸ ਵਿੱਚ ਸਬਕਲੇਡ ਵੀ ਸ਼ਾਮਲ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਸਟ੍ਰੇਨ ਕੈਨੇਡਾ ਤੇ ਅਮਰੀਕਾ ਵਿੱਚ ਵੱਧ ਫੈਲ ਰਿਹਾ ਹੈ। ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ ਜਿਨ੍ਹਾਂ ‘ਚ 19 ਸਾਲ ਤੋਂ ਘੱਟ ਉਮਰ ਵਾਲਿਆਂ ਵਿੱਚ ਜ਼ਿਆਦਾਤਰ ਮਾਮਲੇ ਮਿਲੇ ਹਨ। ਓਟਾਵਾ ਵਿੱਚ ਪੰਜ ਤੋਂ ਨੌਂ ਸਾਲ ਦੀ ਉਮਰ ਦੇ ਤਿੰਨ ਬੱਚਿਆਂ ਦੀ ਫਲੂ ਏ ਨਾਲ ਜੁੜੀਆਂ ਮੌਤਾਂ ਵੀ ਹੋਈਆਂ ਹਨ। ਸਿਹਤ ਅਧਿਕਾਰੀਆਂ ਨੇ ਛੇ ਮਹੀਨੇ ਤੋਂ ਵੱਧ ਉਮਰ ਵਾਲਿਆਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਚਿਲਡਰਨਜ਼ ਹੌਸਪਿਟਲ ਆਫ਼ ਈਸਟਰਨ ਓਂਟਾਰੀਓ (ਸੀਐੱਚਈਓ) ਨੇ ਕਿਹਾ ਕਿ ਨਵੰਬਰ ਵਿੱਚ ਪਿਛਲੇ ਸਾਲ ਨਾਲੋਂ ਅੱਠ ਗੁਣਾ ਵੱਧ ਬੱਚਿਆਂ ਵਿੱਚ ਫਲੂ ਪੌਜ਼ੀਟਿਵ ਮਿਲਿਆ ਤੇ ਹਸਪਤਾਲ ਵਿੱਚ ਦਾਖਲੇ ਦੁੱਗਣੇ ਹੋਏ। ਹਸਪਤਾਲ ਨੇ ਬਿਆਨ ਵਿੱਚ ਕਿਹਾ, “ਫਲੂ ਸਿਰਫ਼ ਜ਼ੁਕਾਮ ਨਹੀਂ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੱਧ ਖ਼ਤਰਾ ਹੈ ਕਿਉਂਕਿ ਉਨ੍ਹਾਂ ਦੀਆਂ ਸਾਹ ਦੀਆਂ ਨਲੀਆਂ ਛੋਟੀਆਂ ਹਨ ਤੇ ਇਮਿਊਨ ਸਿਸਟਮ ਵਿਕਸਿਤ ਹੋ ਰਿਹਾ ਹੈ। ਸਿਹਤਮੰਦ ਬੱਚੇ ਵੀ ਗੰਭੀਰ ਬੀਮਾਰ ਹੋ ਸਕਦੇ ਹਨ ਤੇ ਸਕੂਲਾਂ ਤੇ ਚਾਈਲਡ ਕੇਅਰ ਵਿੱਚ ਫਲੂ ਤੇਜ਼ੀ ਨਾਲ ਫੈਲਦਾ ਹੈ।” This report was written by Divroop Kaur as part of the Local Journalism Initiative.

